ਜਬਰ-ਜਨਾਹ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 10 ਨਵੰਬਰ
ਬਲਟਾਣਾ ਪੁਲੀਸ ਨੇ ਹਰਿਆਣਾ ਵਾਸੀ ਔਰਤ ਦੀ ਸ਼ਿਕਾਇਤ ’ਤੇ ਉਸ ਨੂੰ ਨੌਕਰੀ ਦਿਵਾਉਣ ਦੇ ਨਾਂਅ ’ਤੇ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਮਹਾਵੀਰ ਚਾਹਲ ਵਾਸੀ ਜੀਂਦ ਵਜੋਂ ਹੋਈ ਹੈ। ਪੀੜਤ ਨੇ ਦੱਸਿਆ ਕਿ ਮਹਾਵੀਰ ਚਾਹਲ ਨੇ ਆਪਣੇ ਆਪ ਨੂੰ ਕਥਿਤ ਤੌਰ ’ਤੇ ਸਿਆਸੀ ਪਾਰਟੀ ਦਾ ਆਗੂ ਦੱਸ ਕੇ ਚੰਡੀਗੜ੍ਹ ਜਾਂ ਮੁਹਾਲੀ ਚੰਗੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਜ਼ੀਰਕਪੁਰ ਬੁਲਾਇਆ ਸੀ।
ਉਹ 6 ਨਵੰਬਰ ਨੂੰ ਸ਼ਾਮ 4 ਵਜੇ ਜ਼ੀਰਕਪੁਰ ਬੱਸ ਸਟੈਂਡ ਪਹੁੰਚੀ। ਮਹਾਵੀਰ ਨੇ ਉਸ ਨੂੰ ਬਲਟਾਣਾ ਦੇ ਇੱਕ ਹੋਟਲ ’ਚ ਕਮਰਾ ਦਿਵਾ ਦਿੱਤਾ। ਰਾਤ ਕਰੀਬ 11 ਵਜੇ ਮਹਾਵੀਰ ਉਸ ਦੇ ਕਮਰੇ ’ਚ ਆਇਆ ਅਤੇ ਨਸ਼ੀਲੀ ਦਵਾਈ ਪਿਆ ਕੇ ਜਬਰ-ਜਨਾਹ ਕੀਤਾ। ਉਸ ਤੋਂ ਬਾਅਦ ਇਕ ਹੋਰ ਵਿਅਕਤੀ ਆਇਆ, ਉਸ ਨੇ ਵੀ ਜਬਰ-ਜਨਾਹ ਕੀਤਾ। ਉਸ ਨੇ ਅਗਲੇ ਦਿਨ ਪੁਲੀਸ ਨੂੰ ਫੋਨ ਕਰ ਕੇ ਮਾਮਲੇ ਦੀ ਸੂਚਨਾ ਦਿੱਤੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਮਹਾਵੀਰ ਚਾਹਲ ਅਤੇ ਉਸ ਦੇ ਇਕ ਅਣਪਛਾਤੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੰਚਕੂਲਾ ਵਸਨੀਕ ਇਕ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਪ੍ਰਾਪਰਟੀ ਡੀਲਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੇ ਪੰਚਕੂਲਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਉੱਥੋਂ ਸ਼ਿਕਾਇਤ ਜ਼ੀਰਕਪੁਰ ਪੁਲੀਸ ਨੂੰ ਭੇਜ ਦਿੱਤੀ ਗਈ ਹੈ। ਪੀੜਤਾ ਨੇ ਦੱਸਿਆ ਕਿ ਉਹ ਜ਼ੀਰਕਪੁਰ ਦੇ ਬਲਟਾਣਾ ਵਿੱਚ ਅਜੈ ਨਾਂਅ ਦੇ ਪ੍ਰਾਪਰਟੀ ਡੀਲਰ ਕੋਲ ਕੰਮ ਕਰਦੀ ਹੈ। ਉਹ ਸ਼ੁਰੂ ਤੋਂ ਹੀ ਪੀੜਤਾ ’ਤੇ ਮਾੜੀ ਨਜ਼ਰ ਰੱਖਦਾ ਸੀ। ਲੰਘੇ ਦਿਨੀਂ ਅਜੈ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਆ ਕੇ ਉਸ ਨਾਲ ਜਬਰ-ਜਨਾਹ ਕੀਤਾ। ਪੁਲੀਸ ਨੇ ਮੁਲਜ਼ਮ ਅਜੈ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।