ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕਰਨ ਦਾ ਦਾਅਵਾ ਕਰਨ ਵਾਲੇ ਯੂ-ਟਿਊਬਰ ਖ਼ਿਲਾਫ਼ ਕੇਸ
ਭੋਪਾਲ, 29 ਅਕਤੂਬਰ
YouTube video claims IPS officer caught ex-CM Uma Bharti taking bribe; case registered: ਇੱਥੋਂ ਦੀ ਪੁਲੀਸ ਨੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ’ਤੇ ਰਿਸ਼ਵਤਖੋਰੀ ਦੇ ਦੋਸ਼ ਲਾਉਣ ਵਾਲੇ ਯੂ-ਟਿਊਬਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਵਿਅਕਤੀ ਨੇ ਯੂ ਟਿਊਬ ’ਤੇ ਇਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਕ ਆਈਪੀਐਸ ਅਧਿਕਾਰੀ ਨੇ ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਸਹਾਇਕ ਸਬ-ਇੰਸਪੈਕਟਰ ਲਾਲ ਬਹਾਦਰ ਸਿੰਘ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦੇ ਨਿੱਜੀ ਸਕੱਤਰ ਦੀ ਸ਼ਿਕਾਇਤ ਦੇ ਆਧਾਰ ’ਤੇ ਭੋਪਾਲ ਪੁਲੀਸ ਦੀ ਅਪਰਾਧ ਸ਼ਾਖਾ ਨੇ ਯੂ-ਟਿਊਬ ’ਤੇ ਵੀਡੀਓ ਅਪਲੋਡ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਵੀਡੀਓ ਵਿੱਚ ਉਮਾ ਭਾਰਤੀ ਅਤੇ ਕਰਨਾਟਕ ਕੇਡਰ ਦੀ ਆਈਪੀਐਸ ਅਧਿਕਾਰੀ ਰੂਪਾ ਦਿਵਾਕਰ ਮੌਦਗਿਲ ਨੂੰ ਦਿਖਾਇਆ ਗਿਆ ਹੈ। ਉਹ 40 ਸਕਿੰਟ ਦੀ ਵੀਡੀਓ ਵਿੱਚ ਦਾਅਵਾ ਕਰਦਾ ਹੈ ਕਿ ਆਈਪੀਐਸ ਅਧਿਕਾਰੀ ਨੌਕਰਾਣੀ ਦੇ ਭੇਸ ਵਿੱਚ ਸਾਬਕਾ ਮੁੱਖ ਮੰਤਰੀ ਦੇ ਘਰ ਗਈ ਅਤੇ ਉਸ ਨੂੰ ਇੱਕ ਠੇਕੇਦਾਰ ਤੋਂ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ। ਸਾਬਕਾ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੇ ਕਿਹਾ ਕਿ ਅਜਿਹਾ ਕਰ ਕੇ ਭਾਜਪਾ ਦੇ ਸੀਨੀਅਰ ਆਗੂ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀਟੀਆਈ