For the best experience, open
https://m.punjabitribuneonline.com
on your mobile browser.
Advertisement

ਲੈਣ-ਦੇਣ ਦਾ ਮਾਮਲਾ: ਮੋਟਰਸਾਈਕਲ ’ਤੇ ਜਾਂਦੇ ਕਿਸਾਨ ’ਤੇ ਹਮਲਾ

07:20 AM Feb 16, 2024 IST
ਲੈਣ ਦੇਣ ਦਾ ਮਾਮਲਾ  ਮੋਟਰਸਾਈਕਲ ’ਤੇ ਜਾਂਦੇ ਕਿਸਾਨ ’ਤੇ ਹਮਲਾ
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 15 ਫਰਵਰੀ
ਚੰਨੂ ਨੇੜੇ ਕੁਝ ਕਾਰ ਸਵਾਰਾਂ ਵੱਲੋਂ ਮੋਟਰਸਾਈਕਲ ’ਤੇ ਜਾਂਦੇ ਕਿਸਾਨ ਜਗਵੀਰ ਸਿੰਘ ’ਤੇ ਫਾਇਰਿੰਗ ਕਰ ਕੇ ਹਮਲਾ ਕਰ ਦਿੱਤਾ। ਗੋਲੀ ਦੇ ਛਰੇ ਕਿਸਾਨ ਦੀ ਲੱਤ ’ਤੇ ਵੱਜੇ ਹਨ। ਘਟਨਾ ਵਿੱਚ ਪਿਸਤੌਲ ਅਤੇ ਬੰਦੂਕ ਨਾਲ ਚਾਰ ਫਾਇਰ ਹੋਣ ਦੇ ਦੋਸ਼ ਹਨ। ਸਿਵਲ ਹਸਪਤਾਲ ਬਾਦਲ ’ਚ ਜ਼ੇਰੇ ਇਲਾਜ ਕਿਸਾਨ ਜਗਵੀਰ ਸਿੰਘ ਨੇ ਦੋਸ਼ ਲਾਇਆ ਕਿ ਕਾਰ ਵਿੱਚ ਸਵਾਰ ਆੜ੍ਹਤੀਏ ਦੇ ਲੜਕੇ ਹੈਰੀ, ਸੰਵੀਰ ਕੁਮਾਰ, ਰਾਜਨ ਅਤੇ ਦੋ ਅਣਪਛਾਤਿਆਂ ਨੇ ਉਸ ਉੱਪਰ ਜਾਨਲੇਵਾ ਹਮਲਾ ਕੀਤਾ ਹੈ। ਪੁਲੀਸ ਸੂਤਰਾਂ ਮੁਤਾਬਕ ਕਿਸਾਨ ਜਗਵੀਰ ਸਿੰਘ ਨੇ ਆੜ੍ਹਤੀਏ ਰਾਜਿੰਦਰ ਕੁਮਾਰ ਨੂੰ ਕਰੀਬ 13.65 ਲੱਖ ਰੁਪਏ ਦਾ ਝੋਨਾ ਵੇਚਿਆ ਸੀ ਜਿਸ ਵਿੱਚੋਂ 12.65 ਲੱਖ ਰੁਪਏ ਦੀ ਅਦਾਇਗੀ ਨਾ ਹੋਣ ’ਤੇ ਉਸਨੇ ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਮੁਕਤਸਰ ਨੂੰ ਸ਼ਿਕਾਇਤ ਕੀਤੀ ਸੀ। ਇਸ ਤਹਿਤ ਡੀਐੱਸਪੀ ਲੰਬੀ ਕੋਲ ਪੜਤਾਲ ਚੱਲ ਰਹੀ ਹੈ।
ਇਸ ਵਿਵਾਦ ਵਿੱਚ ਬੀਤੀ 9 ਫ਼ਰਵਰੀ ਨੂੰ ਆੜ੍ਹਤੀਆ ਰਾਜਿੰਦਰ ਕੁਮਾਰ ਨੀਟਾ ਵਾਸੀ ਬਠਿੰਡਾ ਨੇ ਡੀਐੱਸਪੀ ਲੰਬੀ ਕੋਲ ਪੜਤਾਲ ਤੋਂ ਵਾਪਸ ਬਠਿੰਡਾ ਜਾਂਦੇ ਸਮੇਂ ਕਿਸਾਨ ਜਗਵੀਰ ਸਿੰਘ, ਨਿਰਮਲ ਸਿੰਘ, ਗੁਰਮੀਤ ਅਤੇ 7-8 ਅਣਪਛਾਤਿਆਂ ’ਤੇ ਪਿੰਡ ਬਾਦਲ ਨੇੜੇ ਉਸਦੀ ਕਾਰ ਘੇਰ ਕੇ ਬੇਸਵਾਲ ਤੇ ਕਹੀ-ਦਸਤਿਆਂ ਨਾਲ ਉਸਦੀ ਮਾਰ-ਕੁੱਟ, 45 ਹਜ਼ਾਰ ਰੁਪਏ, ਦੋ ਮੋਬਾਈਲ ਅਤੇ ਕਾਰ ਦੀਆਂ ਚਾਬੀਆਂ ਖੋਹਣ ਦੇ ਦੋਸ਼ ਲਾਏ ਸਨ ਜਿਸਦੇ ਆਧਾਰ ‘ਤੇ ਲੰਬੀ ਥਾਣੇ ਵਿੱਚ ਕਿਸਾਨ ਧਿਰ ਖਿਲਾਫ਼ ਤਹਿਤ ਕੇਸ ਦਰਜ ਹੋਇਆ ਸੀ।
ਅੱਜ ਕਿਸਾਨ ’ਤੇ ਹਮਲੇ ਦੀ ਪੜਤਾਲ ਕਰ ਰਹੇ ਏਐੱਸਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਕਿਸਾਨ ਜਗਵੀਰ ਸਿੰਘ ਨੇ ਬਿਆਨ ਦਿੱਤਾ ਕਿ ਇਸ ਵਿਵਾਦ ਦੇ ਰਾਜ਼ੀਨਾਮੇ ਦੇ ਸਿਲਸਿਲੇ ’ਚ ਦੋਵੇਂ ਧਿਰਾਂ ਅੱਜ ਗਿੱਦੜਬਾਹਾ ਇਕੱਠੀਆਂ ਹੋਈਆਂ ਸਨ। ਮਾਮਲਾ ਨਾ ਨਿੱਬੜਨ ’ਤੇ ਉਹ ਗਿੱਦੜਬਾਹਾ ਤੋਂ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ।
ਚੰਨੂ-ਬੀਦੋਵਾਲੀ ਲਿੰਕ ਸੜਕ ’ਤੇ ਮੁਲਜ਼ਮ ਹੈਰੀ ਪੁੱਤਰ ਰਾਜਿੰਦਰ ਕੁਮਾਰ, ਸੰਜੀਵ ਕੁਮਾਰ, ਰਾਜਨ ਅਤੇ ਦੋ ਅਣਪਛਾਤਿਆਂ ਨੇ ਪਿਸਤੌਲ ਅਤੇ ਬੰਦੂਕ ਨਾਲ ਉਸ ਉੱਪਰ ਗੋਲੀਆਂ ਚਲਾਂ ਦਿੱਤੀਆਂ। ਗੋਲੀਆਂ ਚੱਲਣ ਕਰਕੇ ਉਹ ਜ਼ਮੀਨ ’ਤੇ ਡਿੱਗ ਪਿਆ। ਕਰੀਬ ਚਾਰ ਗੋਲੀਆਂ ਵਿੱਚੋਂ ਇੱਕ ਗੋਲੀ ਦੇ ਛਰੇ ਉਸਦੀ ਲੱਤ ਵਿੱਚ ਵੱਜੇ। ਪਿੰਡ ਵਾਸੀਆਂ ਨੇ ਉਸਨੂੰ ਜ਼ਖ਼ਮੀ ਹਾਲਤ ‘ਚ ਬਾਦਲ ਹਸਪਤਾਲ ਪਹੁੰਚਾਇਆ। ਏਐਸਆਈ ਮੁਤਾਬਕ ਜਖ਼ਮੀ ਕਿਸਾਨ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ। ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਵੀ ਕੀਤੀ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×