ਬੀਡੀਪੀਓ ਦਫ਼ਤਰ ’ਚ ਹਵਾਈ ਫਾਇਰ ਕਰਨ ਵਾਲੇ ਅਣਪਛਾਤੇ ਖ਼ਿਲਾਫ਼ ਕੇਸ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 1 ਅਕਤੂਬਰ
ਸ਼ਹਿਰ ਦੀ ਮਲਵਾਲ ਰੋਡ ’ਤੇ ਸਥਿਤ ਬੀਡੀਪੀਓ ਦਫ਼ਤਰ ਵਿੱਚ ਕੱਲ੍ਹ ਇੱਕ ਪੰਚਾਇਤ ਸਕੱਤਰ ਕੋਲੋਂ ਉਸ ਦਾ ਸਰਕਾਰੀ ਕਾਗਜ਼ਾਂ ਵਾਲਾ ਬੈਗ ਖੋਹਣ ਤੇ ਹਵਾਈ ਫਾਇਰ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਦਫ਼ਤਰ ’ਚ ਤਾਇਨਾਤ ਪੰਚਾਇਤ ਸਕੱਤਰ ਭਾਰਤ ਭੂਸ਼ਣ ਦੀ ਸ਼ਿਕਾਇਤ ’ਤੇ ਅਮਲ ਵਿੱਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਭਾਰਤ ਭੂਸ਼ਣ ਦੇ ਪੁਲੀਸ ਬਿਆਨਾਂ ਮੁਤਾਬਕ ਘਟਨਾ ਵੇਲੇ ਉਹ ਚੁੱਲ੍ਹਾ ਟੈਕਸ ਅਤੇ ਐਨਓਸੀ ਜਾਰੀ ਕਰ ਰਿਹਾ ਸੀ। ਇਸ ਦੌਰਾਨ ਚਾਰ-ਪੰਜ ਵਿਅਕਤੀ ਆਏ ਤੇ ਉਸ ਦਾ ਸਰਕਾਰੀ ਦਸਤਾਵੇਜ਼ਾਂ ਵਾਲਾ ਬੈਗ ਲੈ ਕੇ ਭੱਜ ਗਏ। ਉਹ ਜਦੋਂ ਉਨ੍ਹਾਂ ਦੇ ਪਿੱਛੇ ਦੌੜਿਆ ਤਾਂ ਉਸ ਨੂੰ ਗੋਲੀ ਚੱਲਣ ਵਰਗੀ ਆਵਾਜ਼ ਸੁਣਾਈ ਦਿੱਤੀ ਤੇ ਮੁਲਜ਼ਮ ਗੱਡੀ ’ਚ ਫ਼ਰਾਰ ਹੋ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਜੰਗ ਸਿੰਘ ਨੇ ਕਿਹਾ ਕਿ ਪੜਤਾਲ ਦੌਰਾਨ ਮੁਲਜ਼ਮ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਚੋਣ ਕਮਿਸ਼ਨ ਨੇ ਸਰਟੀਫਿਕੇਟਾਂ ਦਾ ਰੇੜਕਾ ਖ਼ਤਮ ਕੀਤਾ
ਬੀਡੀਪੀਓ ਦਫ਼ਤਰਾਂ ਵਿੱਚ ਚੁੱਲ੍ਹਾ ਟੈਕਸ ਅਤੇ ਕੋਈ ਬਕਾਇਆ ਨਹੀਂ ਸਬੰਧੀ ਸਰਟੀਫਿਕੇਟ ਹਾਸਲ ਕਰਨ ਲਈ ਭੀੜਾਂ ਲੱਗੀਆਂ ਹੋਈਆਂ ਹਨ। ਸੱਤਾਧਾਰੀ ਪਾਰਟੀ ਦੇ ਆਗੂਆਂ ’ਤੇ ਦੋਸ਼ ਲੱਗ ਰਹੇ ਹਨ ਕਿ ਉਹ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਸਰਟੀਫਿਕੇਟ ਨਾ ਦੇਣ ਲਈ ਅਫ਼ਸਰਾਂ ’ਤੇ ਦਬਾਅ ਪਾ ਰਹੇ ਹਨ। ਅਜਿਹੇ ਮਸਲਿਆਂ ਦਾ ਰੇੜਕਾ ਮੁਕਾਉਣ ਲਈ ਪੰਜਾਬ ਚੋਣ ਕਮਿਸ਼ਨ ਨੇ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ। ਸਥਾਨਕ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਦਾਇਤਾਂ ਮੁਤਾਬਕ ਜੇ ਕਿਸੇ ਉਮੀਦਵਾਰ ਨੂੰ ਅਜਿਹੇ ਸਰਟੀਫਿਕੇਟ ਲੈਣ ਵਿੱਚ ਦਿੱਕਤ ਆ ਰਹੀ ਹੈ ਤਾਂ ਉਹ ਹਲਫ਼ਨਾਮਾ ਦੇ ਕੇ ਆਪਣੀ ਨਾਮਜ਼ਦਗੀ ਦਾਖ਼ਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਨਾਮਜ਼ਦਗੀ ਪੱਤਰ ਸਬੰਧਤ ਅਥਾਰਟੀਆਂ ਨੂੰ ਭੇਜ ਕੇ 24 ਘੰਟੇ ਦੇ ਅੰਦਰ-ਅੰਦਰ ਰਿਪੋਰਟ ਮੰਗੀ ਜਾਵੇਗੀ ਤੇ ਉਸੇ ਆਧਾਰ ’ਤੇ ਕਾਰਵਾਈ ਹੋਵੇਗੀ।