ਜਾਅਲੀ ਦਸਤਾਵੇਜ਼ਾਂ ਰਾਹੀਂ ਐੱਸਸੀਓ ਵੇਚਣ ਦੇ ਦੋਸ਼ ਹੇਠ 13 ਖ਼ਿਲਾਫ਼ ਕੇਸ
ਗਗਨਦੀਪ ਅਰੋੜਾ
ਲੁਧਿਆਣਾ, 8 ਫਰਵਰੀ
ਗਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ (ਗਲਾਡਾ) ਵੱਲੋਂ ਬਣਾਏ ਗਏ ਸ਼ਾਪ ਕਮ ਆਫਿਸ ਦੇ ਜਾਅਲੀ ਕਾਗਜ਼ਾਂ ਜ਼ਰੀਏ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਭੂ-ਮਾਫ਼ੀਆ ਨੇ ਸਾਰੇ ਕਾਗਜ਼ ਜਾਅਲੀ ਤਿਆਰ ਕਰਨ ਤੋਂ ਬਾਅਦ ਐਸ.ਸੀ.ਓ ਨੂੰ ਕਰੀਬ ਸਾਢੇ ਪੰਜ ਕਰੋੜ ਰੁਪਏ ’ਚ ਵੇਚ ਵੀ ਦਿੱਤਾ। ਭੂ-ਮਾਫ਼ੀਆ ਦੇ ਨਾਲ ਨਾਲ ਇਸ ਧੰਦੇ ’ਚ ਗਲਾਡਾ ਦੇ ਹੀ ਮੁਲਾਜ਼ਮ ਤੇ ਕਈ ਅਧਿਕਾਰੀ ਵੀ ਸ਼ਾਮਲ ਸਨ। ਇਸ ਮਾਮਲੇ ਵਿਚ ਪੁਲੀਸ ਨੇ 13 ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਪੰਜ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮਾਡਲ ਟਾਊਨ ਐਕਸਟੈਂਸ਼ਨ ਦੇ ਰਹਿਣ ਵਾਲੇ ਦੀਪਕ ਕਥੂਰੀਆ ਨੇ ਆਪਣੇ ਮਾਮਾ ਅਨਿਲਜੋਤ ਸਿੰਘ ਨਾਲ ਮਿਲ ਕੇ ਰੇਸਤਰਾਂ ਖੋਲ੍ਹਣਾ ਸੀ। ਪ੍ਰਾਪਰਟੀ ਡੀਲਰ ਤਰੁਣ ਤਨੇਜਾ ਨੇ ਆਪਣੇ ਸਾਥੀ ਪ੍ਰਾਪਰਟੀ ਡੀਲਰ ਹਰਵਿੰਦਰ ਸਿੰਘ ਸੱਚਦੇਵਾ ਅਤੇ ਉਸਦੇ ਭਰਾ ਪਰਮਿੰਦਰ ਸਿੰਘ ਸਚਦੇਵਾ ਨਾਲ ਮਿਲਵਾਇਆ ਤੇ ਉਨ੍ਹਾਂ ਨੂੰ ਐਸਸੀਓ 105 ਨੰਬਰ ਦੱਸਿਆ। ਇਹ ਸੌਦਾ ਸਾਢੇ 5 ਕਰੋੜ ਰੁਪਏ ’ਚ ਹੋਇਆ ਜੋ ਰਕਮ ਦੇ ਦਿੱਤੀ ਗਈ। ਆਪਰੇਟਰ ਅਮਿਤ ਨੇ ਉਨ੍ਹਾਂ ਨੂੰ ਜਾਅਲੀ ਟਰਾਂਸਫਰ ਲੈਟਰ ਤੇ ਹੋਰ ਕਾਗਜ਼ ਦੇ ਦਿੱਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਮਈ 2023 ’ਚ ਪਤਾ ਲੱਗਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਥਾਣਾ ਮਾਡਲ ਟਾਊਨ ਪੁਲੀਸ ਨੇ ਇਸ ਮਾਮਲੇ ’ਚ ਸ਼ਹੀਦ ਭਗਤ ਸਿੰਘ ਨਗਰ ਵਾਸੀ ਤਰੁਣ ਤਨੇਜਾ, ਦੁੱਗਰੀ ਵਾਸੀ ਹਰਵਿੰਦਰ ਸਿੰਘ ਸਚਦੇਵਾ, ਉਸਦੇ ਭਰਾ ਪਰਮਿੰਦਰ ਸਿੰਘ ਸਚਦੇਵਾ, ਪਟਿਆਲਾ ਵਾਸੀ ਮਨਦੀਪ ਸਿੰਘ, ਬਸੰਤ ਐਵੀਨਿਊ ਵਾਸੀ ਉਪਜੀਤ ਸਿੰਘ, ਦੁੱਗਰੀ ਫੇਸ-2 ਵਾਸੀ ਨਰੇਸ਼ ਕੁਮਾਰ ਸ਼ਰਮਾ, ਸ਼ਿਮਲਾਪੁਰੀ ਵਾਸੀ ਹਰਜਿੰਦਰ ਕੰਗ, ਪੰਜਾਬ ਮਾਤਾ ਨਗਰ ਵਾਸੀ ਵਿਜੇ ਮਹਾਜਨ ਉਰਫ਼ ਸੋਨੂੰ, ਦੀਪਕ ਆਹੂਜਾ, ਰਾਹੋਂ ਰੋਡ ਵਾਸੀ ਲਾਡੀ, ਮਨੀਸ਼ ਪੁਰੀ ਅਤੇ ਅਪ੍ਰੇਟਰ ਅਮਿਤ ਕੁਮਾਰ ਦੇ ਨਾਲ ਨਾਲ ਮਿਨਾਕਸ਼ੀ ਉਰਫ਼ ਮੀਨਾ ਖਿਲਾਫ਼ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ’ਚ ਸਰਗਨਾ ਉਪਜੀਤ ਸਿੰਘ, ਮਨਦੀਪ ਸਿੰਘ, ਹਰੀਸ਼, ਮਨਜੀਤ ਸਿੰਘ ਉਰਫ਼ ਜੱਸਾ, ਆਪ੍ਰੇਟਰ ਦੀ ਪਤਨੀ ਮੀਨਾਕਸ਼ੀ ਉਰਫ਼ ਮੀਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸਾਰੇ ਮੁਲਜ਼ਮ ਪੁਲੀਸ ਰਿਮਾਂਡ ’ਤੇ ਹਨ ਅਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਕਈ ਹੋਰ ਨਾਮ ਵੀ ਸਾਹਮਣੇ ਆਉਣ ਦੀ ਉਮੀਦ ਹੈ। ਇਸਦੇ ਨਾਲ ਹੀ ਜਿਹੜੇ ਮੁਲਜ਼ਮ ਫ਼ਰਾਰ ਹਨ, ਉਨ੍ਹਾਂ ਦੀ ਭਾਲ ’ਚ ਲਗਾਤਾਰ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਗਲਾਡਾ ਦਫ਼ਤਰ ’ਚੋਂ ਚੋਰੀ ਹੋਈਆਂ 28 ਫਾਈਲਾਂ ਬਰਾਮਦ
ਠੱਗੀ ਮਾਰਨ ਵਾਲਿਆਂ ਨੇ ਗਲਾਡਾ ਦੇ ਮੁਲਾਜ਼ਮਾਂ ਨਾਲ ਮਿਲ ਕੇ ਉਨ੍ਹਾਂ ਪ੍ਰਾਪਰਟੀਆਂ ਦੀਆਂ ਫਾਈਲਾਂ ਚੋਰੀ ਕਰਵਾ ਦਿੱਤੀਆਂ ਜਿਨ੍ਹਾਂ ਦੀਆਂ ਅਲਾਟਮੈਂਟਾਂ ਰੱਦ ਹੋ ਚੁੱਕੀਆਂ ਹਨ ਜਾਂ ਜਿਨ੍ਹਾਂ ਦੇ ਅਲਾਟੀ ਮਰ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਮੁਲਜ਼ਮਾਂ ਨੇ 50 ਤੋਂ ਉਪਰ ਫਾਈਲਾਂ ਚੋਰੀਆਂ ਕੀਤੀਆਂ ਹਨ ਅਤੇ 28 ਫਾਈਲਾਂ ਪੁਲੀਸ ਨੇ ਬਰਾਮਦ ਕਰ ਲਈਆਂ ਹਨ।