ਬਿਨਾਂ ਮਨਜ਼ੂਰੀ ਰੁੱਖ ਵੱਢਣ ’ਤੇ ਐੱਸਸੀਓ ਮਾਲਕ ਖ਼ਿਲਾਫ਼ ਕੇਸ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਜੂਨ
ਇੱਥੇ ਸੈਕਟਰ 10 ਦੇ ਐੱਸਸੀਓ ਨੰਬਰ 233 ਦੇ ਸਾਹਮਣੇ ਠੇਕੇਦਾਰ ਵੱਲੋਂ ਐੱਸਸੀਓ ਮਾਲਕ ਦੇ ਕਹਿਣ ’ਤੇ ਵਿਭਾਗ ਦੀ ਇਜਾਜ਼ਤ ਤੋਂ ਬਿਨਾਂ ਦਰਖੱਤ ਵੱਢਣ ਦਾ ਮਾਮਲਾ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਧਿਆਨ ਵਿਚ ਆਇਆ ਹੈ। ਇਸ ਸਬੰਧੀ ਕਿਸੇ ਨੇ ਸਬੰਧਤ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਸਬੰਧੀ ਬਾਗਬਾਨੀ ਵਿਭਾਗ ਨੇ ਇਸ ਦੀ ਸੂਚਨਾ ਮਿਲਣ ’ਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਤੇ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਜਾ ਕੇ ਮੁਆਇਨਾ ਕੀਤਾ। ਮੌਕੇ ’ਤੇ ਘਟਨਾ ਸਥਾਨ ’ਤੇ ਵੱਢਿਆ ਦਰੱਖਤ ਪਿਆ ਸੀ। ਬਾਗਬਾਨੀ ਵਿਭਾਗ ਦੇ ਐੱਸਡੀਓ ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਕਰਨ ’ਤੇ ਕਾਰਵਾਈ ਕਰਦਿਆਂ ਸੈਕਟਰ 7 ਦੀ ਪੁਲੀਸ ਚੌਕੀ ਨੇ ਐੱਸਸੀਓ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵਿਅਕਤੀ ਸਰਕਾਰੀ ਦਰੱਖਤ ਵੱਢਦਾ ਹੈ ਤਾਂ ਇਸ ਦੀ ਸੂਚਨਾ ਨਜ਼ਦੀਕੀ ਪੁਲੀਸ ਸਟੇਸ਼ਨ ਜਾਂ ਬਾਗਬਾਨੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।