ਗਾਜਰ ਬੂਟੀ ਸਬੰਧੀ ਜਾਗਰੂਕਤਾ ਅਤੇ ਰੋਕਥਾਮ
ਮਨਪ੍ਰੀਤ ਸਿੰਘ/ਪ੍ਰਭਜੀਤ ਕੌਰ/ਤਰੁਨਦੀਪ ਕੌਰ*
ਗਾਜਰ ਬੂਟੀ ਨੂੰ ਕਾਂਗਰਸ ਘਾਹ, ਗਾਜਰ ਘਾਹ, ਸਫ਼ੈਦ ਟੋਪੀ ਅਤੇ ਪਾਰਥੀਨੀਅਮ ਬੂਟੀ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗਾਜਰ ਵਰਗੇ ਚੀਰਵੇਂ ਪੱਤੇ ਹੋਣ ਕਰ ਕੇ ਇਸ ਨੂੰ ਗਾਜਰ ਘਾਹ ਜਾਂ ਗਾਜਰ ਬੂਟੀ ਕਿਹਾ ਜਾਂਦਾ ਹੈ। ਇਸ ਦੇ ਫੁੱਲ ਟੋਪੀ ਵਰਗੇ ਹੋਣ ਕਰ ਕੇ ਇਸ ਨੂੰ ਸਫੈਦ ਟੋਪੀ ਕਿਹਾ ਜਾਂਦਾ ਹੈ। ਇਸ ਬੂਟੀ ਦਾ ਬੀਜ ਬਹੁਤ ਬਾਰੀਕ ਹੋਣ ਕਰ ਕੇ ਇਹ ਬਹੁਤ ਇਕੱਠੇ ਬੂਟਿਆਂ ਦੇ ਗਰੋਹ ਵਿੱਚ ਉੱਗਦਾ ਹੈ, ਇਸੇ ਲਈ ਇਸ ਨੂੰ ਕਾਂਗਰਸ ਘਾਹ ਕਹਿੰਦੇ ਹਨ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਬੂਟੀ ਭਾਰਤ ਵਿੱਚ 1960 ਦੇ ਦਹਾਕੇ ਵਿੱਚ ਮੈਕਸੀਕਨ ਕਣਕ ਦੇ ਬੀਜ ਨਾਲ ਆਈ। ਇਹ ਬੂਟੀ ਖਾਲੀ ਥਾਵਾਂ, ਸੜਕਾਂ, ਨਹਿਰ ਦੀ ਪਟੜੀ, ਰੇਲ ਲਾਈਨਾਂ, ਰਿਹਾਇਸ਼ੀ ਇਲਾਕਿਆਂ, ਪਾਰਕਾਂ, ਸ਼ਾਮਲਾਟ ਜ਼ਮੀਨਾਂ, ਪੱਕੀਆਂ ਵੱਟਾਂ ਅਤੇ ਰਸਤੇ, ਬਾਗ਼ਾਂ ਅੰਦਰ ਅਤੇ ਹੋਰ ਖੁੱਲ੍ਹੀਆਂ ਥਾਵਾਂ ਆਦਿ ’ਤੇ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਆਮ ਕਰ ਕੇ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਵਿੱਚ ਸੜਕਾਂ ਦੇ ਆਲੇ-ਦੁਆਲੇ ਅਤੇ ਬਾਕੀ ਥਾਵਾਂ ਵਿੱਚ ਇਹ ਬੂਟੀ ਦੀ ਭਰਮਾਰ ਹੁੰਦੀ ਹੈ। ਇਹ ਇੱਕ ਖ਼ਤਰਨਾਕ ਨਦੀਨ ਹੈ ਜੋ ਮਾਰਚ ਤੋਂ ਉੱਗਣਾ ਸ਼ੁਰੂ ਕਰ ਦਿੰਦਾ ਹੈ ਤੇ ਨਵੰਬਰ ਤੱਕ ਉੱਗਦਾ ਰਹਿੰਦਾ ਹੈ। ਬਰਸਾਤਾਂ ਦੇ ਆਧਾਰ ’ਤੇ ਇਹ ਬੂਟੀ ਇੱਕ ਸਾਲ ਵਿੱਚ ਤਕਰੀਬਨ ਚਾਰ ਤੋਂ ਪੰਜ ਵਾਰੀ ਉੱਗਦੀ ਹੈ। ਜੜ੍ਹਾਂ ਦਾ ਵਿਸਥਾਰ ਡੂੰਘਾ ਹੋਣ ਕਰ ਕੇ ਇਹ ਨਦੀਨ ਘੱਟ ਪਾਣੀ ਵਾਲੇ ਸਥਾਨ ’ਤੇ ਆਸਾਨੀ ਨਾਲ ਹੋ ਜਾਂਦੇ ਹਨ। ਇਸ ਦਾ ਬੂਟਾ ਜ਼ਿਆਦਾ ਠੰਢ ਜਾਂ ਜ਼ਿਆਦਾ ਪਾਣੀ ਖੜ੍ਹਨ ਕਰ ਕੇ ਮਰ ਜਾਂਦਾ ਹੈ। ਇਸ ਬੂਟੀ ਦੀ ਬਹੁਤ ਜ਼ਿਆਦਾ ਸਮੱਸਿਆ ਬਰਸਾਤ ਦੇ ਮਹੀਨਿਆਂ (ਜੁਲਾਈ-ਸਤੰਬਰ) ਵਿੱਚ ਹੁੰਦੀ ਹੈ। ਹਰ ਇਕ ਮਹੀਨੇ ਵਿੱਚ ਇਹ ਬੂਟੀ ਵੱਖਰੀਆਂ-ਵੱਖਰੀਆਂ ਹਾਲਤਾਂ ਜਿਵੇਂ ਕਿ ਨਵੇਂ ਬੂਟੇ, ਪੂਰੀਆਂ ਟਾਹਣੀਆਂ ਬਣਾਉਣ ਦੀ ਹਾਲਤ ਵਿੱਚ, ਫੁੱਲਾਂ ਦੀ ਹਾਲਤ, ਪਰ-ਪਰਾਗਣ ਦੀ ਹਾਲਤ ਵਿੱਚ ਮਿਲਦੀ ਹੈ। ਇਸ ਬੂਟੀ ਦੀ ਉਚਾਈ 1 ਤੋਂ 1.5 ਮੀਟਰ ਹੁੰਦੀ ਹੈ ਤੇ ਇਕ ਬੂਟਾ ਲਗਪਗ 5000 ਤੋਂ 25,000 ਬੀਜ ਪੈਦਾ ਕਰਦਾ ਹੈ। ਇਸ ਦੇ ਬੀਜ ਬਹੁਤ ਬਾਰੀਕ ਹੋਣ ਕਰ ਕੇ ਇੱਕ ਤੋਂ ਦੂਜੀ ਜਗ੍ਹਾ ਹਵਾ ਜਾਂ ਪਾਣੀ ਨਾਲ ਸੌਖਿਆਂ ਹੀ ਚਲੇ ਜਾਂਦੇ ਹਨ। ਇਹ ਬੂਟੀ ਜ਼ਮੀਨ ਵਿੱਚ ਥੋੜ੍ਹੀ ਨਮੀ ਨਾਲ ਉੱਗ ਪੈਂਦੀ ਹੈ।
ਇਸ ਨਦੀਨ ਦਾ ਫ਼ਸਲਾਂ ਦੇ ਝਾੜ ਸਿੱਧੇ ਤੌਰ ’ਤੇ ਅਸਰ ਪੈਂਦਾ ਹੈ ਅਤੇ ਅਸਿੱਧੇ ਤੌਰ ’ਤੇ ਇਹ ਨਦੀਨ ਬਹੁਤ ਸਾਰੇ ਕੀੜੇ-ਮਕੌੜਿਆਂ ਜਿਵੇਂ ਚਿੱਟੀ ਮੱਖੀ, ਮਿਲੀ ਬੱਗ, ਚੇਪਾ, ਭੱਬੂ ਕੁੱਤਾ ਅਤੇ ਬਿਮਾਰੀਆਂ ਜਿਵੇਂ ਪੱਤਾ ਮਰੋੜ ਬਿਮਾਰੀ ਲਈ ਬਦਲਵੀਂ ਪਨਾਹ ਵਜੋਂ ਕੰਮ ਕਰਦਾ ਹੈ। ਜੇ ਇਸ ਵੱਲ ਹੁਣ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਰੀਆਂ ਫ਼ਸਲਾਂ ਇਸ ਦੀ ਮਾਰ ਹੇਠ ਆ ਸਕਦੀਆਂ ਹਨ ਤੇ ਇਸ ਨੂੰ ਕਾਬੂ ਕਰਨਾ ਔਖਾ ਹੋ ਜਾਵੇਗਾ।
ਗਾਜਰ ਬੂਟੀ ਦੇ ਮਾੜੇ ਪ੍ਰਭਾਵ: ਇਹ ਬੂਟੀ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ। ਜੇ ਇਸ ਬੂਟੀ ਨਾਲ ਜ਼ਿਆਦਾ ਦੇਰ ਤੱਕ ਸੰਪਰਕ ਰਹੇ ਤਾਂ ਕਈ ਤਰ੍ਹਾਂ ਦੇ ਰੋਗ ਸਾਹ ਨਾਲੀ ਦੇ ਰੋਗ, ਦਮਾ, ਜ਼ੁਕਾਮ, ਛਿੱਕਾਂ ਆਉਣੀਆਂ, ਨੱਕ ਵਿੱਚ ਪਾਣੀ ਵਗਣਾ ਆਦਿ ਦੀ ਸਮੱਸਿਆ ਆ ਜਾਂਦੀ ਹੈ। ਇਹ ਬੂਟੀ ਜਦੋਂ ਫੁੱਲਾਂ ਦੀ ਪਰਾਗਣ ਕਿਰਿਆ ਕਰਦੀ ਹੈ ਤਾਂ ਕਈ ਵਿਅਕਤੀ ਫੁੱਲਾਂ ਵਿੱਚੋਂ ਨਿਕਲੇ ਪਰਾਗ ਕਣ ਸਾਹ ਰਾਹੀਂ ਅੰਦਰ ਖਿੱਚ ਲੈਂਦੇ ਹਨ ਅਤੇ ਸਾਹ ਨਾਲੀ ਦੇ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬੁਖਾਰ, ਨਜ਼ਲਾ, ਚਮੜੀ ਦੇ ਰੋਗ, ਚਮੜੀ ਦੀ ਸੋਜ਼ਿਸ਼, ਖੁਰਕ, ਧੱਫੜ ਅਤੇ ਜ਼ਖ਼ਮ ਆਦਿ ਹੋ ਜਾਂਦੇ ਹਨ। ਇਸ ਦੇ ਸੁੱਕੇ ਹੋਏ ਬੂਟੇ ਵੀ ਹਾਨੀਕਾਰਕ ਹੁੰਦੇ ਹਨ। ਜਿਹੜੇ ਕਾਮੇ ਅੱਧੀ ਬਾਂਹ ਵਾਲੇ ਕਮੀਜ਼ ਪਾ ਕੇ ਜਾਂ ਕਈ ਵਾਰ ਕੰਮ ਕਰਦੇ ਸਮੇਂ ਪਜ਼ਾਮਾ ਆਦਿ ਉਤਾਰ ਕੇ ਖੇਤਾਂ ਵਿੱਚ ਇਸ ਬੂਟੀ ਦੇ ਸੰਪਰਕ ਵਿਚ ਰਹਿੰਦੇ ਹਨ ਉਹ ਇਸ ਬੂਟੀ ਤੋਂ ਉਤਪੰਨ ਰੋਗਾਂ ਦੇ ਵੱਧ ਸ਼ਿਕਾਰ ਹੁੰਦੇ ਹਨ। ਬੂਟੇ ਪੁੱਟਣ ਸਮੇਂ ਹੱਥਾਂ ਉੱਪਰ ਦਸਤਾਨੇ ਜ਼ਰੂਰ ਪਾਉਣੇ ਚਾਹੀਦੇ ਹਨ ਅਤੇ ਬਾਕੀ ਸਰੀਰ ਦੇ ਅੰਗ ਵੀ ਪੂਰੀ ਤਰ੍ਹਾਂ ਢਕੇ ਹੋਣੇ ਚਾਹੀਦੇ ਹਨ। ਇਸ ਬੂਟੀ ਪਸ਼ੂਆਂ ਲਈ ਵੀ ਖ਼ਤਰਨਾਕ ਹੈੈ ਕਿਉਂਕਿ ਜੇ ਇਸ ਬੂਟੀ ਵਿੱਚ ਪਸ਼ੂ ਚਰਦੇ ਰਹਿਣ ਤਾਂ ਪਸ਼ੂਆਂ ਦੀ ਚਮੜੀ ਉੱਪਰ ਖਾਰਸ਼ ਪੈ ਜਾਂਦੀ ਹੈ। ਨੀਮ ਪਹਾੜੀ ਖੇਤਰ ਦੀਆਂ ਚਰਾਂਦਾਂ ਵਿਚ ਵੀ ਇਸ ਬੂਟੀ ਨੇ ਕਾਫੀ ਫੈਲਾਅ ਕਰ ਲਿਆ ਹੈ। ਇਸ ਨਦੀਨ ਵਿੱਚ ਪਾਰਥੀਨਿਨ, ਹਿਸਟੈਰਿਨ, ਹਾਈਮੈਨਿਨ ਅਤੇ ਐਂਬਰੋਜ਼ਿਮ ਨਾਂ ਦੇ ਰਸਾਇਣਕ ਤੱਤ ਪਾਏ ਜਾਂਦੇ ਹਨ ਜੋ ਆਲੇ-ਦੁਆਲੇ ਦੂਜੇ ਬੂਟਿਆਂ ਦੇ ਉੱਗਣ ਅਤੇ ਵਾਧੇ ’ਤੇ ਬੁਰਾ ਅਸਰ ਪਾਉਂਦੇ ਹਨ। ਜੇ ਦੁਧਾਰੂ ਪਸ਼ੂ ਇਸ ਬੂਟੀ ਨੂੰ ਖਾ ਲੈਣ ਤਾਂ ਦੁੱਧ ਦਾ ਸੁਆਦ ਬਦਲ ਜਾਂਦਾ ਹੈ ਤੇ ਦੁੱਧ ਦੇ ਉਤਪਾਦਨ ਵਿੱਚ ਕਮੀ ਆ ਜਾਂਦੀ ਹੈ। ਜੇ ਪਸ਼ੂ ਇਸ ਨੂੰ ਜ਼ਿਆਦਾ ਮਾਤਰਾ ਵਿੱਚ ਖਾ ਲੈਦੇ ਹਨ ਤਾਂ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ।
ਗਾਜਰ ਬੂਟੀ ਦੇ ਖਾਤਮੇ ਸਬੰਧੀ ਯੋਜਨਾ:
ਇਸ ਹਾਨੀਕਾਰਕ ਬੂਟੀ ਤੋਂ ਛੁਟਕਾਰਾ ਪਾਉਣ ਲਈ ਪਿੰਡ ਪੱਧਰ ’ਤੇ ਗਾਜਰ ਬੂਟੀ ਮਾਰੂ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਮੁਹਿੰਮ ਦੀ ਯੋਜਨਾ ਬਣਾਉਣ ਲਈ ਸਭ ਤੋਂ ਪਹਿਲਾਂ ਪਿੰਡਾਂ ਜਾਂ ਸ਼ਹਿਰਾਂ ਦੇ ਆਗੂਆਂ ਜਿਵੇਂ ਪਿੰਡ ਦੇ ਸਰਪੰਚ, ਸਕੂਲਾਂ ਦੇ ਪ੍ਰਿੰਸੀਪਲਾਂ, ਇਲਾਕਿਆਂ ਦੇ ਪ੍ਰਧਾਨ, ਕਮੇਟੀ ਜਾਂ ਕਾਰਪੋਰੇਸ਼ਨ ਦੇ ਅਹੁਦੇਦਾਰ, ਸਮਾਜ ਸੁਧਾਰਕ, ਸਵੈ-ਸਹਾਇਤਾ ਗਰੁੱਪਾਂ, ਗ਼ੈਰ-ਸਰਕਾਰੀ ਅਦਾਰਿਆਂ ਆਦਿ ਨਾਲ ਸੰਪਰਕ ਕੀਤਾ ਜਾਵੇ। ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰਾਂ ਵਿਚ ਮੁਹੱਲਿਆਂ ਦੀਆਂ ਕਮੇਟੀਆਂ ਵਿੱਚ ਇਹ ਆਮ ਇਜਲਾਸ ਸੱਦ ਕੇ ਇਸ ਬੂਟੀ ਦੀ ਰੋਕਥਾਮ ਲਈ ਮਤਾ ਪਾਸ ਕਰਨਾ ਚਾਹੀਦਾ ਹੈ। ਉਦਾਹਰਨ ਵਜੋਂ ਪਿੰਡ ਮਨਸੂਰਾਂ ਜ਼ਿਲ੍ਹਾ ਲੁਧਿਆਣਾ ਵਿਚ ਮਨਰੇਗਾ ਮਜ਼ਦੂਰਾਂ, ਪਿੰਡ ਵਾਸੀਆਂ ਅਤੇ ਪੰਚਾਇਤ ਦੇ ਉਦਮਾਂ ਸਦਕਾ ਗਾਜਰ ਬੂਟੀ ਨੂੰ ਖ਼ਤਮ ਕਰਨ ਦਾ ਕੰਮ ਸ਼ੁਰੂ ਹੋਇਆ ਤੇ ਲਗਾਤਾਰ ਹਰ ਸਾਲ ਚਲਦਾ ਰਿਹਾ ਜਿਸ ਕਰ ਕੇ ਇਸ ਪਿੰਡ ਨੂੰ ਪਹਿਲਾ ਗਾਜਰ ਬੂਟੀ ਮੁਕਤ ਪਿੰਡ ਐਲਾਨਿਆ ਗਿਆ।
ਗਾਜਰ ਬੂਟੀ ਦੀ ਰੋਕਥਾਮ:
ਗਾਜਰ ਬੂਟੀ ਦੀ ਸਮੱਸਿਆ ਦਾ ਹੱਲ ਇਸ ਦੀ ਰੋਕਥਾਮ ਇਕ ਸਾਲ ਕਰ ਕੇ ਨਹੀਂ ਪਰ ਲਗਾਤਾਰ (3-5 ਸਾਲ) ਇਸ ਨੂੰ ਖ਼ਤਮ ਕਰ ਕੇ ਹੈ। ਇਹ ਟੀਚਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਆਮ ਜਨਤਾ ਪੂਰਾ-ਪੂਰਾ ਸਹਿਯੋਗ ਦੇਵੇ। ਗਾਜਰ ਬੂਟੀ ਨੂੰ ਫੁੱਲ ਪੈਣ ਤੋਂ ਪਹਿਲਾਂ ਹੱਥੀਂ ਪੁੱਟ ਦਿਉ ਤਾਂ ਜੋ ਉਨ੍ਹਾਂ ਦਾ ਬੀਜ ਨਾ ਖਿਲਰੇ। ਮੌਨਸੂਨ ਦੌਰਾਨ ਜਦੋਂ ਜ਼ਮੀਨ ਵਿੱਚ ਨਾਮੀ ਹੋਵੇ ਗਾਜਰ ਬੂਟੀ ਨੂੰ ਲੰਬੇ ਦਸਤੇ ਵਾਲੇ ਔਜ਼ਾਰਾਂ ਨਾਲ ਜੜ੍ਹ ਸਣੇ ਪੁੱਟੋ। ਇਸ ਬੂਟੀ ਨੂੰ ਹੱਥਾਂ ਨਾਲ ਪੁੱਟਣ ਸਮੇਂ ਦਸਤਾਨੇ ਪਾਉਣੇ ਚਾਹੀਦੇ ਹਨ। ਮੂੰਹ ਵੀ ਢਕ ਲੈਣਾ ਚਾਹੀਦਾ ਹੈ ਤਾਂ ਕਿ ਇਸ ਦੇ ਪਰਾਗ ਕਣ ਸਾਹ ਨਾਲ ਅੰਦਰ ਨਾ ਜਾਣ। ਸਾਰੇ ਪੁੱਟੇ ਹੋਏ ਬੂਟਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਕੇ ਸੁਕਾ ਕੇ ਨਸ਼ਟ ਕਰ ਦਿਉ। ਖੁੱਲ੍ਹੀਆਂ ਖਾਲੀ ਥਾਵਾਂ ’ਤੇ ਜਿੱਥੇ ਟਰੈਕਟਰ ਚੱਲ ਸਕਦਾ ਹੋਵੇ ਉੱਥੇ ਜ਼ਮੀਨ ਨੂੰ ਲਗਾਤਾਰ ਵਾਹੁੰਦੇ ਰਹਿਣਾ ਚਾਹੀਦਾ ਹੈ। ਕੰਮ ਖਤਮ ਕਰਨ ਤੋਂ ਬਾਅਦ ਸਾਬਣ ਨਾਲ ਨਹਾਉਣਾ ਚਾਹੀਦਾ ਹੈ। ਜਿਹੜੇ ਵਿਅਕਤੀਆਂ ਨੂੰ ਇਸ ਬੂਟੀ ਤੋਂ ਸੰਦਵੇਦਨਸ਼ੀਲਤਾ ਹੋਵੇ, ਉਨ੍ਹਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਕੁਦਰਤੀ ਤੌਰ ’ਤੇ ਮੈਕਸੀਕਨ ਬੀਟਲ/ਭੂੰਡੀ ਜੂਨ ਤੋਂ ਅਗਸਤ ਤੇ ਮਹੀਨਿਆਂ ਵਿੱਚ ਗਾਜਰ ਬੂਟੀ ’ਤੇ ਪਾਲਦੀ ਹੈ। ਇਹ ਭੂੰਡੀ ਮਿੱਤਰ ਕੀੜਿਆਂ ਵਿੱਚੋਂ ਇਕ ਹੈ। ਇਹ ਭੂੰਡੀ ਗਾਜਰ ਬੂਟੀ ਦੇ ਨਵੇਂ ਪੱਤਿਆਂ ਨੂੰ ਖਾਂਦੀ ਹੈ। ਇਸ ਨਾਲ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਤੇ ਬੀਜ ਨਹੀਂ ਬਣਦਾ। ਇਹ ਭੂੰਡੀ ਹੋਰ ਕਿਸੇ ਫ਼ਸਲ ਨੂੰ ਨੁਕਸਾਨ ਨਹੀਂ ਕਰਦੀ ਇਸ ਲਈ ਇਸ ਦੀ ਰੋਕਥਾਮ ਲਈ ਕੋਈ ਵੀ ਕੀਟਨਾਸ਼ਕ ਨਹੀਂ ਛਿੜਕਣਾ ਚਾਹੀਦਾ। ਜੇ ਇਹ ਬੂਟੀ ਕਿਸੇ ਫ਼ਸਲ ਵਿੱਚ ਉੱਗ ਪਵੇ ਤਾਂ ਇਸ ਨੂੰ ਸ਼ੁਰੂ ਵਿਚ ਹੀ ਪੁੱਟ ਦਿਉ।
*ਫ਼ਸਲ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ।