ਖੁਦਕੁਸ਼ੀ ਮਾਮਲੇ ’ਚ ਛੇ ਵਿਰੁੱਧ ਕੇਸ
ਪੱਤਰ ਪ੍ਰੇਰਕ
ਸ੍ਰੀ ਫ਼ਤਹਿਗੜ੍ਹ ਸਾਹਿਬ, 2 ਅਪਰੈਲ
ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਸੁੱਚਾ ਸਿੰਘ (72) ਵਾਸੀ ਪਿੰਡ ਮੰਡੌਰ ਦੇ ਮਾਮਲੇ ’ਚ ਪੁਲੀਸ ਨੇ ਛੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ| ਮ੍ਰਿਤਕ ਦੇ ਲੜਕੇ ਦਵਿੰਦਰ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਭਰਾ ਹਰਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਦੇ ਲੜਕੇ ਜਸ਼ਨਪ੍ਰੀਤ ਦਾ ਵਿਆਹ 14 ਜੁਲਾਈ 2023 ਨੂੰ ਤਰਲੋਚਨ ਸਿੰਘ ਵਾਸੀ ਪਿੰਡ ਖਿਜ਼ਰਾਬਾਦ (ਮੁਹਾਲੀ) ਦੀ ਲੜਕੀ ਹਰਸਿਮਰਨ ਕੌਰ ਨਾਲ ਹੋਇਆ ਸੀ| ਸ਼ਿਕਾਇਤਕਰਤਾ ਨੇ ਦੱਸਿਆ ਕਿ ਜਸ਼ਨਪ੍ਰੀਤ ਦੀ ਮਾਤਾ ਪ੍ਰੇਮਜੀਤ ਕੌਰ ਨੇ 30 ਲੱਖ ਰੁਪਏ ਖਰਚ ਕੇ ਹਰਸਿਮਰਨ ਕੌਰ ਨੂੰ ਕੈਨੇਡਾ ਭੇਜਿਆ ਸੀ| ਕੈਨੇਡਾ ਜਾ ਕੇ ਹਰਸਿਮਰਨ ਕੌਰ ਨੇ ਉਨ੍ਹਾਂ ਦੇ ਪਰਿਵਾਰ ਨਾਲੋਂ ਸੰਪਰਕ ਤੋੜ ਲਿਆ ਤੇ ਜਦੋਂ ਲੜਕੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਲੜਕੀ ਤੁਹਾਡੇ ਲੜਕੇੇ ਨੂੰ ਕੈਨੇਡਾ ਨਹੀਂ ਬੁਲਾਏਗੀ ਤੇ ਨਾ ਹੀ ਅਸੀਂ ਤੁਹਾਡੇ ਪੈਸੇ ਵਾਪਸ ਕਰਨੇ ਹਨ, ਜਿਸ ਨੂੰ ਲੈ ਕੇ ਉਸ ਦਾ ਬਜ਼ੁਰਗ ਪਿਤਾ ਸੁੱਚਾ ਸਿੰਘ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪਿਤਾ ਅਕਸਰ ਕਹਿੰਦਾ ਸੀ ਕਿ ਹਰਸਿਮਰਨ ਕੌਰ ਅਤੇ ਉਸਦੇ ਪਰਿਵਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ ਤੇ ਉਸ ਦੀ ਮੌਤ ਲਈ ਉਕਤ ਸਾਰੇ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ| ਥਾਣਾ ਸਰਹਿੰਦ ਦੀ ਪੁਲੀਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ, ਪਿਆਰਾ ਸਿੰਘ, ਹਰਸਿਮਰਨ ਕੌਰ, ਕਰਮਜੀਤ ਕੌਰ, ਤਰਲੋਚਨ ਸਿੰਘ ਅਤੇ ਕੁਲਵਿੰਦਰ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ|