ਜੰਗਲਾਤ ਵਿਭਾਗ ਦੀ ਜ਼ਮੀਨ ਵਾਹੁਣ ਦੇ ਦੋਸ਼ ਹੇਠ 6 ਖ਼ਿਲਾਫ਼ ਕੇਸ
ਪੱਤਰ ਪ੍ਰੇਰਕ
ਮਾਛੀਵਾੜਾ, 30 ਜੁਲਾਈ
ਸਥਾਨਕ ਪੁਲੀਸ ਵੱਲੋਂ ਜੰਗਲਾਤ ਵਿਭਾਗ ਦੀ ਸ਼ਿਕਾਇਤ ’ਤੇ ਮੰਡ ਉਧੋਵਾਲ ਦੀ ਜੰਗਲਾਤ ਜ਼ਮੀਨ ਵਾਹ ਕੇ ਕਬਜ਼ਾ ਕਰਨ ਅਤੇ ਉਸ ਵਿੱਚ ਲੱਗੇ ਪੌਦੇ ਨਸ਼ਟ ਕਰਨ ਦੇ ਕਥਿਤ ਦੋਸ਼ ਹੇਠ ਬਹਾਦਰ ਸਿੰਘ ਵਾਸੀ ਟਾਂਡਾ ਕੁਸ਼ਲ ਅਤੇ ਹੋਰ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜੰਗਲਾਤ ਵਿਭਾਗ ਦੇ ਵਣ ਰੇਂਜ ਅਫ਼ਸਰ ਸੁਖਪਾਲ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਿਭਾਗ ਦੀ ਮੰਡ ਉਧੋਵਾਲ ਵਿੱਚ ਕਰੀਬ 3 ਏਕੜ 5 ਕਨਾਲ 17 ਮਰਲੇ ਵਿੱਚ ਬੂਟੇ ਲਗਾਏ ਗਏ ਸਨ। ਬੀਤੀ 27 ਜੁਲਾਈ ਦੀ ਸ਼ਾਮ ਬਹਾਦਰ ਸਿੰਘ ਨੇ ਆਪਣੇ ਨਾਲ 4-5 ਹੋਰ ਸਾਥੀਆਂ0 ਨੂੰ ਨਾਲ ਲੈ ਕੇ ਜਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਰੇ ਲੱਗੇ ਪੌਦੇ ਨਸ਼ਟ ਕਰ ਦਿੱਤੇ। ਸੂਚਨਾ ਮਿਲਣ ’ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਕਬਜ਼ਾ ਰੋਕਣ ਦੀ ਕੋਸ਼ਿਸ਼ ਕੀਤੀ। ਕਬਜ਼ਾ ਕਰਨ ਵਾਲੇ ਵਿਅਕਤੀਆਂ ਵਲੋਂ ਉਨ੍ਹਾਂ ਨੂੰ ਡਰਾਇਆ, ਧਮਕਾਇਆ ਗਿਆ ਅਤੇ ਗਾਲੀ-ਗਲੋਚ ਕਰਦੇ ਮੌਕੇ ਤੋਂ ਫ਼ਰਾਰ ਹੋ ਗਏ। ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਸ਼ਿਕਾਇਤ ਵਿਚ ਦੱਸਿਆ ਕਿ ਇਸ ਜ਼ਮੀਨ ਵਿੱਚ ਲੱਗੇ 2170 ਟਾਹਲੀ ਦੇ ਬੂਟੇ ਨਸ਼ਟ ਕਰ ਦਿੱਤੇ ਗਏ ਅਤੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਨੇ 3 ਕੁਇੰਟਲ ਕੰਡੇਦਾਰ ਤਾਰ ਅਤੇ 60 ਸੀਮਿੰਟ ਦੀਆਂ ਬੱਲੀਆਂ ਵੀ ਚੋਰੀ ਕਰ ਕੇ ਲੈ ਗਏ। ਪੁਲੀਸ ਵੱਲੋਂ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।