ਕੁੱਟਮਾਰ ਦੇ ਦੋਸ਼ ਹੇਠ 5 ਔਰਤਾਂ ਸਣੇ 21 ਜਣਿਆਂ ਖ਼ਿਲਾਫ਼ ਕੇਸ
ਲੁਧਿਆਣਾ
ਵੱਖ ਵੱਖ ਥਾਵਾਂ ’ਤੇ ਅੱਜ ਪੁਲੀਸ ਨੇ ਕੁੱਟਮਾਰ ਦੇ ਦੋਸ਼ ਹੇਠ 5 ਔਰਤਾਂ ਸਮੇਤ 21 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਪਿੰਡ ਬਲੀਏਵਾਲ ਵਾਸੀ ਵੀਰਪਾਲ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਜਾ ਰਿਹਾ ਸੀ, ਜਦੋਂ ਕੁਝ ਵਿਅਕਤੀਆਂ ਨੇ ਰੰਜਿ਼ਸ਼ ਤਹਿਤ ਉਸ ਨੂੰ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਦੀ ਸੋਨੇ ਦੀ ਚੇਨ, 20 ਹਜ਼ਾਰ ਰੁਪਏ ਅਤੇ ਚਾਂਦੀ ਦਾ ਕੜਾ ਖੋਹ ਕੇ ਲੈ ਗਏ। ਕੁਝ ਵਿਅਕਤੀਆਂ ਨੇ ਉਸ ਦੀ ਦੁਕਾਨ ਦੀ ਵੀ ਭੰਨ੍ਹ-ਤੋੜ ਕੀਤੀ ਹੈ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਉਸਦੀ ਦੁਕਾਨ ਦੀ ਭੰਨਤੋੜ ਵੀ ਕੀਤੀ। ਉਸ ਨੇ ਦੋਸ਼ ਲਾਇਆ ਕਿ ਚਚੇਰੇ ਭਰਾ ਬੰਟੀ ਨਾਲ ਉਨ੍ਹਾਂ ਦੀ ਪਰਿਵਾਰਕ ਲੜਾਈ ਸੀ, ਜਿਸ ਕਰਕੇ ਉਸ ਨੇ ਇਹ ਹਮਲਾ ਕੀਤਾ ਹੈ। ਪੁਲੀਸ ਨੇ ਇਸ ਸਬੰਧੀ ਗੋਪੀ, ਲਾਡੀ, ਭੁਪਿੰਦਰ, ਮਨੀ, ਹਰਬੰਸ, ਪੂਜਾ, ਕਿੰਦੀ, ਸਨੀ, ਰੈਪੂ, ਬਿੱਟੂ, ਗੋਲੀ, ਭੁਲੇਖਾ, ਰਾਹੁਲ, ਤਾਨੀਆ, ਕਾਲਾ, ਸਰਬਜੀਤ ਕੌਰ ਤੇ ਲਵਲੀ ਵਾਸੀਆਨ ਪਿੰਡ ਬਲੀਏਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ 100 ਫੁੱਟਾ ਰੋਡ ਮੋਤੀ ਨਗਰ ਵਾਸੀ ਗੀਤਾ ਪਤਨੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਮਕਾਨ ਮਾਲਕ ਸ਼ਿਵ ਕੁਮਾਰ, ਉਸ ਦੀ ਪਤਨੀ ਕਿਰਨ ਬਾਲਾ ਅਤੇ ਦੋਵੇਂ ਪੁੱਤਰਾਂ ਕਾਰਤਿਕ ਤੇ ਅਨੁਰਾਗ ਨੇ ਕਮਰਾ ਖਾਲੀ ਕਰਾਉਣ ਲਈ ਉਸ ਦੀ, ਪੁੱਤਰ ਵਿਨੈ ਕੁਮਾਰ ਤੇ ਧੀ ਨਿਸ਼ਾ ਦੀ ਕੁੱਟਮਾਰ ਕੀਤੀ। -ਨਿੱਜੀ ਪੱਤਰ ਪ੍ਰੇਰਕ