For the best experience, open
https://m.punjabitribuneonline.com
on your mobile browser.
Advertisement

ਬਿਨਾਂ ਕਿਸੇ ਚਿਤਾਵਨੀ ਤੋਂ ਵਾਰ ਕਰਦਾ ਹੈ ਕਾਰਡਿਅਕ ਅਰੈਸਟ

05:37 AM Nov 19, 2024 IST
ਬਿਨਾਂ ਕਿਸੇ ਚਿਤਾਵਨੀ ਤੋਂ ਵਾਰ ਕਰਦਾ ਹੈ ਕਾਰਡਿਅਕ ਅਰੈਸਟ
Advertisement

ਡਾ. ਅਜੀਤਪਾਲ ਸਿੰਘ ਐੱਮਡੀ

Advertisement

ਅਕਸਰ ਸੁਣਨ ਵਿੱਚ ਆਉਂਦਾ ਹੈ ਕਿ ਫਲਾਣੇ ਦੀ ਮੌਤ ਹਾਰਟ ਅਟੈਕ ਜਾਂ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਕਈ ਵਾਰ ਇਹ ਵੀ ਸੁਣਿਆ ਜਾਂਦਾ ਹੈ ਕਿ ਕਿਸੇ ਦੀ ਕਾਰਡਿਅਕ ਅਰੈਸਟ (cardiac arrest) ਨਾਲ ਮੌਤ ਹੋ ਗਈ। ਇਨ੍ਹਾਂ ਦੋਵਾਂ ਨੂੰ ਅਕਸਰ ਇੱਕ ਹੀ ਸਮਝ ਲੈਂਦੇ ਹਨ, ਪਰ ਇਨ੍ਹਾਂ ਦੋਵਾਂ ਵਿਚਕਾਰ ਅੰਤਰ ਹੁੰਦਾ ਹੈ। ਕਾਰਡਿਐਕ ਅਰੈਸਟ ਅਚਾਨਕ ਹੁੰਦਾ ਹੈ ਅਤੇ ਸਰੀਰ ਵੱਲੋਂ ਕੋਈ ਚਿਤਾਵਨੀ ਨਹੀਂ ਦਿੱਤੀ ਜਾਂਦੀ ਜਦੋਂਕਿ ਹਾਰਟ ਅਟੈਕ ਵਿੱਚ ਬੰਦਾ ਦਿਲ ਦੇ ਰੋਗਾਂ ਦਾ ਮਰੀਜ਼ ਹੁੰਦਾ ਹੈ, ਉਸ ਨੂੰ ਇਸ ਬਾਰੇ ਜਾਣਕਾਰੀ ਹੁੰਦੀ ਹੈ।
ਕਾਰਡਿਅਕ ਅਰੈਸਟ ਆਮ ਤੌਰ ’ਤੇ ਦਿਲ ਵਿੱਚ ਹੋਣ ਵਾਲੀ ਇਲੈੱਕਟ੍ਰੀਕਲ ਗੜਬੜ ਕਰਕੇ ਹੁੰਦਾ ਹੈ ਜਿਸ ਵਿੱਚ ਧੜਕਣ ਦਾ ਤਾਲਮੇਲ ਵਿਗੜ ਜਾਂਦਾ ਹੈ। ਇਸ ਨਾਲ ਦਿਲ ਵੱਲੋਂ ਪੰਪ ਕਰਨ ਦੀ ਸਮਰੱਥਾ ’ਤੇ ਅਸਰ ਪੈਂਦਾ ਹੈ ਅਤੇ ਉਹ ਦਿਮਾਗ਼ ਜਾਂ ਸਰੀਰ ਦੇ ਦੂਜੇ ਹਿੱਸਿਆਂ ਤੱਕ ਖੂਨ ਨਹੀਂ ਪਹੁੰਚਾ ਪਾਉਂਦਾ। ਕੁਝ ਹੀ ਪਲਾਂ ਦੇ ਅੰਦਰ ਇਨਸਾਨ ਬੇਹੋਸ਼ ਹੋ ਜਾਂਦਾ ਹੈ ਅਤੇ ਨਬਜ਼ ਰੁਕ ਜਾਂਦੀ ਹੈ।
