ਜ਼ਮੀਨੀ ਮਾਮਲੇ ’ਚ ਧੋਖਾਧੜੀ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 21 ਅਕਤੂਬਰ
ਮਿਨੀ ਸਕੱਤਰੇਤ ਰਾਜਪੁਰਾ ਨਜ਼ਦੀਕ ਕੱਟੀ ਜਾ ਰਹੀ ਇਕ ਕਲੋਨੀ ਦੇ ਡਾਇਰੈਕਟਰ ਸਣੇ 7 ਵਿਅਕਤੀਆਂ ਖ਼ਿਲਾਫ਼ ਰਾਜਪੁਰਾ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨਛੱਤਰ ਸਿੰਘ ਅਤੇ ਜਤਿੰਦਰ ਸਿੰਘ ਨੋਨੀ ਨੇ ਦੱਸਿਆ ਕਿ ਉਹ ਦੋਵੇਂ ਮੈਸਰਜ਼ ਪਲੈਟੀਨਮ ਸਮਾਰਟ ਬਿਲਡਕੋਨ ਐਲਐਲਪੀ ਇੰਡਸਟਰੀਅਲ ਏਰੀਆ ਫ਼ੇਜ਼ 1 ਚੰਡੀਗੜ੍ਹ ਸਾਂਝੇ ਭਾਈਵਾਲ਼ ਹਨ। ਸਤਪਾਲ ਬਾਂਸਲ ਡਾਇਰੈਕਟਰ ਸ੍ਰੀ ਓਮ ਜੀ ਇਨਫਰਾਸਟ੍ਰਕਚਰ ਅਤੇ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਨੇ ਆਪਣੀ ਕੰਪਨੀ ਦੀ 42.17 ਏਕੜ ਜ਼ਮੀਨ ਰਕਬਾ 98 ਕਰੋੜ ਵਿਚ ਵੇਚਣ ਲਈ ਉਨ੍ਹਾਂ ਨਾਲ ਸੌਦਾ ਕੀਤਾ ਸੀ। ਇਨ੍ਹਾਂ ਵਿਅਕਤੀਆਂ ਨੇ ਧੋਖੇ ਨਾਲ ਸਮਝੌਤਾ ਆਪਣੇ ਕੋਲ ਰੱਖ ਲਿਆ।
ਉਨ੍ਹਾਂ ਦੱਸਿਆ ਕਿ ਸਮਝੌਤੇ ਮੁਤਾਬਕ ਉਨ੍ਹਾਂ ਦੀ ਕੰਪਨੀ ਜ਼ਮੀਨ ’ਤੇ ਕਾਬਜ਼ ਲੇਬਰ ਵਰਕਰਾਂ ਨੂੰ ਜ਼ਮੀਨ ਤੋਂ ਹਟਾਵੇਗੀ ਜਿਸ ਦਾ ਖ਼ਰਚਾ ਸ੍ਰੀ ਓਮ ਜੀ ਲਿਮਟਿਡ ਉਨ੍ਹਾਂ ਨੂੰ ਦੇਵੇਗੀ। ਉਨ੍ਹਾਂ ਦੀ ਕੰਪਨੀ ਨੇ 14 ਕਰੋੜ 91 ਲੱਖ ਰੁਪਏ ਲੇਬਰ ਵਰਕਰਾਂ ਨੂੰ ਜਗ੍ਹਾ ਖ਼ਾਲੀ ਕਰਵਾਉਣ ਲਈ ਖ਼ਰਚ ਕੀਤੇ। ਇਸ ਲਈ ਸਿਰਫ਼ ਦੋ ਕਰੋੜ ਪੈਂਹਠ ਲੱਖ ਰੁਪਏ ਹੀ ਦਿੱਤੇ ਗਏ। ਉਸ ਕੰਪਨੀ ਦੇ ਡਾਇਰੈਕਟਰਾਂ ਨੇ ਜ਼ਮੀਨ ਦੇ 25 ਪ੍ਰਤੀਸ਼ਤ ਹਿੱਸੇ ਦੀ ਰਜਿਸਟਰੀ ਉਨ੍ਹਾਂ ਦੀ ਫ਼ਰਮ ਨੂੰ ਕਰਵਾਉਣ ਦੀ ਥਾਂ ਕਿਸੇ ਹੋਰ ਦੇ ਨਾਮ ਕਰਵਾ ਦਿੱਤੀ। ਇਸ ’ਤੇ ਥਾਣਾ ਸਿਟੀ ਰਾਜਪੁਰਾ ਪੁਲੀਸ ਨੇ ਮਾਮਲੇ ਦੀ ਪੜਤਾਲ ਉਪਰੰਤ ਕੰਪਨੀ ਦੇ ਡਾਇਰੈਕਟਰ ਆਨੰਦ ਮਿੱਡਾ, ਨਿਰਮਲ ਮਿੱਡਾ, ਸੁਰਿੰਦਰ ਆਰੀਆ, ਸਤਪਾਲ ਬਾਂਸਲ, ਪ੍ਰਵੀਨ ਭਸੀਨ ਅਤੇ ਪ੍ਰਸੇਸ ਆਰੀਆ, ਪੰਪੋਸ ਟਾਊਨ ਕੰਪਨੀ ਦੇ ਡਾਇਰੈਕਟਰ ਰਜਿੰਦਰ ਯਾਦਵ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।