ਕੌਂਸਲਰ ਨਵਤੇਜ ਸਿੰਘ ਖ਼ਿਲਾਫ਼ ਕੇਸ
ਹਰਜੀਤ ਸਿੰਘ
ਜ਼ੀਰਕਪੁਰ, 21 ਨਵੰਬਰ
ਨਗਰ ਕੌਂਸਲ ਜ਼ੀਰਕਪੁਰ ਦੇ ਵਾਰਡ ਨੰਬਰ-30 ਦੇ ਕੌਂਸਲਰ ਨਵਤੇਜ ਉਰਫ ਨਵੀ ਧੀਮਾਨ ਖ਼ਿਲਾਫ਼ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਗਰ ਕੌਂਸਲ ਜ਼ੀਰਕਪੁਰ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪੱਥਰੀਆ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਭਬਾਤ ਰੋਡ ’ਤੇ ਲੱਕੀ ਢਾਬੇ ਵਾਲੀ ਸੜਕ ਵਿੱਚ ਲਾਏ ਡਿਵਾਈਡਰ ਖ਼ਿਲਾਫ਼ ਦੁਕਾਨਦਾਰਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਸ ਕਾਰਨ ਸੜਕ ’ਤੇ ਜਾਮ ਲੱਗ ਰਿਹਾ ਹੈ ਅਤੇ ਵੱਡੀਆਂ ਗੱਡੀਆਂ ਲੰਘਣ ਵਿੱਚ ਮੁਸ਼ਕਲ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸੁਪਰਵਾਈਜ਼ਰ ਚੇਤਨ ਸ਼ਰਮਾ ਤੇ ਠੇਕੇਦਾਰ ਦੀ ਲੇਬਰ ਨੂੰ ਇਹ ਡਿਵਾਈਡਰ ਹਟਾ ਕੇ ਨਗਰ ਕੌਂਸਲ ਜ਼ੀਰਕਪੁਰ ਵਿੱਚ ਲਿਆਉਣ ਕਿਹਾ ਗਿਆ ਸੀ। ਇਹ ਕਰਮਚਾਰੀ ਅਤੇ ਮਜ਼ਦੂਰ ਜਦੋਂ ਡਿਵਾਈਡਰ ਹਟਾ ਰਹੇ ਸਨ ਤਾਂ ਕੌਂਸਲਰ ਨਵਤੇਜ ਵੱਲੋਂ ਕੁਝ ਅਣਪਛਾਤਿਆਂ ਨੂੰ ਬੁਲਾ ਕੇ ਸਰਕਾਰੀ ਕੰਮ ਰੁਕਵਾਇਆ ਗਿਆ। ਉਨ੍ਹਾਂ ਨਗਰ ਕੌਂਸਲ ਦੇ ਸੁਪਰਵਾਈਜ਼ਰ ਚੇਤਨ ਸ਼ਰਮਾ ਅਤੇ ਠੇਕੇਦਾਰ ਦੇ ਮਜ਼ਦੂਰਾਂ ਦੇ ਫੋਨ ਖੋਹ ਲਏ। ਉਨ੍ਹਾਂ ਨੂੰ ਬੰਦੀ ਬਣਾ ਕੇ ਬਦਸਲੂਕੀ ਤੇ ਧੱਕਾ-ਮੁੱਕੀ ਕੀਤੀ ਗਈ ਹੈ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਨਵਤੇਜ ਧੀਮਾਨ ਤੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ, ਸੀਨੀਅਰ ਕਾਂਗਰਸੀ ਆਗੂ ਦੀਪਿੰਦਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਰਕਰਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਦਾਲਤ ਵਿੱਚ ਇਸ ਧੱਕੇਸ਼ਾਹੀ ਖ਼ਿਲਾਫ਼ ਅਪੀਲ ਕੀਤੀ ਜਾਵੇਗੀ।
ਨਾਜਾਇਜ਼ ਕੇਸ ਕਰਵਾ ਰਹੇ ਨੇ ਅਧਿਕਾਰੀ: ਕੌਂਸਲਰ
ਨਵਤੇਜ ਸਿੰਘ ਨਵੀ ਨੇ ਕਿਹਾ ਕਿ ਉਸ ਵੱਲੋਂ ਦੋ ਦਿਨ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਨਗਰ ਕੌਂਸਲ ਜ਼ੀਰਕਪੁਰ ਖ਼ਿਲਾਫ਼ ਵੱਡੇ ਖ਼ੁਲਾਸੇ ਕੀਤੇ ਜਾਣਗੇ। ਇਸ ਤੋਂ ਘਬਰਾਉਂਦੇ ਹੋਏ ਕੌਂਸਲ ਅਧਿਕਾਰੀ ਉਸ ਖ਼ਿਲਾਫ਼ ਨਾਜਾਇਜ਼ ਕੇਸ ਕਰਵਾ ਰਹੇ ਹਨ।