ਟੀਐੱਮਸੀ ਆਗੂ ਦੀ ਪਤਨੀ ਵੱਲੋਂ ਐੱਨਆਈਏ ਅਧਿਕਾਰੀਆਂ ਖ਼ਿਲਾਫ਼ ਕੇਸ
ਕੋਲਕਾਤਾ, 7 ਅਪਰੈਲ
ਗ੍ਰਿਫ਼ਤਾਰ ਕੀਤੇ ਟੀਐੱਮਸੀ ਆਗੂ ਮਨੋਬ੍ਰਤਾ ਜਾਨਾ ਦੀ ਪਤਨੀ ਨੇ ਐੱਨਆਈਏ ਅਧਿਕਾਰੀਆਂ ਖ਼ਿਲਾਫ਼ ਦਾਇਰ ਐੱਫਆਈਆਰ ਵਿਚ ਭੂਪਤੀਨਗਰ ਸਥਿਤ ਆਪਣੀ ਰਿਹਾਇਸ਼ ਵਿਚ ਜਾਂਚ ਦੇ ਬਹਾਨੇ ਜਬਰੀ ਦਾਖਲ ਹੋ ਕੇ ਛੇੜਛਾੜ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਕੌਮੀ ਜਾਂਚ ਏਜੰਸੀ ਨੇ ਦੋ ਸਾਲ ਪਹਿਲਾਂ ਪੱਛਮੀ ਬੰਗਾਲ ਦੇ ਪੂਰਬੀ ਮੇਦਨੀਪੁਰ ਵਿਚ ਧਮਾਕੇ ਨਾਲ ਜੁੜੇ ਕੇਸ ਵਿਚ ਦੋ ਅਹਿਮ ਸਾਜ਼ਿਸ਼ਘਾੜਿਆਂ- ਬਲਾਈ ਚਰਨ ਮੈਤੀ ਤੇ ਮਨੋਬ੍ਰਤ ਜਾਨਾ ਨੂੰ ਸ਼ਨਿਚਰਵਾਰ ਨੂੰ ਗ਼੍ਰਿਫ਼ਤਾਰ ਕੀਤਾ ਸੀ। ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਜਾਨਾ ਦੀ ਪਤਨੀ ਮੋਨੀ ਜਾਨਾ ਨੇ ਭੂਪਤੀਨਗਰ ਥਾਣੇ ਵਿਚ ਦਰਜ ਸ਼ਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਐੱਨਆਈਏ ਅਧਿਕਾਰੀਆਂ ਨੇ ਸ਼ਨਿਚਰਵਾਰ ਸਵੇਰੇ ਮਾਰੇ ਛਾਪੇ ਦੌਰਾਨ ਉਸ ਦੀ ਰਿਹਾਇਸ਼ ’ਤੇ ਜਾਇਦਾਦ ਦੀ ਭੰਨ-ਤੋੜ ਵੀ ਕੀਤੀ। ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਮਹਿਲਾ ਦੀ ਸ਼ਿਕਾਇਤ ’ਤੇ ਐੱਨਆਈਏ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਆਈਪੀਸੀ ਦੀ ਧਾਰਾ 354 ਵੀ ਲਾਈ ਗਈ ਹੈ।’’ ਐੱਨਆਈਏ ਦੀ ਟੀਮ ਸ਼ਨਿਚਰਵਾਰ ਨੂੰ 2022 ਧਮਾਕਾ ਕੇਸ ਦੇ ਦੋ ਮੁੱਖ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਗਈ ਸੀ ਤੇ ਇਸ ਦੌਰਾਨ ਹਜੂਮ ਨੇ ਟੀਮ ’ਤੇ ਕਥਿਤ ਹਮਲਾ ਕਰ ਦਿੱਤਾ। ਐੱਨਆਈਏ ਨੇ ਦਾਅਵਾ ਕੀਤਾ ਸੀ ਕਿ ਭੂਪਤੀਨਗਰ ਵਿਚ ਹੋਏ ਹਮਲੇ ਦੌਰਾਨ ਉਸ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ ਸੀ ਤੇ ਇਸ ਦੌਰਾਨ ਇਕ ਵਾਹਨ ਵੀ ਨੁਕਸਾਨਿਆ ਗਿਆ। ਪੁਲੀਸ ਨੇ ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ‘ਮਾਮਲਾ ਜਾਂਚ ਅਧੀਨ ਹੈ।’ -ਪੀਟੀਆਈ
ਕਾਰਵਾਈ ਪਿੱਛੇ ਕੋਈ ਮਾੜਾ ਇਰਾਦਾ ਨਹੀਂ ਸੀ: ਐੱਨਆਈਏ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਨੇ ਦੋ ਸਾਲ ਪੁਰਾਣੇ ਧਮਾਕਾ ਕੇਸ ਵਿਚ ਮਾਰੇ ਛਾਪਿਆਂ ਤੇ ਦੋ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਪਿੱਛੇ ਐੱਨਆਈਏ ਦਾ ਕੋਈ ਮਾੜਾ ਇਰਾਦਾ ਹੋਣ ਦੇ ਦੋਸ਼ਾਂ ਨੂੰ ਜ਼ੋਰਦਾਰ ਢੰਗ ਨਾਲ ਖਾਰਜ ਕੀਤਾ ਹੈ। ਤਰਜਮਾਨ ਨੇ ਇਸ ਪੂਰੇ ਵਿਵਾਦ ਨੂੰ ‘ਮੰਦਭਾਗਾ’ ਕਰਾਰ ਦਿੰਦੇ ਹੋਏ ਸਾਫ਼ ਕੀਤਾ ਕਿ ਉਨ੍ਹਾਂ ਦੀ ਟੀਮ ’ਤੇ ‘ਬਿਨਾਂ ਕਿਸੇ ਭੜਕਾਹਟ’ ਤੋਂ ਹਮਲਾ ਕੀਤਾ ਗਿਆ ਸੀ। ਤਰਜਮਾਨ ਨੇ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਵੱਲੋਂ ਐੱਨਆਈਏ ਤੇ ਭਾਜਪਾ ਵਿਚਾਲੇ ‘ਨਾਪਾਕ ਗੱਠਜੋੜ’ ਹੋਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। -ਪੀਟੀਆਈ
ਚੋਣ ਕਮਿਸ਼ਨ ਨੇ ਚੁੱਪ ਧਾਰੀ: ਟੀਐੱਮਸੀ
ਕੋਲਕਾਤਾ: ਤ੍ਰਿਣਮੂਲ ਕਾਂਗਰਸ ਨੇ ਕੌਮੀ ਜਾਂਚ ਏਜੰਸੀ ਤੇ ਭਾਜਪਾ ਦਰਮਿਆਨ ਕਥਿਤ ‘ਨਾਪਾਕ ਗੱਠਜੋੜ’ ਦਾ ਦਾਅਵਾ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਨੇ ਇਸ ਮੁੱਦੇ ’ਤੇ ‘ਪ੍ਰਤੱਖ ਰੂਪ ਵਿਚ ਚੁੱਪੀ’ ਧਾਰੀ ਹੋਈ ਹੈ। ਪਾਰਟੀ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਐੱਨਆਈਏ ਤੇ ਬੰਗਾਲ ਭਾਜਪਾ ਵੱਲੋਂ ਚੋਣ ਜ਼ਾਬਤੇ ਦਰਮਿਆਨ ਵੀ ਮਿਲ ਕੇ ਤ੍ਰਿਣਮੂਲ ਕਾਂਗਰਸ ਆਗੂਆਂ ਖ਼ਿਲਾਫ਼ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਭਾਰਤੀ ਚੋਣ ਕਮਿਸ਼ਨ ਪ੍ਰਤੱਖ ਰੂਪ ਵਿਚ ਚੁੱਪ ਰਹਿ ਕੇ ਚੋਣਾਂ ਵਿਚ ਆਪਣੇ ਫ਼ਰਜ਼ਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।’’ ਉਧਰ ਭਾਜਪਾ ਤਰਜਮਾਨ ਸਾਮਿਕ ਭੱਟਾਚਾਰੀਆ ਨੇ ਦੋਸ਼ ਨਕਾਰੇ। -ਪੀਟੀਆਈ
ਹਿੰਸਾ ਦਾ ਠੀਕਰਾ ਮਮਤਾ ਸਰਕਾਰ ਸਿਰ ਨਹੀਂ ਭੰਨ੍ਹ ਸਕਦੇ: ਬੋੋਸ
