ਕੁੱਟਮਾਰ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਪਠਾਨਕੋਟ, 17 ਨਵੰਬਰ
ਜ਼ਿਲ੍ਹਾ ਪਠਾਨਕੋਟ ਦੇ ਥਾਣਾ ਸ਼ਾਹਪੁਰਕੰਡੀ ਪੁਲੀਸ ਨੇ ਇੱਕ ਔਰਤ ਅਤੇ ਉਸ ਦੇ ਪਤੀ ਨਾਲ ਕੀਤੀ ਗਈ ਕੁੱਟਮਾਰ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਪੀੜਤਾ ਅਨਾਮਿਕਾ ਸ਼ਰਮਾ ਪਤਨੀ ਸੰਜੀਵ ਕੁਮਾਰ ਵਾਸੀ ਭੱਬਰ, ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ 11 ਨਵੰਬਰ ਨੂੰ ਉਹ ਆਪਣੇ ਘਰ ਵਿੱਚ ਮੌਜੂਦ ਸੀ। ਉਸ ਦਾ ਪਤੀ ਅਤੇ ਬੱਚੇ ਕਮਰੇ ਦੇ ਅੰਦਰ ਸਨ। ਉਸ ਦੀ ਗੁਆਂਢਣ ਉਸ ਨਾਲ ਗੱਲ ਕਰ ਰਹੀ ਸੀ ਕਿ ਇਸ ਦੌਰਾਨ ਰਾਜ ਕੁਮਾਰ ਪੁੱਤਰ ਸੁਭਾਸ਼ ਚੰਦ ਗਾਲਾਂ ਕੱਢਦੇ ਹੋਏ ਉਸ ਦੇ ਘਰ ਦੇ ਵਿਹੜੇ ਵਿੱਚ ਆ ਗਿਆ ਅਤੇ ਉਸ ਦੇ ਪਿੱਛੇ-ਪਿੱਛੇ ਪੰਕਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵੀ ਆ ਗਿਆ। ਰਾਜ ਕੁਮਾਰ ਨੇ ਲਲਕਾਰਾ ਮਾਰਿਆ ਅਤੇ ਪੰਕਜ ਕੁਮਾਰ ਨੇ ਵਾਲਾਂ ਨੂੰ ਫੜ ਕੇ ਉਸ ਨਾਲ ਕੁੱਟਮਾਰ ਕਰਦਿਆਂ ਕੰਧ ਨਾਲ ਟੱਕਰਾਂ ਲਗਾਈਆਂ।
ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜਣ ਲੱਗੀ ਤਾਂ ਰਾਜ ਕੁਮਾਰ ਨੇ ਉਸ ਦੀ ਕਮੀਜ਼ ਪਾੜ ਦਿੱਤੀ। ਜਦ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਪਤੀ ਸੰਜੀਵ ਕੁਮਾਰ ਅੱਗੇ ਆਇਆ ਤਾਂ ਪੰਕਜ ਕੁਮਾਰ ਨੇ ਉਸ ਦੇ ਪਤੀ ਨੂੰ ਫੜ ਲਿਆ ਅਤੇ ਰਾਜ ਕੁਮਾਰ ਨੇ ਡੰਡੇ ਨਾਲ ਉਸ ਦੇ ਪਤੀ ਦੀ ਪਿੱਠ ਅਤੇ ਛਾਤੀ ’ਤੇ ਡੰਡੇ ਮਾਰੇ ਤੇ ਲੋਕਾਂ ਨੂੰ ਇਕੱਠੇ ਹੁੰਦਾ ਦੇਖ ਕੇ ਆਪਣਾ ਡੰਡਾ ਸੁੱਟ ਕੇ ਭੱਜ ਗਏ। ਪੁਲੀਸ ਨੇ ਉਸ ਦੇ ਬਿਆਨਾਂ ਦੇ ਆਧਾਰ ’ਤੇ ਰਾਜ ਕੁਮਾਰ ਪੁੱਤਰ ਸੁਭਾਸ਼ ਚੰਦਰ ਅਤੇ ਪੰਕਜ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀਆਨ ਪਿੰਡ ਭੱਬਰ, ਜ਼ਿਲ੍ਹਾ ਪਠਾਨਕੋਟ ਖਿਲਾਫ ਬੀਐਨਐਸ ਦੀ ਧਾਰਾ 333, 76, 115 (2), 3 (5) ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਵੇਂ ਮੁਲਜ਼ਮ ਫਰਾਰ ਹਨ।