For the best experience, open
https://m.punjabitribuneonline.com
on your mobile browser.
Advertisement

ਧੋਖਾਧੜੀ ਦੇ ਦੋਸ਼ ਹੇਠ ਸੋਮ ਪ੍ਰਕਾਸ਼ ਸਣੇ ਛੇ ਖ਼ਿਲਾਫ਼ ਕੇਸ

08:10 AM Jun 30, 2024 IST
ਧੋਖਾਧੜੀ ਦੇ ਦੋਸ਼ ਹੇਠ ਸੋਮ ਪ੍ਰਕਾਸ਼ ਸਣੇ ਛੇ ਖ਼ਿਲਾਫ਼ ਕੇਸ
Advertisement

ਗੁਰਬਖਸ਼ਪੁਰੀ
ਤਰਨ ਤਾਰਨ, 29 ਜੂਨ
ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਇਕ ਸਨਅਤਕਾਰ ਦੀ ਜ਼ਬਤ ਕੀਤੀ ਮਿੱਲ ਸਸਤੇ ਵਿੱਚ ਵੇਚਣ ਦੇ ਮਾਮਲੇ ’ਚ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਸਣੇ ਛੇ ਪੰਜਾਬ ਵਿੱਤ ਨਿਗਮ (ਪੀਐੱਫ਼ਸੀ) ਦੇ ਸਾਬਕਾ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਧੋਖਾਧੜੀ ਦਾ ਇਕ ਕੇਸ ਦਰਜ ਕੀਤਾ ਗਿਆ ਹੈ| ਉਕਤ ਮਾਮਲਾ 1998 ਦਾ ਹੈ, ਉਸ ਸਮੇਂ ਸੋਮ ਪ੍ਰਕਾਸ਼ ਪੰਜਾਬ ਵਿੱਤ ਨਿਗਮ ਦੇ ਸੀਨੀਅਰ ਅਧਿਕਾਰੀ ਸਨ। ਪੁਲੀਸ ਨੇ ਇਸ ਸਬੰਧੀ ਅੱਜ ਇਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਸੋਮ ਪ੍ਰਕਾਸ਼ ਤੋਂ ਇਲਾਵਾ ਪੀਐੱਫਸੀ ਦਾ ਸਾਬਕਾ ਡਿਪਟੀ ਮੈਨੇਜਰ ਸਤਪਾਲ ਵਾਸੀ ਜਲੰਧਰ, ਸੀਐੱਮ ਸੇਠੀ ਵਾਸੀ ਫਲੈਟ ਨੰਬਰ 440 ਸੈਕਟਰ-61 ਚੰਡੀਗੜ੍ਹ, ਸੁਧੀਰ ਕਪਿਲਾ ਸਾਬਕਾ ਜ਼ਿਲ੍ਹਾ ਮੈਨੇਜਰ ਵਾਸੀ ਰਣਜੀਤ ਐਵੇਵਿਊ ਅੰਮ੍ਰਿਤਸਰ ਅਤੇ ਐੱਸਐੱਸ ਗਰੋਵਰ ਵਾਸੀ ਗੁਰੂ ਨਾਨਕ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਅਤੇ ਏਕੇ ਧਵਨ ਵਾਸੀ ਮਕਾਨ ਨੰਬਰ 447 ਸੈਕਟਰ-4 ਪੰਚਕੂਲਾ ਹਰਿਆਣਾ ਦਾ ਨਾਮ ਸ਼ਾਮਲ ਹੈ| ਇਹ ਕੇਸ ਇੰਗਲੈਂਡ ਰਹਿੰਦੇ ਸਨਅਤਕਾਰ ਹਰਪਾਲ ਸਿੰਘ ਵਾਸੀ ਨਿਊ ਅੰਤਰਯਾਮੀ ਕਲੋਨੀ, ਅੰਮ੍ਰਿਤਸਰ ਵੱਲੋਂ ਡੀਜੀਪੀ ਪੰਜਾਬ ਨੂੰ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਜ਼ਿਲ੍ਹਾ ਪੁਲੀਸ ਨੇ ਦਰਜ ਕੀਤਾ ਹੈ| ਉਸ ਨੇ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਦੋਬੁਰਜੀ ਪਿੰਡ ਵਿੱਚ ਪੰਜਾਬ ਓਵਰਸੀਜ਼ ਰਾਈਸ ਮਿੱਲ ਲਗਾਉਣ ਲਈ ਪੀੱਐਫ਼ਸੀ ਤੋਂ 70.30 ਲੱਖ ਰੁਪਏ ਦਾ ਕਰਜ਼ਾ ਮਨਜ਼ੂਰ ਕਰਵਾ ਕੇ 12 ਕਨਾਲ ਵਿੱਚ ਆਪਣੀ ਫੈਕਟਰੀ ਲਗਵਾਈ ਸੀ| ਫੈਕਟਰੀ ਨੂੰ ਪਾਵਰਕੌਮ ਨੇ ਪੁੱਡਾ ਦੇ ਨਿਯਮਾਂ ਦਾ ਹਵਾਲਾ ਦੇ ਕੇ ਬਿਜਲੀ ਕੁਨੈਕਸ਼ਨ ਨਹੀਂ ਦਿੱਤਾ, ਜਿਸ ਕਰ ਕੇ ਫੈਕਟਰੀ ਚਾਲੂ ਨਾ ਹੋ ਸਕੀ| ਇਸੇ ਦੌਰਾਨ ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਕਰਕੇ ਪੀਐੱਫ਼ਸੀ ਨੇ ਫੈਕਟਰੀ ਨੂੰ ਅਗਸਤ, 1998 ਵਿੱਚ ਆਪਣੇ ਹੱਥਾਂ ਵਿਚ ਕਰ ਲਿਆ ਅਤੇ ਅਗਲੇਰੀ ਕਾਰਵਾਈ ਕਰਦਿਆਂ ਫੈਕਟਰੀ ਨੂੰ 14.96 ਲੱਖ ਰੁਪਏ ਵਿਚ ਵੇਚ ਦਿੱਤਾ| ਹਰਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਸ ਦੀ ਫੈਕਟਰੀ ਕਮਰਸ਼ੀਅਲ ਠਿਕਾਣੇ ’ਤੇ ਹੋਣ ਕਰਕੇ ਉਸ ਦੀ ਕੀਮਤ ਕਰੀਬ 2.5 ਕਰੋੜ ਰੁਪਏ ਸੀ, ਜਿਸ ਨੂੰ ਅਧਿਕਾਰੀਆਂ ਦੀ ਮਿਲੀਭੁਗਤ ਕਰ ਕੇ 14.96 ਲੱਖ ਰੁਪਏ ਵਿੱਚ ਵੇਚ ਦਿੱਤਾ। ਇਸ ਨਾਲ ਉਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਹੈ| ਪੁਲੀਸ ਅਧਿਕਾਰੀ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਧਾਰਾ 406 ਤੇ 420 ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ|

Advertisement

Advertisement
Author Image

sukhwinder singh

View all posts

Advertisement
Advertisement
×