ਝੋਨੇ ਦੀਆਂ 14 ਬੋਗੀਆਂ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਮਿੱਲ ਮਾਲਕ ਤੇ ਭਾਈਵਾਲਾਂ ਖ਼ਿਲਾਫ਼ ਕੇਸ
ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ
ਸੰਗਰੂਰ/ਭਵਾਨੀਗੜ੍ਹ, 25 ਨਵੰਬਰ
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੰਗਰੂਰ ਜ਼ਿਲ੍ਹੇ ਦੇ ਕਸਬਾ ਭਵਾਨੀਗੜ੍ਹ ਸਥਿਤ ਸਿੰਗਲਾ ਫੂਡ ਪ੍ਰੋਡਕਟਸ ਨਾਮੀ ਚੌਲ ਮਿੱਲ ਦੇ ਚਾਰ ਭਾਈਵਾਲਾਂ ਵਿਰੁੱਧ ਝੋਨੇ ਦੀਆਂ 14 ਬੋਗੀਆਂ ਖੁਰਦ-ਬੁਰਦ ਕਰਨ ਅਤੇ ਸਰਕਾਰ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਚੌਲ ਮਿੱਲ ਵਿਰੁੱਧ ਇਹ ਜਾਂਚ ਉਸ ਵੇਲੇ ਪਨਸਪ ਦੇ ਪ੍ਰਬੰਧਕੀ ਡਾਇਰੈਕਟਰ ਵੱਲੋਂ ਪ੍ਰਾਪਤ ਪੱਤਰ ਦੇ ਅਧਾਰ ’ਤੇ ਕੀਤੀ ਗਈ ਹੈ। ਚੌਲ ਮਿੱਲਰ ਨੇ ਸਾਲ 2011-2012 ਦੌਰਾਨ ਝੋਨੇ ਅਤੇ ਚੌਲਾਂ ਦੇ ਭੰਡਾਰਨ ਲਈ ਸੂਬੇ ਦੀ ਖਰੀਦ ਅਥਾਰਟੀ ਪਨਸਪ ਨਾਲ ਸਮਝੌਤਾ ਸਹੀਬੱਧ ਕੀਤਾ ਸੀ। ਉਨ੍ਹਾਂ ਦੱਸਿਆ ਕਿ ਤਤਕਾਲੀ ਜ਼ਿਲ੍ਹਾ ਕੰਟਰੋਲਰ, ਖੁਰਾਕ ਤੇ ਸਿਵਲ ਸਪਲਾਈਜ਼ ਅਤੇ ਖ਼ਪਤਕਾਰ ਮਾਮਲੇ (ਡੀਐੱਫਐੱਸਸੀ) ਵਿਭਾਗ, ਸੰਗਰੂਰ ਨੇ ਚੌਲ ਮਿੱਲ ਖ਼ਿਲਾਫ਼ ਝੋਨੇ ਦੀ ਘਪਲੇਬਾਜ਼ੀ ਸਬੰਧੀ ਜਾਂਚ ਕਰਨ ਲਈ ਤਤਕਾਲੀ ਜ਼ਿਲ੍ਹਾ ਮੈਨੇਜਰ ਪਨਸਪ, ਸੰਗਰੂਰ ਨੂੰ ਸ਼ਿਕਾਇਤ ਪੱਤਰ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਦੇ ਆਧਾਰ ’ਤੇ ਸਿੰਗਲਾ ਫੂਡ ਪ੍ਰੋਡਕਟਸ, ਭਵਾਨੀਗੜ੍ਹ ਦੇ ਚਾਰ ਭਾਈਵਾਲਾਂ ਪਵਨ ਕੁਮਾਰ ਅਤੇ ਤਿੰਨ ਮਹਿਲਾ ਭਾਈਵਾਲਾਂ ਲੀਲਾਵਤੀ, ਮੰਜੂ ਸਿੰਗਲਾ ਅਤੇ ਸਮੀਰਾ ਸਿੰਗਲਾ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਥਾਣਾ ਆਰਥਿਕ ਅਪਰਾਧ ਵਿੰਗ, ਲੁਧਿਆਣਾ ਰੇਂਜ ਵਿੱਚ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।