ਸਤਲੁਜ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕਾਰ ਸੇਵਾ ਸ਼ੁਰੂ
ਹਤਿੰਦਰ ਮਹਿਤਾ
ਜਲੰਧਰ, 19 ਅਗਸਤ
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਾਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਗੱਟਾ ਮੁੰਡੀ ਕਾਸੂ ਜਿੱਥੇ ਪਿਛਲੇ ਸਾਲ 2023 ਵਿੱਚ ਪਾੜ ਪਿਆ ਸੀ, ਉੱਥੇ ਮਿੱਟੀ ਪਾ ਕੇ ਉਸਨੂੰ ਮੁੜ ਮਜ਼ਬੂਤ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ 10 ਲੱਖ ਦੀ ਗਰਾਂਟ ਦਿੱਤੀ ਸੀ। ਇਹ ਗਰਾਂਟ ਹਾਲ ਹੀ ਵਿੱਚ ਪਹੁੰਚੀ ਸੀ ਤੇ ਉਦੋਂ ਤੋਂ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕਾਰਜ ਨੂੰ ਸ਼ੁਰੂ ਕਰ ਦਿੱਤਾ ਹੈ। ਬੰਨ੍ਹ ਦੀ ਮਜ਼ਬੂਤੀ ਲਈ ਸੰਤ ਸੀਚੇਵਾਲ ਖੁਦ ਵੀ ਘੰਟਿਆਂਬੱਧੀ ਐਕਸਾਵੇਟਰ ਮਸ਼ੀਨ ਚਲਾਉਂਦੇ ਹਨ।
ਇਸ ਦੌਰਾਨ ਗੱਲਬਾਤ ਕਰਦਿਆ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾਈ ਜਾ ਰਹੀ ਹੈ। ਇਹ ਧੱਕਾ ਬਸਤੀ ਤੋਂ ਲੈ ਕੇ ਚੜਦੇ ਵਾਲੇ ਪਾਸੇ ਪਿੰਡ ਜਾਣੀਆਂ ਚਾਹਲ ਤੱਕ ਬੰਨ੍ਹ ਦੀ ਮਬਜ਼ੂਤੀ ਲਈ ਮਿੱਟੀ ਪਾਈ ਜਾਵੇਗੀ। ਇਸ ਮੌਕੇ ਸੁਖਵਿੰਦਰ ਸਿੰਘ ਗੱਟੀ ਰਾਏਪੁਰ, ਮੇਜ਼ਰ ਸਿੰਘ ਜਾਣੀਆਂ, ਜੋਗਿੰਦਰ ਸਿੰਘ ਫਤਿਹਪੁਰ, ਬਲਬੀਰ ਸਿੰਘ, ਜਸਪਾਲ ਸਿੰਘ, ਗੁਰਨਾਮ ਸਿੰਘ, ਕਰਮਜੀਤ ਸਮੇਤ ਇਲਾਕਾ ਨਿਵਾਸੀਆਂ ਵੱਲੋਂ ਇਸ ਕਾਰਸੇਵਾ ਵਿੱਚ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।