ਕੋਲਕਾਤਾ: ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ.ਆਨੰਦਾ ਬੋਸ ਨੇ ਇਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਹੈ ਕਿ ਹਿੰਸਕ ਘਟਨਾਵਾਂ ਕਰਕੇ ਪੂਰੇ ਪੱਛਮੀ ਬੰਗਾਲ ਵਿਚ ਨਹੀਂ ਬਲਕਿ ਇੱਕਾ-ਦੁੱਕਾ ਥਾਵਾਂ ’ਤੇ ਅਮਨ ਤੇ ਕਾਨੂੰਨ ਦੀ ਸਥਿਤੀ ਅਸਰਅੰਦਾਜ਼ ਹੋਈ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਕੁਝ ਹਿੱਸਿਆਂ ਵਿਚ ਹੋਈ ਹਿੰਸਾ ਦਾ ਪੂਰਾ ਠੀਕਰਾ ਮੌਜੂਦਾ ਤ੍ਰਿਣਮੂਲ ਕਾਂਗਰਸ ਸਰਕਾਰ ਸਿਰ ਨਹੀਂ ਭੰਨ੍ਹਿਆ ਜਾ ਸਕਦਾ ਕਿਉਂਕਿ ਇਸ ਦਾ ਕਾਰਨ ‘ਬੀਤੇ ਦੀ ਵਿਰਾਸਤ’ ਵੀ ਹੋ ਸਕਦਾ ਹੈ। ਇਥੇ ਰਾਜ ਭਵਨ ਵਿਚ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਬੋਸ, ਜਿਨ੍ਹਾਂ ਦਾ ਕਈ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਪੇਚ ਫਸਦਾ ਰਿਹਾ ਹੈ, ਨੇ ਕਿਹਾ ਕਿ ਉਨ੍ਹਾਂ ਦੀ ਸੂਝ-ਬੂਝ ਵਿਚ ਵੱਖਰੇਵੇਂ ਹੋ ਸਕਦੇ ਹਨ, ਪਰ ਉਨ੍ਹਾਂ ‘ਸੁਖਾਵੇਂ ਮਾਹੌਲ/ਮਰਿਆਦਾ’ ਨੂੰ ਕਾਇਮ ਰੱਖਿਆ ਹੈ। ਬੋਸ, ਜੋ ਆਪਣੇ ਕਾਰਜਕਾਲ ਨੂੰ ਆਪਣੇ ਲਈ ‘ਤੱਥਾਂ ਦੀ ਖੋਜ ਤੇ ਡੇਟਾ ਇਕੱਤਰ ਕਰਨ ਦੇ ਸਮੇਂ’ ਵਜੋਂ ਬਿਆਨਦੇ ਹਨ, ਨੇ ਕਿਹਾ ਕਿ ਪੂਰੇ ਸੂਬੇ ਵਿਚ ਅਮਨ ਤੇ ਕਾਨੂੰਨ ਦੀ ਹਾਲਤ ਨਹੀਂ ਵਿਗੜੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਕੁਝ ਅਹਿਮ ਟਿਕਾਣਿਆਂ ਦਾ ਕੰਟਰੋਲ ਗੁੰਡਿਆਂ ਹੱਥ ਸੀ। ਬੋਸ ਨੇ ਕਿਹਾ, ‘‘ਸੰਦੇਸ਼ਖਲੀ ਵਿਚ ਮੈਂ ਦੇਖਿਆ ਕਿ ਮਹਿਲਾਵਾਂ ਮਾਣ ਸਤਿਕਾਰ ਨਾਲ ਅਮਨ ਚਾਹੁੰਦੀਆਂ ਸਨ, ਪਰ ਉਨ੍ਹਾਂ ਦੇ ਆਦਰ ਮਾਣ ਨੂੰ ਟੋਟੇ ਟੋਟੇ ਕੀਤਾ ਗਿਆ। ਹਿੰਸਕ ਘਟਨਾਵਾਂ ਕੁਝ ਖੇਤਰਾਂ ਤੱਕ ਸੀਮਤ ਸਨ, ਪਰ ਇਨ੍ਹਾਂ ਦੀ ਗਿਣਤੀ ਵਧਦੀ ਗਈ। ਇਸ ਲਈ ਮੈਂ ਇਹ ਨਹੀਂ ਕਹਾਂਗਾ ਕਿ ਪੂਰੇ ਪੱਛਮੀ ਬੰਗਾਲ ਵਿਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਸੀ, ਪਰ ਕੁਝ ਅਹਿਮ ਥਾਵਾਂ ’ਤੇ ਗੁੰਡਿਆਂ ਦਾ ਕੰਟਰੋਲ ਸੀ।’’ -ਪੀਟੀਆਈ