ਕੁੱਟਮਾਰ ਦੇ ਦੋਸ਼ ਹੇਠ ਦੋ ਔਰਤਾਂ ਸਣੇ 14 ਮੁਲਜ਼ਮਾਂ ਖ਼ਿਲਾਫ਼ ਕੇਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ ਥਾਣਾ, 3 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੜਾਈ, ਝਗੜਿਆਂ ਅਤੇ ਕੁੱਟਮਾਰ ਦੇ ਦੋਸ਼ ਹੇਠ ਦੋ ਔਰਤਾਂ ਸਮੇਤ 14 ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੂੰ ਹੈਵਨ ਸਿਟੀ, ਭਾਮੀਆਂ ਖੁਰਦ ਵਾਸੀ ਸ਼ਮਸ਼ੇਰ ਅੰਸਾਰੀ ਨੇ ਦੱਸਿਆ ਕਿ ਉਹ ਅਵਤਾਰ ਗੈਸ ਏਜੰਸੀ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਹੈ। ਨਸੀਮ ਅੰਸਾਰੀ, ਅਫਤਾਬ ਅੰਸਾਰੀ, ਕਸਮੂਦੀਨ ਅੰਸਾਰੀ, ਮਹਿੰਦਰ, ਬਿੱਟੂ ਤੇ 4-5 ਅਣਪਛਾਤੇ ਵਿਅਕਤੀਆਂ ਨੇ ਡਿਲਵਰੀ ਮੈਨ ਉਮੇਸ਼ ਚੌਧਰੀ ਦੀ ਕੁੱਟਮਾਰ ਕੀਤੀ ਤੇ ਉਸ ਦਾ ਆਟੋ ਵੀ ਭੰਨ੍ਹਤੋੜ ਦਿੱਤਾ। ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕਰਦਿਆਂ ਮੈਨੇਜਰ ਨਾਲ ਵੀ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਹਮਲਾਵਰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਪੁਲੀਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਨਿਊ ਸੁਭਾਸ਼ ਨਗਰ ਵਾਸੀ ਸੋਨੂੰ ਰਾਏ ਨੇ ਦੱਸਿਆ ਕਿ ਉਸ ਨੇ ਸ਼ਰਮਾ ਦੇਵੀ ਕੋਲੋਂ 5 ਲੱਖ 50 ਹਜ਼ਾਰ ਰੁਪਏ ਲੈਣੇ ਸਨ। ਜਦੋਂ ਉਹ ਉਧਾਰ ਦਿੱਤੇ ਪੈਸੇ ਲੈਣ ਗਿਆ ਤਾਂ ਸ਼ਰਮਾ ਦੇਵੀ, ਉਸ ਦਾ ਲੜਕਾ ਕੁਨਾਲ, ਲੜਕੀ ਨੇਹਾ ਤੇ ਘਰ ਵਿੱਚ ਕਿਰਾਏ ’ਤੇ ਰਹਿਣ ਵਾਲੇ ਵਿਸ਼ਾਲ ਨਾਂ ਦੇ ਲੜਕੇ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਪੁਲੀਸ ਨੇ ਉਕਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਸ਼ਿਕਾਇਤਕਰਤਾ ਨਾਲ ਕੁੱਟਮਾਰ ਕਰਨ ਦੀ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ।