For the best experience, open
https://m.punjabitribuneonline.com
on your mobile browser.
Advertisement

ਗਰਮੀਆਂ ਵਿੱਚ ਲਵੇਰਿਆਂ ਦੀ ਸੰਭਾਲ

12:07 PM Apr 20, 2024 IST
ਗਰਮੀਆਂ ਵਿੱਚ ਲਵੇਰਿਆਂ ਦੀ ਸੰਭਾਲ
Advertisement

ਵਿਵੇਕ ਸ਼ਰਮਾ/ਕਰਮਜੀਸ਼ਰਮਾਤ / ਕੰਵਰਪਾਲ ਸਿੰਘ ਢਿੱਲੋਂ*

ਪੰਜਾਬ ਵਿੱਚ ਗਰਮੀਆਂ ਦਾ ਮੌਸਮ ਅਪਰੈਲ ਵਿੱਚ ਸ਼ੁਰੂ ਹੋ ਕੇ ਜੂਨ ਵਿੱਚ ਆਪਣੇ ਸਿਖ਼ਰ ’ਤੇ ਪਹੁੰਚ ਜਾਂਦਾ ਹੈ। ਇਸ ਵੇਲੇ ਗਰਮੀਆਂ ਦਾ ਤਾਪਮਾਨ 45 ਡਿਗਰੀ ਨੂੰ ਵੀ ਪਾਰ ਕਰ ਜਾਂਦਾ ਹੈ। ਪਸ਼ੂਆਂ ਵਿੱਚ ਗਰਮੀ ਦਾ ਤਣਾਅ ਵਧਣ ਨਾਲ ਪਸ਼ੂ ਆਰਾਮਦਾਇਕ ਸਥਿਤੀ ਵਿੱਚ ਨਹੀਂ ਰਹਿੰਦਾ। ਇਸ ਨਾਲ ਉਸ ਦੇ ਦੁੱਧ ਉਤਪਾਦਨ ਵਿੱਚ ਗਿਰਾਵਟ ਆ ਜਾਂਦੀ ਹੈ। ਵਿਦੇਸ਼ੀ ਅਤੇ ਦੋਗਲੀਆਂ ਗਾਵਾਂ ਵਿੱਚ ਇਸ ਦਾ ਪ੍ਰਭਾਵ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ। ਇਸ ਗਰਮੀ ਦੇ ਤਣਾਅ ਦਾ ਮਾੜਾ ਅਸਰ ਜਾਨਵਰ ਦੇ ਦੁੱਧ ਉਤਪਾਦਨ ਦੇ ਨਾਲ ਨਾਲ ਪ੍ਰਜਨਣ, ਸਰੀਰਕ ਵਾਧੇ ਅਤੇ ਖ਼ੁਰਾਕ ਖਾਣ ਦੀ ਸਮੱਰਥਾ ਉੱਤੇ ਹੁੰਦਾ ਹੈ। ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਖ਼ੁਰਾਕੀ ਅਤੇ ਪ੍ਰਬੰਧਨ ਸੰਬੰਧੀ ਤਬਦੀਲੀਆਂ ਕਰ ਕੇ ਇਸ ਤਣਾਅ ਨੂੰ ਘਟਾਇਆ ਜਾਵੇ।
ਖ਼ੁਰਾਕ ਸਬੰਧੀ ਨੁਕਤੇ: ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਖ਼ੁਰਾਕ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪਸ਼ੂ ਪੂਰੀ ਖ਼ੁਰਾਕ ਖਾਵੇ ਅਤੇ ਚੋਖਾ ਦੁੱਧ ਦੇਵੇ। ਇਨ੍ਹਾਂ ਦਿਨਾਂ ਵਿੱਚ ਪਾਣੀ ਦੀ ਘਾਟ ਕਰ ਕੇ ਪਸ਼ੂ ਦੇ ਮਿਹਦੇ ਦੇ ਤੇਜ਼ਾਬੀਪਣ ਦੀ ਸਮੱਸਿਆ ਵਧ ਜਾਂਦੀ ਹੈ। ਇਸ ਤੋਂ ਇਲਾਵਾ, ਗਰਮੀਆਂ ਦੇ ਮੌਸਮ ਵਿੱਚ ਪਸ਼ੂਆਂ ਦੇ ਸਰੀਰ ਵਿੱਚੋਂ ਵਾਸ਼ਪੀਕਰਨ ਪ੍ਰਕਿਰਿਆ ਰਾਹੀਂ ਨਿੱਕਲੀ ਊਰਜਾ ਲਈ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ। ਨਤੀਜੇ ਵਜੋਂ ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਵਿੱਚ ਪਾਣੀ ਦੀ ਮੰਗ 25-40 ਫ਼ੀਸਦੀ ਤੱਕ ਵਧ ਜਾਂਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਅਤਿ ਦੀ ਗਰਮੀ ਕਰ ਕੇ ਅਤੇ ਜ਼ਿਆਦਾ ਖੁਸ਼ਕ ਪੱਠਿਆਂ ਕਰ ਕੇ ਵੀ ਪਾਣੀ ਦੀ ਲੋੜ ਵਧ ਜਾਂਦੀ ਹੈ। ਇਸ ਲਈ ਪਸ਼ੂਆਂ ਦੀ ਖ਼ੁਰਾਕ ਦੇ ਨਾਲ ਨਾਲ ਖੁੱਲ੍ਹਾ ਪਾਣੀ ਦੇਣਾ ਲਾਜ਼ਮੀ ਬਣਾਉਣਾ ਚਾਹੀਦਾ ਹੈ। ਇਸ ਕਰ ਕੇ ਪਸ਼ੂਆਂ ਦੇ ਲਈ ਹਰ ਵੇਲੇ ਤਾਜ਼ਾ ਅਤੇ ਠੰਢਾ ਪਾਣੀ ਉਪਲੱਬਧ ਕਰਵਾਓ। ਇਸ ਦੇ ਨਾਲ-ਨਾਲ ਪਸ਼ੂਆਂ ਦੀ ਖ਼ੁਰਾਕ ਵਿੱਚ ਬਫਰ ਦੀ ਵਰਤੋਂ ਕਰਨੀ ਫ਼ਾਇਦੇਮੰਦ ਰਹਿੰਦੀ ਹੈ ਜੋ ਤੇਜ਼ਾਬੀਪਣ ਦੀ ਸਮੱਸਿਆ ਨੂੰ ਰੋਕਦਾ ਹੈ। ਇਨ੍ਹਾਂ ਦਿਨਾਂ ਵਿੱਚ ਯੀਸਟ (ਖਮੀਰ) 150-200 ਗ੍ਰਾਮ/ ਕੁਇੰਟਲ ਦੇ ਹਿਸਾਬ ਨਾਲ ਵਰਤਣ ਨਾਲ ਪਸ਼ੂਆਂ ਦੀ ਪਾਚਨਸ਼ਕਤੀ ਸਹੀ ਰਹਿੰਦੀ ਹੈ। ਇਸ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਓ ਕਿ ਗਲੀ-ਸੜੀ ਤੂੜੀ ਜਾਂ ਉੱਲੀ ਵਾਲੇ ਆਚਾਰ ਦੀ ਵਰਤੋਂ ਦੁੱਧ ਦੇਣ ਵਾਲੇ ਪਸ਼ੂਆਂ ਲਈ ਨਾ ਕੀਤੀ ਜਾਵੇ। ਵੰਡ, ਹਰਾ ਚਾਰਾ/ਆਚਾਰ ਅਤੇ ਤੂੜੀ ਰਲਾ ਕੇ ਪਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਪਸ਼ੂਆਂ ਦੀ ਖ਼ੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ ਯਕੀਨੀ ਬਣਾਉਣੀ ਚਾਹੀਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਪੱਠੇ ਸਵੇਰੇ 9 ਤੋਂ ਪਹਿਲਾਂ ਅਤੇ ਸ਼ਾਮ 5 ਤੋਂ ਬਾਅਦ ਪਾਉਣੇ ਚਾਹੀਦੇ ਹਨ ਕਿਉਂਕਿ ਦੁਪਹਿਰ ਵੇਲੇ ਪੱਠੇ ਖਾਣ ਨਾਲ ਪਸ਼ੂ ਨੂੰ ਵੱਧ ਗਰਮੀ ਲਗਦੀ ਹੈ। ਠੰਢੇ ਸਮੇਂ ਵਿੱਚ ਦਿੱਤੀ ਖ਼ੁਰਾਕ ਨੂੰ ਪਸ਼ੂ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਵਾਧੂ ਖ਼ੁਰਾਕ ਖਾਂਦੇ ਹਨ।
ਪ੍ਰਜਨਣ ਪ੍ਰਬੰਧਨ ਸਬੰਧੀ ਨੁਕਤੇ: ਆਮ ਦੇਖਿਆ ਗਿਆ ਹੈ ਕਿ ਇਸ ਮੌਸਮ ਵਿੱਚ ਲਵੇਰੀਆਂ ਦੀ ਖ਼ੁਰਾਕ ਖਾਣ ਦੀ ਸਮਰੱਥਾ ਘਟ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਉਨ੍ਹਾਂ ਦੇ ਗੱਭਣ ਹੋਣ ਦੀ ਦਰ ਘਟ ਜਾਂਦੀ ਹੈ ਜਾਂ ਪਸ਼ੂ ਹੇਹੇ ਦੇ ਪੂਰੇ ਲੱਛਣ ਨਹੀਂ ਦਿਖਾਉਂਦਾ। ਖਾਸਕਰ ਮੱਝਾਂ ਵਿੱਚ ਗੂੰਗਾ ਹੇਹਾ ਆਮ ਦੇਖਿਆ ਜਾਂਦਾ ਹੈ। ਇਸ ਕਰ ਕੇ ਸਵੇਰੇ-ਸ਼ਾਮ ਪਸ਼ੂਆਂ ਨੂੰ ਗਹੁ ਨਾਲ ਦੇਖਣ ਦੇ ਨਾਲ-ਨਾਲ ਪਸ਼ੂ ਦੇ ਬੈਠਣ ਵਾਲੀ ਥਾਂ ’ਤੇ ਜਾਂ ਸਰੀਰ ਤੇ ਲੱਗੀਆਂ ਤਾਰਾਂ ਦੇਖਣੀਆਂ ਚਾਹੀਦੀਆਂ ਹਨ। ਹੇਹੇ ਦੀਆਂ ਨਿਸ਼ਾਨੀਆਂ ਜਿਵੇਂ ਕਿ ਪਸ਼ੂ ਦਾ ਬੇਚੈਨ ਹੋਣਾ, ਪੱਠੇ ਘੱਟ ਖਾਣਾ, ਦੂਜੇ ਪਸ਼ੂਆਂ ’ਤੇ ਚੜ੍ਹਨਾ, ਲਵੇਰੀਆਂ ਦੀ ਸੂਅ ਦਾ ਸੁੱਜ ਜਾਣਾ ਤੇ ਗੁਲਾਬੀ ਰੰਗ ਦਾ ਹੋ ਜਾਣਾ, ਵਾਰ-ਵਾਰ ਪਿਸ਼ਾਬ ਕਰਨਾ ਆਦਿ ਹੋ ਸਕਦੀਆਂ ਹਨ।
ਵਾੜੇ ਜਾਂ ਸ਼ੈੱਡ ਸਬੰਧੀ ਨੁਕਤੇ: ਗਰਮੀ ਦੇ ਦਬਾਅ ਨੂੰ ਘੱਟ ਕਰਨ ਲਈ ਦੁਧਾਰੂ ਪਸ਼ੂਆਂ ਨੂੰ ਲੋੜੀਂਦੀ ਜਗ੍ਹਾ ਦੇਣੀ ਚਾਹੀਦੀ ਹੈ ਤਾਂ ਕਿ ਉਹ ਆਰਾਮਦਾਇਕ ਸਥਿਤੀ ਵਿੱਚ ਬੈਠ ਸਕਣ। ਵਾੜੇ ਵਿੱਚ ਠੰਢੇ ਅਤੇ ਛਾਂਦਾਰ ਖੇਤਰ ਦਾ ਬੰਦੋਬਸਤ ਕਰਨਾ ਚਾਹੀਦਾ ਹੈ। ਪਸ਼ੂਆਂ ਦੇ ਵਾੜੇ ਦੀ ਛੱਤ ਬਾਹਰੋਂ ਹਲਕੇ ਰੰਗ ਦੀ ਹੋਣੀ ਚਾਹੀਦੀ ਹੈ ਜਿਸ ਨਾਲ ਵਾੜੇ ਵਿੱਚ ਗਰਮੀ ਨਹੀਂ ਹੁੰਦੀ। ਇਸ ਤੋਂ ਇਲਾਵਾ ਸ਼ੈੱਡਾਂ ਵਿੱਚ ਪੱਖਿਆਂ ਦੇ ਨਾਲ ਨਾਲ ਪਾਣੀ ਵਾਲੇ ਫੁਹਾਰਿਆਂ ਦੀ ਵਰਤੋਂ ਕਰਨੀ ਲਾਭਕਾਰੀ ਰਹਿੰਦੀ ਹੈ। ਬਾਜ਼ਾਰ ਵਿੱਚ ਕਈ ਪ੍ਰਕਾਰ ਦੇ ਠੰਢਕ ਵਾਲੇ ਸਿਸਟਮ ਵੱਖ-ਵੱਖ ਲੰਬਾਈ-ਚੌੜਾਈ ਵਾਲੇ ਸ਼ੈੱਡਾਂ ਲਈ ਉਪਲੱਬਧ ਹਨ। ਖੁਰਲੀਆਂ ਵਿੱਚੋਂ ਬਚੇ ਹੋਏ ਪੱਠੇ ਬਾਹਰ ਕੱਢ ਚਾਹੀਦੇ ਹਨ। ਗਰਮੀਆਂ ਦੇ ਦਿਨਾਂ ਵਿੱਚ ਦਰਿਆਈ ਮਿੱਟੀ ਦੀ 1.5 ਤੋਂ 2 ਇੰਚ ਮੋਟੀ ਤਹਿ ਪਾਉਣੀ ਲਾਭਕਾਰੀ ਰਹਿੰਦੀ ਹੈ। ਇਸ ਉੱਪਰ ਪਾਣੀ ਛਿੜਕਣ ਨਾਲ ਪਸ਼ੂ ਨੂੰ ਠੰਢਕ ਪਹੁੰਚਦੀ ਹੈ।
ਗਰਮੀਆਂ ਦੇ ਦਿਨਾਂ ਵਿੱਚ ਮੱਖੀਆਂ-ਮੱਛਰਾਂ ਦੀ ਸੰਖਿਆ ਵਿੱਚ ਵੀ ਵਾਧਾ ਹੁੰਦਾ ਹੈ। ਮੱਖੀਆਂ ਅਤੇ ਮੱਛਰ ਪਸ਼ੂਆਂ ਨੂੰ ਨਿਰੰਤਰ ਤੰਗ ਕਰਦੇ ਹਨ ਜਿਸ ਕਰ ਕੇ ਪਸ਼ੂ ਆਰਾਮ ਨਾਲ ਬੈਠ ਕੇ ਜੁਗਾਲੀ ਨਹੀਂ ਕਰ ਪਾਉਂਦਾ। ਇਸ ਕਾਰਨ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪਸ਼ੂ ਦੀ ਦੁੱਧ ਦੀ ਪੈਦਾਵਾਰ ਘਟਦੀ ਹੈ। ਇਸ ਲਈ ਇਨ੍ਹਾਂ ਦੀ ਰੋਕਥਾਮ ਲਈ ਢਾਰੇ ਸਾਫ਼ ਅਤੇ ਸੁੱਕੇ ਰੱਖਣੇ ਚਾਹੀਦੇ ਹਨ।
ਗਰਮੀਆਂ ਦੇ ਦਿਨਾਂ ਵਿੱਚ ਹੋਰ ਧਿਆਨ ਦੇਣ ਯੋਗ ਗੱਲਾਂ: ਗਰਮੀਆਂ ਦੇ ਦਿਨਾਂ ਵਿੱਚ ਢਾਰਿਆਂ ਅਤੇ ਖੁਰਲੀਆਂ ਦੀ ਸਮੇਂ-ਸਮੇਂ ’ਤੇ ਸਫ਼ਾਈ ਕਰਨੀ ਚਾਹੀਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ 2-3 ਵਾਰ ਨਹਾਉਣਾ ਚਾਹੀਦਾ ਹੈ ਤਾਂ ਜੋ ਪਸ਼ੂ ਅਤਿ ਦੀ ਗਰਮੀ ਤੋਂ ਬਚ ਸਕਣ। ਪਸ਼ੂਆਂ ਨੂੰ ਧੁੱਪ ਵਿੱਚ ਲੰਬੇ ਸਮੇਂ ਲਈ ਖੜ੍ਹੇ ਨਹੀਂ ਰਹਿਣ ਦੇਣਾ ਚਾਹੀਦਾ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਨੂੰ ਲੰਬੀ ਦੂਰੀ ਤੱਕ ਨਹੀਂ ਤੋਰਨਾ ਚਾਹੀਦਾ। ਜੇ ਕਿਸੇ ਕਾਰਨ ਤੋਰਨਾ ਵੀ ਪਵੇ ਤਾਂ ਉਨ੍ਹਾਂ ਲਈ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਪਸ਼ੂ ਉੱਪਰ ਗਰਮੀ ਦਾ ਪ੍ਰਭਾਵ ਘੱਟ ਪਵੇ। ਗਰਮੀਆਂ ਦੇ ਦਿਨਾਂ ਵਿੱਚ ਪਸ਼ੂਆਂ ਦੀ ਫੜ-ਫੜਾਈ ਅਤੇ ਢੋਆ-ਢੁਆਈ ਵੀ ਸਵੇਰ ਵੇਲੇ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਉੱਪਰ ਗਰਮੀ ਦਾ ਵਾਧੂ ਤਣਾਅ ਨਾ ਵਧ ਸਕੇ।
ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਪਸ਼ੂ ਪਾਲਕ ਪਸ਼ੂਆਂ ਲਈ ਸੁਖਾਵਾਂ ਮਹੌਲ ਸਿਰਜਦੇ ਹੋਏ ਵਧੇਰੇ ਮੁਨਾਫ਼ਾ ਕਮਾ ਸਕਦੇ ਹਨ।

Advertisement

*ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ।

Advertisement
Author Image

sukhwinder singh

View all posts

Advertisement
Advertisement
×