For the best experience, open
https://m.punjabitribuneonline.com
on your mobile browser.
Advertisement

ਹੁੰਮਸ ਵਾਲੇ ਮੌਸਮ ’ਚ ਪਸ਼ੂਆਂ ਦੀ ਸੰਭਾਲ

07:45 AM Sep 23, 2023 IST
ਹੁੰਮਸ ਵਾਲੇ ਮੌਸਮ ’ਚ ਪਸ਼ੂਆਂ ਦੀ ਸੰਭਾਲ
Advertisement

ਕੰਵਰਪਾਲ ਸਿੰਘ ਢਿੱਲੋਂ*, ਤੇਜਬੀਰ ਸਿੰਘ**

ਇਹ ਦੇਖਣ ਵਿੱਚ ਆਇਆ ਹੈ ਕਿ ਪਸ਼ੂਆਂ ਵਿੱਚ ਗਰਮੀਆਂ ਤੋਂ ਬਾਅਦ ਬਰਸਾਤ ਦੇ ਮੌਸਮ ਵਿੱਚ ਬਾਹਰੀ ਪਰਜੀਵੀਆਂ ਦੀ ਸਮੱਸਿਆ ਬਹੁਤ ਵਧ ਜਾਂਦੀ ਹੈ। ਪਸ਼ੂਆਂ ਦੇ ਇਹ ਬਾਹਰੀ ਪਰਜੀਵੀ ਪਸ਼ੂਆਂ ਨੂੰ ਨਾ ਸਿਰਫ਼ ਤੰਗ ਕਰਦੇ ਹਨ, ਸਗੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਦਿੰਦੇ ਹਨ। ਬਾਹਰੀ ਪਰਜੀਵੀਆਂ ਵਿੱਚ ਮੁੱਖ ਤੌਰ ’ਤੇ ਚਿੱਚੜ, ਮੱਖੀਆਂ, ਮੱਛਰ, ਜੂੰਆਂ, ਪਿੱਸੂ ਅਤੇ ਚੰਮਜੂੰਆਂ ਆਦਿ ਗਰਮੀਆਂ ਅਤੇ ਬਰਸਾਤਾਂ ਵਿੱਚ ਜ਼ਿਆਦਾ ਹੁੰਦੇ ਹਨ। ਬਾਹਰੀ ਪਰਜੀਵੀ ਪਸ਼ੂ ਪਾਲਕਾਂ ਦਾ ਕਾਫ਼ੀ ਆਰਥਿਕ ਨੁਕਸਾਨ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਖੂਨ ਚੂਸਣ ਕਾਰਨ ਪਸ਼ੂਆਂ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਕਿ: ਅਨੀਮੀਆ (ਖੂਨ ਦੀ ਘਾਟ), ਤੱਤਾਂ ਦੀ ਘਾਟ, ਦੁੱਧ ਦਾ ਘਟਣਾ, ਪਸ਼ੂਆਂ ਦਾ ਹੇਹੇ ਵਿੱਚ ਨਾ ਆਉਣਾ ਅਤੇ ਗਰਭ ਦਾ ਨਾ ਠਹਿਰਨਾ। ਇਸ ਤੋਂ ਇਲਾਵਾ ਇਹ ਪਸ਼ੂਆਂ ਵਿੱਚ ਖੂਨ ਦੇ ਪਰਜੀਵੀਆਂ ਦੀਆਂ ਕਈ ਭਿਆਨਕ ਬਿਮਾਰੀਆਂ ਵੀ ਫੈਲਾਉਂਦੇ ਹਨ।
ਇਹ ਬਾਹਰੀ ਪਰਜੀਵੀ ਪਸ਼ੂਆਂ ਨੂੰ ਕੱਟਦੇ-ਵੱਢਦੇ ਹਨ ਜਿਸ ਕਾਰਨ ਪਸ਼ੂਆਂ ਵਿੱਚ ਚਿੜਚਿੜਾਹਟ ਜਾਂ ਉਨੀਂਦਰਾਪਣ ਪੈਦਾ ਹੋ ਜਾਂਦਾ ਹੈ। ਇਸ ਕਰ ਕੇ ਪਸ਼ੂ ਵਾਰ-ਵਾਰ ਆਪਣੇ ਪੈਰ ਜ਼ਮੀਨ ’ਤੇ ਪਟਕਦਾ ਹੈ ਅਤੇ ਮੱਖੀਆਂ/ ਮੱਛਰ ਤੋਂ ਬਚਾਅ ਲਈ ਆਪਣੀ ਪੂੰਛ ਨੂੰ ਹਿਲਾਉਂਦਾ ਰਹਿੰਦਾ ਹੈ। ਇਸ ਕਰ ਕੇ ਪਸ਼ੂ ਰੱਜਵੀਂ ਖ਼ੁਰਾਕ ਨਹੀਂ ਲੈ ਪਾਉਂਦਾ ਜਿਸ ਕਾਰਨ ਉਸ ਦਾ ਸਰੀਰਕ ਭਾਰ ਘਟ ਜਾਂਦਾ ਹੈ ਅਤੇ ਉਤਪਾਦਨ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ। ਕੁੱਝ ਮੱਖੀਆਂ ਪਸ਼ੂਆਂ ਨੂੰ ਇੰਨੀ ਜ਼ੋਰ ਨਾਲ ਕੱਟਦੀਆਂ ਹਨ ਕਿ ਪਸ਼ੂ ਇਨ੍ਹਾਂ ਤੋਂ ਬਚਣ ਲਈ ਇੱਧਰ-ਉੱਧਰ ਦੌੜਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਜੇ ਪਸ਼ੂ ਗੱਭਣ ਹੋਵੇ ਤਾਂ ਅਜਿਹੀ ਹਾਲਤ ਵਿੱਚ ਪਸ਼ੂ, ਬੱਚਾ ਵੀ ਸੁੱਟ ਸਕਦਾ ਹੈ। ਇਹ ਬਾਹਰੀ ਪਰਜੀਵੀ ਪਸ਼ੂਆਂ ਵਿੱਚ ਚਮੜੀ ਰੋਗ ਵੀ ਕਰ ਦਿੰਦੇ ਹਨ।
ਮੱਛਰ ਆਮ ਕਰ ਕੇ ਖੜ੍ਹੇ ਪਾਣੀ ਦੇ ਸਰੋਤਾਂ ਕੋਲ ਵਧਦੇ-ਫੁੱਲਦੇ ਹਨ ਜੋ ਕਿ ਇਨ੍ਹਾਂ ਦੇ ਜੀਵਨ ਕਾਲ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ। ਬਰਸਾਤੀ ਰੁੱਤ ਵਿੱਚ ਸਹੀ ਜਲਵਾਯੂ (ਉੱਚਿਤ ਨਮੀ ਤੇ ਤਾਪਮਾਨ) ਮਿਲਣ ਕਰ ਕੇ ਇਨ੍ਹਾਂ ਦੀ ਪਸ਼ੂਆਂ ’ਤੇ ਭਰਮਾਰ ਹੋ ਜਾਂਦੀ ਹੈ।
ਇਨ੍ਹਾਂ ਤੋਂ ਬਚਾਅ ਲਈ ਪਸ਼ੂ ਪਾਲਕਾਂ ਲਈ ਸੁਝਾਅ
• ਪਸ਼ੂਆਂ ਵਿੱਚ ਚਿੱਚੜਾਂ ਤੋਂ ਬਚਾਅ ਲਈ ਵੈਟਨਰੀ ਡਾਕਟਰ ਦੀ ਸਲਾਹ ਨਾਲ ਟੀਕੇ ਜਾਂ ਸਰੀਰ ’ਤੇ ਮਲਣ ਵਾਲੀਆਂ ਦਵਾਈਆਂ ਲਗਾਉਣੀਆਂ ਚਾਹੀਦੀਆਂ ਹਨ। ਦਵਾਈ ਦਾ ਇਸਤੇਮਾਲ ਘੱਟੋ-ਘੱਟ 10 ਦਿਨਾਂ ਦੇ ਅੰਤਰਾਲ ’ਤੇ 3-4 ਵਾਰ ਕਰਨਾ ਚਾਹੀਦਾ ਹੈ। ਦਵਾਈ ਨੂੰ ਪਸ਼ੂ ਦੇ ਸਰੀਰ ’ਤੇ ਚਿੱਚੜ ਦੇ ਲੁਕਣ ਵਾਲੀਆਂ ਥਾਵਾਂ ਜਿਵੇਂ ਕਿ ਕੰਨ ਦੇ ਥੱਲੇ, ਚੱਡੇ ਦੇ ਉੱਪਰ, ਪੂੰਛ ਦੇ ਥੱਲੇ ਆਦਿ ਲਗਵਾਉਣਾ ਚਾਹੀਦਾ ਹੈ। ਦਵਾਈ ਦੀ ਸਪਰੇਅ ਪਸ਼ੂ ਫਾਰਮ ਦੇ ਵਿੱਚ ਹੋਰ ਲੁਕਵੀਆਂ ਥਾਵਾਂ ਜਿਵੇਂ ਕਿ ਤਰੇੜਾਂ, ਵਿੱਥਾਂ, ਖੂੰਜਿਆਂ ਵਿੱਚ ਵੀ ਕਰਨਾ ਬਹੁਤ ਜ਼ਰੂਰੀ ਹੈ।
• ਮੱਖੀਆਂ ਨੂੰ ਵਧਣ-ਫੁੱਲਣ ਤੋਂ ਰੋਕਣ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਸ਼ੂ ਪਾਲਕਾਂ ਨੂੰ ਆਪਣੇ ਸ਼ੈੱਡਾਂ ਤੇ ਆਲੇ ਦੁਆਲੇ ਦੀ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਪਸ਼ੂਆਂ ਦੇ ਮਲ ਮੂਤਰ ਦੀ ਸਹੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸ਼ੈੱਡ ਵਿੱਚ ਪਸ਼ੂਆਂ ਦੇ ਗੋਹੇ ਨੂੰ ਦੇਰ ਤੱਕ ਨਹੀਂ ਪਿਆ ਰਹਿਣ ਦੇਣਾ ਚਾਹੀਦਾ ਤੇ ਸਮੇਂ-ਸਮੇਂ ’ਤੇ ਗੋਹੇ ਨੂੰ ਇਕੱਠਾ ਕਰ ਕੇ ਢਕ ਦੇਣਾ ਚਾਹੀਦਾ ਹੈ।
• ਮੱਛਰਾਂ ਦੀ ਰੋਕਥਾਮ ਲਈ ਮੱਛਰਾਂ ਦੀਆਂ ਪ੍ਰਜਨਣ ਥਾਵਾਂ ’ਤੇ ਮਿੱਟੀ ਦੇ ਤੇਲ ਦਾ ਛਿੜਕਾਅ, ਕੀਟਨਾਸ਼ਕਾਂ ਦਾ ਸਪਰੇਅ, ਪਾਣੀ ਖੜ੍ਹਾ ਨਾ ਹੋਣ ਦੇਣਾ, ਛੋਟੇ-ਮੋਟੇ ਟੋਏ ਟਿੱਬਿਆਂ ਨੂੰ ਮਿੱਟੀ ਨਾਲ ਭਰ ਦੇਣਾ, ਛੱਪੜਾਂ ਜਾਂ ਪਾਣੀ ਵਾਲੀਆਂ ਥਾਵਾਂ ’ਤੇ ਬੂਟੀ ਨਾ ਉੱਗਣ ਦੇਣਾ ਅਤੇ ਝੀਲਾਂ, ਛੱਪੜਾਂ, ਝੋਨੇ ਦੇ ਖੇਤਾਂ ਵਿੱਚ ਮੱਛੀ ਪਾਲਣ ਦੀ ਅਪਣਾਇਆ ਜਾ ਸਕਦਾ ਹੈ।
• ਸ਼ੈੱਡ ਵਿੱਚ ਜਾਲੀਆਂ ਦੀ ਵਰਤੋਂ ਕਰ ਕੇ ਵੀ ਮੱਖੀਆਂ/ ਮੱਛਰਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਖਾਸ ਕਰ ਕੇ ਜਿਸ ਸ਼ੈੱਡ ਵਿੱਚ ਮਿਲਕ ਪਾਰਲਰ (ਚੁਆਈ ਦਾ ਕਮਰਾ) ਅਲੱਗ ਹੋਵੇ, ਉੱਥੇ ਇਸ ਕਮਰੇ ਦੀ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਿਜਲੀ ਨਾਲ ਚੱਲਣ ਵਾਲੀਆਂ ਨੀਲੀਆਂ ਟਿਊਬ ਲਾਈਟਾਂ ਅਤੇ ਤੇਜ਼ ਹਵਾ ਵਾਲੇ ਪੱਖਿਆਂ (ਫਰਾਟੇ) ਦੀ ਵਰਤੋਂ ਕਰ ਕੇ ਵੀ ਮੱਖੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਹੁਤੀ ਮਾਤਰਾ ਵਿੱਚ ਹੋਣ ’ਤੇ ਕੀਟਨਾਸ਼ਕ ਦਵਾਈਆਂ ਜਿਵੇਂ ਕਿ ਅੰਮਿਤਰਾਜ, ਡੈਲਟਾਮੈਥਰਿਨ, ਸਾਈਪਰਮੈਥਰਿਨ ਦਾ ਛਿੜਕਾਅ ਕਰਨਾ ਚਾਹੀਦਾ ਹੈ। ਜ਼ਰੂਰਤ ਪੈਣ ’ਤੇ 10-14 ਦਿਨ ਬਾਅਦ ਦੁਬਾਰਾ ਵੀ ਛਿੜਕਾਅ ਕਰਨਾ ਚਾਹੀਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ।
**ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ।
ਸੰਪਰਕ: 99156-78787

Advertisement

Advertisement
Advertisement
Author Image

joginder kumar

View all posts

Advertisement