ਜੇ ਸਹੀ ਸਮੇਂ ’ਤੇ ਇਲਾਜ ਨਾ ਮਿਲੇ ਤਾਂ ਕੁਝ ਸਕਿੰਟਾਂ ਜਾਂ ਮਿੰਟਾਂ ਵਿੱਚ ਹੀ ਮੌਤ ਹੋ ਜਾਂਦੀ ਹੈ। ਦਰਅਸਲ, ਕਾਰਡਿਅਕ ਅਰੈਸਟ ਮੌਤ ਦਾ ਆਖ਼ਰੀ ਬਿੰਦੂ ਹੈ। ਇਸ ਦਾ ਮਤਲਬ ਹੈ ਕਿ ਦਿਲ ਦੀ ਧੜਕਣ ਬੰਦ ਹੋ ਗਈ ਹੈ ਅਤੇ ਇਹੀ ਮੌਤ ਦੀ ਵਜ੍ਹਾ ਹੈ। ਇਸ ਦੇ ਵੱਖ ਵੱਖ ਕਾਰਨ ਹੋ ਸਕਦੇ ਹਨ। ਆਮ ਤੌਰ ’ਤੇ ਦਿਲ ਦਾ ਦੌਰਾ ਪੈਣਾ ਇਸ ਦੀ ਵਜ੍ਹਾ ਹੋ ਸਕਦਾ ਹੈ। ਹਾਲਾਂਕਿ ਛੋਟੀ ਉਮਰ ਵਿੱਚ ਆਮ ਤੌਰ ’ਤੇ ਜਾਨਲੇਵਾ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਇਹ ਕਿਸੇ ਹੋਰ ਬਿਮਾਰੀਆਂ ਨਾਲ ਵੀ ਹੋ ਸਕਦਾ ਹੈ ਜਿਸ ਬਾਰੇ ਅਸੀਂ ਜਾਣਦੇ ਨਹੀਂ। ਦਿਲ ਵਿੱਚ ਇਲੈੱਕਟ੍ਰੀਕਲ ਸਿਗਨਲਾਂ ਦੀਆਂ ਦਿੱਕਤਾਂ ਕਾਰਨ ਜਦ ਸਰੀਰ ਵਿੱਚ ਖੂਨ ਨਹੀਂ ਪਹੁੰਚਦਾ ਤਾਂ ਉਹ ਕਾਰਡਿਅਕ ਅਰੈਸਟ ਬਣ ਜਾਂਦਾ ਹੈ। ਜਦੋਂ ਸਰੀਰ, ਖੂਨ ਨੂੰ ਪੰਪ ਨਹੀਂ ਕਰਦਾ ਤਾਂ ਦਿਮਾਗ਼ ਨੂੰ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਨਸਾਨ ਬੇਹੋਸ਼ ਹੋਣ ਲੱਗਦਾ ਹੈ ਅਤੇ ਉਸ ਦੇ ਸਾਹ ਬੰਦ ਹੋ ਜਾਂਦੇ ਹਨ।
ਕਾਰਡਿਅਕ ਅਰੈਸਟ ਦੇ ਲੱਛਣ: ਸਮੱਸਿਆ ਇਹ ਹੈ ਕਿ ਕਾਰਡਿਐਕ ਅਰੈਸਟ ਤੋਂ ਪਹਿਲਾਂ ਇਸ ਦੇ ਕੋਈ ਵੀ ਲੱਛਣ ਨਹੀਂ ਦਿਸਦੇ। ਇਹ ਹੀ ਵਜ੍ਹਾ ਹੈ ਕਿ ਕਾਰਡਿਅਕ ਅਰੈਸਟ ਵਿੱਚ ਮੌਤ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਦੀ ਸਭ ਤੋਂ ਆਮ ਵਜ੍ਹਾ ਅਸਾਧਾਰਨ ਹਾਰਟ ਰਿਦਮ ਹੈ ਜਿਸ ਨੂੰ ਵੈਂਟ੍ਰਿਕੁਲਰ ਫਿਬ੍ਰਿਲੇਸ਼ਨ ਕਹਿੰਦੇ ਹਨ। ਦਿਲ ਦੀਆਂ ਇਲੈੱਕਟ੍ਰੀਕਲ ਗਤੀਵਿਧੀਆਂ ਇੰਨੀਆਂ ਵਧ ਜਾਂਦੀਆਂ ਹਨ ਕਿ ਉਹ ਧੜਕਣ ਬੰਦ ਕਰ ਕੇ ਕੰਬਣ ਲੱਗਦਾ ਹੈ। ਕਾਰਡਿਅਕ ਅਰੈਸਟ ਦਿਲ ਨਾਲ ਜੁੜੀਆਂ ਇਨ੍ਹਾਂ ਬਿਮਾਰੀਆਂ ਕਰਕੇ ਵੀ ਹੋ ਸਕਦਾ ਹੈ ਜਿਵੇਂ ਕਿ ਕੋਰੋਨਰੀ ਦਿਲ ਦੀ ਬਿਮਾਰੀ, ਹਾਰਟ ਅਟੈਕ, ਕਾਰਡਿਓਮਾਯੋਪੈਥੀ, ਜਮਾਂਦਰੂ ਦਿਲ ਦੀ ਬਿਮਾਰੀ, ਹਾਰਟ ਵਾਲਵ ਵਿੱਚ ਪਰੇਸ਼ਾਨੀ, ਹਾਰਟ ਮਸਲ ਵਿੱਚ ਇਨਫਲੇਮੇਸ਼ਨ ਤੇ ਲੌਂਗ ਕਿਯੂਟੀ (Long QT) ਸਿੰਡਰੋਮ ਵਰਗੇ ਵਿਗਾੜ ਆਦਿ। ਕਈ ਹੋਰ ਕਾਰਨਾਂ ਕਰਕੇ ਵੀ ਕਾਰਡਿਅਕ ਅਰੈਸਟ ਹੋ ਸਕਦਾ ਹੈ: ਜਿਵੇਂ ਕਿ ਬਿਜਲੀ ਦੇ ਝਟਕੇ, ਨਸ਼ੇ ਦੀ ਓਵਰਡੋਜ਼, ਹੈਮਰੇਜ ਅਤੇ ਪਾਣੀ ਵਿੱਚ ਡੁੱਬਣਾ।
ਬਚਾਅ: ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਇਸ ਤੋਂ ਬਚਿਆ ਜਾ ਸਕਦਾ ਹੈ? ਬਿਲਕੁਲ ਇਸ ਤੋਂ ਬਚਾਅ ਹੋ ਸਕਦਾ ਹੈ। ਕਈ ਵਾਰ ਛਾਤੀ ਜ਼ਰੀਏ ਇਲੈੱਕਟ੍ਰਿਕ ਸ਼ੌਕ ਦੇਣ ਨਾਲ ਇਸ ਤੋਂ ਰਿਕਵਰ ਕੀਤਾ ਜਾ ਸਕਦਾ ਹੈ। ਇਸ ਲਈ ਡੀਫਿਬਰਿਲੇਟਰ ਨਾਂ ਦਾ ਟੂਲ ਇਸਤੇਮਾਲ ਹੁੰਦਾ ਹੈ। ਆਮ ਤੌਰ ’ਤੇ ਇਹ ਸਾਰੇ ਵੱਡੇ ਹਸਪਤਾਲਾਂ ਵਿੱਚ ਮੌਜੂਦ ਹੁੰਦਾ ਹੈ। ਇਸ ਵਿੱਚ ਮੁੱਖ ਮਸ਼ੀਨ ਅਤੇ ਸ਼ੌਕ ਦੇਣ ਦੇ ਬੇਸ ਹੁੰਦੇ ਹਨ, ਜਿਨ੍ਹਾਂ ਨੂੰ ਛਾਤੀ ਨਾਲ ਲਗਾ ਕੇ ਅਰੈਸਟ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜੇ ਕਾਰਡਿਅਕ ਅਰੈਸਟ ਵੇਲੇ ਆਲੇ ਦੁਆਲੇ ਡਿਫਿਬਰਿਲੇਟਰ ਨਾ ਹੋਵੇ ਤਾਂ ਕੀ ਕੀਤਾ ਜਾਵੇ? ਫਿਰ ਸੀਪੀਆਰ ਯਾਨੀ ਕਿ ਕਾਰਡੀਓਪਲਮੋਨਰੀ ਰੀਸਸੀਟੇਸ਼ਨ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ਵਿੱਚ ਦੋਵੇਂ ਹੱਥਾਂ ਨੂੰ ਸਿੱਧਾ ਰੱਖਦੇ ਹੋਏ ਮਰੀਜ਼ ਦੀ ਛਾਤੀ ’ਤੇ ਜ਼ੋਰ ਨਾਲ ਦਬਾਅ ਪਾਇਆ ਜਾਂਦਾ ਹੈ। ਇਸ ਵਿੱਚ ਮੂੰਹ ਜ਼ਰੀਏ ਹਵਾ ਵੀ ਦਿੱਤੀ ਜਾਂਦੀ ਹੈ।
ਹਾਰਟ ਅਟੈਕ ਤੋਂ ਕਿਵੇਂ ਵੱਖ ਹੈ: ਜ਼ਿਆਦਾਤਰ ਲੋਕ ਹਾਰਟ ਅਟੈਕ ਅਤੇ ਕਾਰਡਿਅਕ ਅਰੈਸਟ ਨੂੰ ਇੱਕ ਹੀ ਮੰਨਦੇ ਹਨ, ਪਰ ਇਨ੍ਹਾਂ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ। ਹਾਰਟ ਅਟੈਕ ਕੋਰੋਨਰੀ ਆਰਟਰੀ ਵਿੱਚ ਥੱਕਾ ਜੰਮਣ ਨਾਲ ਹੁੰਦਾ ਹੈ। ਇਸ ਕਰਕੇ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਖੂਨ ਨਹੀਂ ਪਹੁੰਚ ਪਾਉਂਦਾ। ਛਾਤੀ ਵਿੱਚ ਤੇਜ਼ ਦਰਦ ਹੁੰਦਾ ਹੈ। ਹਾਲਾਂਕਿ ਕਈ ਵਾਰ ਲੱਛਣ ਕਮਜ਼ੋਰ ਹੁੰਦੇ ਹਨ, ਪਰ ਇਹ ਨੁਕਸਾਨ ਕਰਨ ਲਈ ਕਾਫ਼ੀ ਹੁੰਦੇ ਹਨ। ਹਾਰਟ ਅਟੈਕ ਵਿੱਚ ਦਿਲ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਖੂਨ ਪਹੁੰਚਾਉਂਦਾ ਰਹਿੰਦਾ ਹੈ ਅਤੇ ਮਰੀਜ਼ ਹੋਸ਼ ਵਿੱਚ ਹੁੰਦਾ ਹੈ। ਹਾਰਟ ਅਟੈਕ ਦੇ ਮਰੀਜ਼ ਲਈ ਕਾਰਡਿਅਕ ਅਰੈਸਟ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਦੇ ਕਾਰਨ : ਕਾਰਡਿਅਕ ਅਰੈਸਟ ਦਾ ਮਤਲਬ ਦਿਲ ਦੀ ਧੜਕਣ ਦਾ ਬੰਦ ਹੋਣਾ ਹੁੰਦਾ ਹੈ ਅਤੇ ਹਾਰਟ ਅਟੈਕ ਦਾ ਮਤਲਬ ਦਿਲ ਨੂੰ ਸਹੀ ਮਾਤਰਾ ਵਿੱਚ ਖੂਨ ਨਾ ਮਿਲਣਾ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਖੂਨ ਨਾ ਮਿਲਣ ਕਰਕੇ ਕਾਰਡਿਅਕ ਅਰੈਸਟ ਹੋ ਜਾਵੇ। ਅਜਿਹੇ ਵਿੱਚ ਹਾਰਟ ਅਟੈਕ ਇਸ ਦੇ ਕਈ ਕਾਰਨਾਂ ’ਚੋਂ ਇੱਕ ਹੈ। ਇੱਕ ਖੂਨ ਦਾ ਥੱਕਾ ਕਾਰਡਿਅਕ ਅਰੈਸਟ ਦੀ ਵਜ੍ਹਾ ਬਣ ਸਕਦਾ ਹੈ। ਦਿਲ ਦੇ ਅੰਦਰ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਨਾਲ ਵੀ ਕਾਰਡਿਅਕ ਅਰੈਸਟ ਹੋ ਸਕਦਾ ਹੈ।
ਹਾਰਟ ਅਟੈਕ ਵਿੱਚ ਆਰਟਰੀ ਰੁਕਣ ਕਰਕੇ ਆਰਟਰੀ ਵਾਲਾ ਖੂਨ ਦਿਲ ਦੇ ਖ਼ਾਸ ਹਿੱਸਿਆਂ ਤੱਕ ਨਹੀਂ ਪਹੁੰਚਦਾ। ਜੇ ਇਸ ਦੀ ਰੁਕਾਵਟ ਨੂੰ ਤੁਰੰਤ ਨਹੀਂ ਖੋਲ੍ਹਿਆ ਜਾਂਦਾ ਤਾਂ ਉਸ ਜ਼ਰੀਏ ਦਿਲ ਦੇ ਜਿਸ ਹਿੱਸੇ ਵਿੱਚ ਖੂਨ ਪਹੁੰਚ ਰਿਹਾ ਹੈ, ਉਸ ਨਾਲ ਕਾਫ਼ੀ ਨੁਕਸਾਨ ਹੁੰਦਾ ਹੈ। ਹਾਰਟ ਅਟੈਕ ਵਿੱਚ ਇਲਾਜ ਵਿੱਚ ਜਿੰਨੀ ਦੇਰੀ ਹੁੰਦੀ ਰਹੇਗੀ, ਦਿਲ ਅਤੇ ਸਰੀਰ ਨੂੰ ਓਨਾ ਹੀ ਵੱਧ ਨੁਕਸਾਨ ਹੋਵੇਗਾ। ਕਾਰਡਿਅਕ ਅਰੈਸਟ ਵਾਂਗ ਹਾਰਟ ਅਟੈਕ ਵਿੱਚ ਦਿਲ ਦੀ ਧੜਕਣ ਬੰਦ ਨਹੀਂ ਹੁੰਦੀ। ਇਸ ਲਈ ਹਾਰਟ ਅਟੈਕ ਵਿੱਚ ਮਰੀਜ਼ ਦੇ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ।
ਦਿਲ ਨਾਲ ਜੁੜੀਆਂ ਇਹ ਦੋਵੇਂ ਬਿਮਾਰੀਆਂ ਆਪਸ ਵਿੱਚ ਵੀ ਜੁੜੀਆਂ ਹੋਈਆਂ ਹਨ। ਹਾਰਟ ਅਟੈਕ ਜਾਂ ਉਸ ਦੀ ਰਿਕਵਰੀ ਦੌਰਾਨ ਵੀ ਕਾਰਡਿਅਕ ਅਰੈਸਟ ਹੋ ਸਕਦਾ ਹੈ, ਪਰ ਇਹ ਜ਼ਰੂਰੀ ਵੀ ਨਹੀਂ ਹੈ ਕਿ ਹਾਰਟ ਅਟੈਕ ਆਉਣ ’ਤੇ ਕਾਰਡਿਅਕ ਅਰੈਸਟ ਵੀ ਹੋਵੇਗਾ। ਇੱਕ ਅਨੁਮਾਨ ਅਨੁਸਾਰ ਦਿਲ ਦੀਆਂ ਬਿਮਾਰੀਆਂ ਤੋਂ ਹੋਣ ਵਾਲੀਆਂ ਮੌਤਾਂ ਵਿੱਚ ‘ਸਡਨ ਕਾਰਡਿਅਕ ਅਰੈਸਟ’ ਨਾਲ ਹੋਣ ਵਾਲੀਆਂ ਮੌਤਾਂ ਦੀ ਹਿੱਸੇਦਾਰੀ 40-50 ਫੀਸਦੀ ਹੈ। ਦੁਨੀਆ ਭਰ ਵਿੱਚ ਕਾਰਡਿਅਕ ਅਰੈਸਟ ਤੋਂ ਬਚਣ ਦੀ ਦਰ ਇੱਕ ਫੀਸਦੀ ਤੋਂ ਵੀ ਘੱਟ ਹੈ ਅਤੇ ਅਮਰੀਕਾ ਵਿੱਚ ਇਹ ਕਰੀਬ 5 ਫੀਸਦੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਤੋਂ ਬਚਣਾ ਸੌਖਾ ਨਹੀਂ ਹੈ।
ਕਾਰਡਿਅਕ ਅਰੈਸਟ ਤੋਂ ਰਿਕਵਰ ਹੋਣ ਲਈ ਮਦਦਗਾਰ ਟੂਲ ਆਸਾਨੀ ਨਾਲ ਉਪਲੱਬਧ ਨਹੀਂ ਹਨ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹਾਲਾਤ ਹੋਰ ਵੀ ਖ਼ਰਾਬ ਹਨ। ਦੁਨੀਆ ਵਿੱਚ ਸਾਲਾਨਾ ਲਗਭਗ 1.7 ਕਰੋੜ ਮੌਤਾਂ ਦਿਲ ਦੀਆਂ ਬਿਮਾਰੀਆਂ ਕਰਕੇ ਹੁੰਦੀਆਂ ਹਨ। ਇਹ ਕੁੱਲ ਮੌਤਾਂ ਦਾ 30 ਫੀਸਦੀ ਹੈ। ਵਿਕਾਸਸ਼ੀਲ ਦੇਸ਼ਾਂ ਵਿੱਚ ਤਾਂ ਇਹ ਐੱਚਆਈਵੀ, ਮਲੇਰੀਆ ਅਤੇ ਟੀਬੀ ਨਾਲ ਹੋਈਆਂ ਮੌਤਾਂ ਤੋਂ ਦੁੱਗਣੀਆਂ ਮੌਤਾਂ ਲਈ ਜ਼ਿੰਮੇਵਾਰ ਹੈ।
*ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ।
ਸੰਪਰਕ: 98156-29301

Advertisement

Advertisement
Author Image

joginder kumar

View all posts

Advertisement