ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਦੇ ਡਰਾਈਵਰ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਰਤੀਆ, 16 ਅਕਤੂਬਰ
ਸ਼ਹਿਰ ਥਾਣਾ ਪੁਲੀਸ ਦੀ ਟੀਮ ਨੇ ਟੋਹਾਣਾ ਰੋਡ ਚੂੰਗੀ ਨੇੜੇ ਸੜਕ ਵਿਚਕਾਰ ਤੂੜੀ ਨਾਲ ਭਰੀ ਟਰੈਕਟਰ ਟਰਾਲੀ ਨੂੰ ਖੜ੍ਹਾ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸਬੰਧਤ ਟਰੈਕਟਰ ਟਰਾਲੀ ਡਰਾਈਵਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਸ਼ਹਿਰ ਥਾਣਾ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਉਪ ਨਿਰੀਖਕ ਪ੍ਰਤਾਪ ਸਿੰਘ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਚਰਨਜੀਤ ਸਿੰਘ, ਜਗਜੀਤ ਸਿੰਘ ਆਦਿ ਜਦੋਂ ਗਸ਼ਤ ਦੌਰਾਨ ਮਿੰਨੀ ਬਾਈਪਾਸ ਤੋਂ ਸ਼ਹਿਰ ਦੇ ਸੰਜੈ ਗਾਂਧੀ ਚੌਕ ਵੱਲ ਜਾ ਰਹੇ ਸੀ ਤਾਂ ਰਸਤੇ ਵਿੱਚ ਚੁੰਗੀ ਕੋਲ ਹੀ ਮੁੱਖ ਮਾਰਗ ’ਤੇ ਟਰੈਕਟਰ ਟਰਾਲਾ ਖੜ੍ਹਾ ਸੀ ਅਤੇ ਇਸ ਵਿਚ ਤੂੜੀ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਟਰੈਕਟਰ ਆਮ ਲੋਕਾਂ ਦਾ ਰਸਤਾ ਰੋਕ ਰਿਹਾ ਸੀ ਅਤੇ ਇਸ ’ਤੇ ਕੋਈ ਵੀ ਰਿਫਲੈਕਟਰ ਨਹੀਂ ਲੱਗਿਆ ਹੋਇਆ ਸੀ। ਟਰੈਕਟਰ ਟਰਾਲੀ ਕਾਰਨ ਨਾ ਕੇਵਲ ਹੋਰ ਵਾਹਨਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਸੀ ਸਗੋਂ ਮੁੱਖ ਮਾਰਗ ’ਤੇ ਲੰਬਾ ਜਾਮ ਵੀ ਲੱਗਿਆ ਹੋਇਆ ਸੀ। ਬੁਲਾਰੇ ਨੇ ਦੱਸਿਆ ਕਿ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਬੰਧਤ ਟਰੈਕਟਰ ਡਰਾਈਵਰ ਸੰਦੀਪ ਵਾਸੀ ਜੀਂਦ ਖ਼ਿਲਾਫ਼ ਕੇਸ ਦਰਜ ਕਰਦੇ ਹੋਏ ਟਰੈਕਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਸਬੰਧਤ ਟਰੈਕਟਰ ਟਰਾਲੀ ’ਤੇ ਕੋਈ ਵੀ ਰਿਫਲੈਕਟਰ ਨਹੀਂ ਲਗਾਇਆ ਹੋਇਆ ਸੀ, ਜਿਸ ਨਾਲ ਦੁਰਘਟਨਾ ਦਾ ਵੀ ਡਰ ਬਣਿਆ ਹੋਇਆ ਸੀ। ਪੁਲੀਸ ਨੇ ਸਬੰਧਤ ਟਰੈਕਟਰ ਟਰਾਲੀ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।