ਬਿਨਾਂ ਮਨਜ਼ੂਰੀ ਕਲੋਨੀਆਂ ਕੱਟਣ ਵਾਲਿਆਂ ਖ਼ਿਲਾਫ਼ ਕੇਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਮਾਰਚ
ਗਲਾਡਾ ਵੱਲੋਂ ਗ਼ੈਰ-ਕਾਨੂੰਨੀ ਕਲੋਨੀਆਂ ਕੱਟਣ ਸਬੰਧੀ ਸ਼ੁਰੂ ਕੀਤੀ ਮੁਹਿੰਮ ਤਹਿਤ ਵੱਖ ਵੱਖ ਥਾਣਿਆਂ ਦੀ ਪੁਲੀਸ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਕਾਲੋਨਾਈਜ਼ਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਥਾਣਾ ਸਦਰ, ਥਾਣਾ ਹੈਬੋਵਾਲ, ਥਾਣਾ ਜਮਾਲਪੁਰ ਅਤੇ ਥਾਣਾ ਮੇਹਰਬਾਨ ਦੀ ਪੁਲੀਸ ਵੱਲੋਂ ਬਿਨਾਂ ਮਨਜ਼ੂਰੀ ਅਣ-ਅਧਿਕਾਰਤ ਕਲੋਨੀਆਂ ਕੱਟਣ ’ਤੇ ਪੰਜ ਕੇਸ ਦਰਜ ਕੀਤੇ ਗਏ ਹਨ।
ਥਾਣਾ ਸਦਰ ਦੀ ਪੁਲੀਸ ਨੇ ਪਿੰਡ ਧਾਂਦਰਾ ਵਿੱਚ ਕਰੀਬ 1.40 ਏਕੜ ਜ਼ਮੀਨ ’ਤੇ ਕਲੋਨੀ ਕੱਟਣ ਦੇ ਦੋਸ਼ ਤਹਿਤ ਅਣਪਛਾਤੇ ਕਲੋਨਾਈਜ਼ਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਹੈਬੋਵਾਲ ਦੀ ਪੁਲੀਸ ਨੇ ਪਿੰਡ ਲਾਦੀਆਂ ਕਲਾਂ ਵਿੱਚ ਰਾਜੇਸ਼ ਅਗਰਵਾਲ ਵੱਲੋਂ ਸ਼ਿਵ ਸ਼ਕਤੀ ਇਨਕਲੇਵ ਨਾਮ ਦੀ ਅਣ-ਅਧਿਕਾਰਤ ਕਲੋਨੀ ਕੱਟਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੇ ਪਿੰਡ ਰਾਮਗੜ੍ਹ ਵਿੱਚ ਕਰੀਬ 4-5 ਏਕੜ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਣ-ਅਧਿਕਾਰਤ ਕਲੋਨੀ ਦੀ ਸਥਾਪਨਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਮੇਹਰਬਾਨ ਦੀ ਪੁਲੀਸ ਨੇ ਪਿੰਡ ਕੱਕਾ ਵਿੱਚ ਮੁਕੇਸ਼ ਨਾਰੰਗ ਵੱਲੋਂ ਅਤੇ ਪਿੰਡ ਧੌਲਾ ਵਿੱਚ ਜੈ ਸ਼ੰਕਰ ਨਾਮ ਦੀ ਅਣ-ਅਧਿਕਾਰਤ ਕਲੋਨੀ ਕੱਟਣ ਲਈ ਬਲਵਿੰਦਰ ਸਿੰਘ, ਦਵਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਸ ਸਬੰਧੀ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।