ਚਰਨਜੀਤ ਸਿੰਘ ਢਿੱਲੋਂਜਗਰਾਉਂ, 1 ਫਰਵਰੀਨੇੜਲੇ ਪਿੰਡ ਰੂੰਮੀ ਵਿੱਚ ਬੀਤੀ ਰਾਤ ਜਗਰਾਉਂ-ਰਾਏਕੋਟ ਮਾਰਗ ’ਤੇ ਬਣੇ ਗੁਰੂ ਨਾਨਕ ਸੈਨੇਟਰੀ ਐਂਡ ਹਾਰਡਵੇਅਰ ਸਟੋਰ ਦੇ ਬੰਦ ਪਏ ਸ਼ਟਰ ’ਤੇ ਫਾਇਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਸਟੋਰ ਦੇ ਮਾਲਕ ਦੇ ਪਿਤਾ ਦੇ ਬਿਆਨਾ ਦੇ ਆਧਾਰ ’ਤੇ ਉਸ ਦੇ ਜਵਾਈ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧ ਵਿੱਚ ਅਵਤਾਰ ਸਿੰਘ ਵਾਸੀ ਪਿੰਡ ਛੱਜਵਾਲ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਕਿ ਉਕਤ ਸਟੋਰ ਉਸ ਦਾ ਲੜਕਾ ਜਤਿੰਦਰ ਸਿੰਘ ਚਲਾਉਂਦਾ ਹੈ, ਪਿਛਲੇ ਕੁੱਝ ਦਿਨਾਂ ਤੋਂ ਜਤਿੰਦਰ ਪਰਿਵਾਰ ਸਮੇਤ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ ਤੇ ਉਹ ਖ਼ੁਦ ਸਟੋਰ ਖੋਲ੍ਹਦਾ ਸੀ। ਅੱਜ ਜਦੋਂ ਉਹ ਸਵੇਰੇ ਸਟੋਰ ਖੋਲ੍ਹਣ ਗਿਆ ਤਾਂ ਸ਼ਟਰ ’ਤੇ ਗਿਆਰਾਂ ਗੋਲੀਆਂ ਦੇ ਨਿਸ਼ਾਨ ਸਨ ਤੇ ਇੱਕ ਰੌਦਾਂ ਵਾਲਾ ਮੈਗਜ਼ੀਨ ਸ਼ਟਰ ਦੇ ਅੱਗੇ ਪਿਆ ਸੀ।ਸ਼ਿਕਾਇਤ ਵਿੱਚ ਅਵਤਾਰ ਸਿੰਘ ਨੇ ਇਸ ਵਾਰਦਾਤ ਲਈ ਆਪਣੇ ਜਵਾਈ ਰੁਪਿੰਦਰ ਸਿੰਘ ਵਾਸੀ ਤਾਰੇਵਾਲਾ ਨੂੰ ਜ਼ਿੰਮੇਗਵਾਰ ਠਹਿਰਾਇਆ ਹੈ। ਉਸ ਨੇ ਦੱਸਿਆ ਕਿ 2019 ਵਿੱਚ ਵੀ ਰੁਪਿੰਦਰ ਅਜਿਹੀ ਵਾਰਦਾਤ ਨੂੰ ਅੰਜਾਮ ਦੇ ਚੁੱਕਿਆ ਹੈ ਉਸ ਨੇ ਜਤਿੰਦਰ ਨੂੂੰ ਮਾਰਨ ਲਈ ਬੰਦੇ ਵੀ ਭੇਜੇ ਸਨ। ਅਵਤਾਰ ਸਿੰਘ ਅਨੁਸਾਰ ਰੁਪਿੰਦਰ ਸਿੰਘ ਨੂੰ ਸ਼ੱਕ ਹੈ ਕਿ ਉਸ ਦੇ ਤਲਾਕ ਲਈ ਜਤਿੰਦਰ ਜ਼ਿੰਮੇਵਾਰ ਹੈ। ਪੁਲੀਸ ਨੇ ਰੁਪਿੰਦਰ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।