ਪਰਾਲੀ ਸਾੜਨ ਦੇ ਦੋਸ਼ ਹੇਠ 25 ਕਿਸਾਨਾਂ ’ਤੇ ਕੇਸ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਨਵੰਬਰ
ਜ਼ਿਲ੍ਹਾ ਪੁਲੀਸ ਨੇ ਝੋਨੇ ਦੀ ਪਰਾਲੀ ਸਾੜਨ ਦੇ ਇਲਜ਼ਾਮਾਂ ਤਹਤਿ ਫਰੀਦਕੋਟ ਜ਼ਿਲ੍ਹੇ ਵਿੱਚ ਹੁਣ ਤੱਕ 25 ਕਿਸਾਨਾਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਸੂਚਨਾ ਅਨੁਸਾਰ ਭੋਲੂਵਾਲਾ, ਮਹਿਮੂਆਣਾ, ਮੰਡਵਾਲਾ, ਕਾਬਲਵਾਲਾ, ਕਾਊਣੀ, ਦੀਪ ਸਿੰਘ ਵਾਲਾ, ਕੋਟਕਪੂਰਾ, ਵਾੜਾ ਦਰਾਕਾ, ਪੰਜਗਰਾਈਂ, ਜਿਉਣਵਾਲਾ, ਰੋਮਾਣ ਅਲਬੇਲ ਸਿੰਘ, ਅਜਿੱਤਗਿੱਲ ਅਤੇ ਗੁਰੂਸਰ ਆਦਿ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਵੱਡੀ ਪੱਧਰ ਤੇ ਸਾੜਿਆ ਗਿਆ ਸੀ। ਪੁਲੀਸ ਨੇ ਪਰਾਲੀ ਸਾੜਣ ਵਾਲੇ ਕਿਸਾਨਾਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 188 ਤਹਤਿ ਪਰਚਾ ਦਰਜ ਕੀਤਾ ਹੈ ਪਰ ਅਜੇ ਤੱਕ ਕਿਸੇ ਵੀ ਕਿਸਾਨ ਦੀ ਗ੍ਰਿਫ਼ਤਾਰੀ ਨਹੀਂ ਕੀਤੀ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਕੁਝ ਖੇਤਾਂ ਦੇ ਕਿਸਾਨਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਉਨ੍ਹਾਂ ਕਿਸਾਨਾਂ ਦੀ ਸ਼ਨਾਖਤ ਕਰ ਰਿਹਾ ਹੈ ਜਿਨ੍ਹਾਂ ਨੇ ਪ੍ਰਸ਼ਾਸਨ ਦੀ ਅਪੀਲ ਦੇ ਬਾਵਜੂਦ ਵੀ ਪਰਾਲੀ ਨੂੰ ਅੱਗ ਲਾਉਣੀ ਬੰਦ ਨਹੀਂ ਕੀਤੀ। ਇਸੇ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਣ ਲਈ ਪ੍ਰੇਰਤਿ ਕੀਤਾ ਜਾ ਰਿਹਾ ਹੈ।