ਭੀਮ ਸੈਨਾ ਮੁਖੀ ਨੂੰ ਧਮਕਾਉਣ ਦੇ ਦੋਸ਼ ਹੇਠ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਖ਼ਿਲਾਫ਼ ਕੇਸ
ਗੁਰੂਗ੍ਰਾਮ, 3 ਨਵੰਬਰ
Gangster Lawrence Bishnoi’s brother Anmol booked for threatening Bhim Sena chief: ਇੱਥੋਂ ਦੀ ਪੁਲੀਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਖਿਲਾਫ ਭੀਮ ਸੈਨਾ ਦੇ ਮੁਖੀ ਸਤਪਾਲ ਤੰਵਰ ਨੂੰ ਧਮਕੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਨਮੋਲ ’ਤੇ ਜ਼ਿੰਬਾਬਵੇ ਅਤੇ ਕੀਨੀਆ ਦੇ ਨੰਬਰਾਂ ਦੀ ਵਰਤੋਂ ਕਰ ਕੇ ਅਮਰੀਕਾ ਅਤੇ ਕੈਨੇਡਾ ਤੋਂ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸਟੀਐੱਫ, ਕ੍ਰਾਈਮ ਯੂਨਿਟ ਅਤੇ ਕਈ ਸਾਈਬਰ ਕ੍ਰਾਈਮ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਨਮੋਲ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੰਵਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਦੇ ਭਰਾ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸ਼ਿਕਾਇਤ ਅਨੁਸਾਰ 30 ਅਕਤੂਬਰ ਨੂੰ ਅਨਮੋਲ ਵੱਲੋਂ ਉਸ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਕੁੱਲ 6 ਮਿੰਟ 41 ਸਕਿੰਟਾਂ ਦੀਆਂ ਫ਼ੋਨ ਕਾਲਾਂ ਵਿੱਚ ਗੈਂਗਸਟਰ ਉਸ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਸੀ। ਉਸ ਨੇ ਫੋਨ ’ਤੇ ਉਸ ਦੀ ਮਹਿਲਾ ਸਕੱਤਰ ਨਾਲ ਦੁਰਵਿਹਾਰ ਕੀਤਾ ਅਤੇ ਧਮਕੀਆਂ ਦਿੱਤੀਆਂ।
ਇਸ ਤੋਂ ਬਾਅਦ ਪੁਲੀਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਈਬਰ ਪੁਲੀਸ ਦੀ ਟੀਮ ਨੇ ਸ਼ਿਕਾਇਤ ਨੂੰ ਸੱਚਾ ਪਾਇਆ। ਇਸ ਤੋਂ ਬਾਅਦ ਸੈਕਟਰ 37 ਥਾਣੇ ਵਿੱਚ ਅਨਮੋਲ ਵਿਰੁੱਧ ਐਫਆਈਆਰ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਨਮੋਲ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ।