ਫਲਾਈਓਵਰ ਤੋਂ ਕਾਰ ਡਿਗੀ, ਨੌਜਵਾਨ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 1 ਸਤੰਬਰ
ਦੱਖਣੀ ਬਾਈਪਾਸ ਸਥਿਤ ਫਲਾਈਓਵਰ ਤੋਂ ਇੱਕ ਤੇਜ਼ ਰਫ਼ਤਾਰ ਕਾਰ ਦੇ ਹੇਠਾਂ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਰਾਤ 10 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਇੱਕ ਹਾਂਡਾ ਸਿਟੀ ਕਾਰ ਨੰਬਰ ਪੀਬੀ 10 ਐਫਡਬਲਿਊ 7090 ਜਲੰਧਰ ਤੋਂ ਲੁਧਿਆਣਾ ਸਾਊਥ ਸਿਟੀ ਰਾਹੀਂ ਦੱਖਣੀ ਬਾਈਪਾਸ ’ਤੇ ਆ ਰਹੀ ਸੀ। ਕਾਰ ਜਦੋਂ ਸ੍ਰੀਰਾਮ ਸਕੂਲ ਕੋਲ ਪੁੱਜੀ ਤਾਂ ਤੇਜ਼ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਜਿਸ ਨਾਲ ਕਾਰ ਪੁਲ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਵਿੱਚ ਸਵਾਰ ਸਾਰੇ ਚਾਰ ਨੌਜਵਾਨ ਜ਼ਖ਼ਮੀ ਹੋ ਗਏ। ਜ਼ਖ਼ਮੀ ਨੌਜਵਾਨਾਂ ਨੇ ਬਚਾਅ ਲਈ ਰੌਲਾ ਪਾਇਆ ਜਿਸ ’ਤੇ ਲੋਕਾਂ ਨੇ ਉਨ੍ਹਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।
ਸੜਕ ਹਾਦਸਿਆਂ ਵਿੱਚ ਔਰਤ ਸਣੇ ਤਿੰਨ ਮੌਤਾਂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪਿੰਡ ਨਵਾਂ ਰੱਖੜਾ ਪਟਿਆਲਾ ਵਾਸੀ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਸੁਖਦੀਪ ਸਿੰਘ ਉਰਫ਼ ਸੁੱਖਾ (32 ਸਾਲ) ਆਪਣੀਆਂ ਭੈਣਾਂ ਨੂੰ ਮਿਲਣ ਗਿਆ ਸੀ ਪਰ ਉਹ ਘਰ ਨਹੀਂ ਪਰਤਿਆ। ਇਸ ਦੌਰਾਨ ਉਸਦੀ ਵੱਡੀ ਲੜਕੀ ਸਰਬਜੀਤ ਕੌਰ ਨੂੰ ਥਾਣਾ ਸਾਹਨੇਵਾਲ ਤੋਂ ਪਤਾ ਲੱਗਾ ਕਿ ਅੱਜ ਇੱਕ ਨੌਜਵਾਨ ਵਿਅਕਤੀ ਦੀ ਲਾਸ਼ ਨੇੜੇ ਇੰਡੀਅਨ ਪੈਟਰੋਲ ਪੰਪ ਦੋਰਾਹਾ ਤੋਂ ਲੁਧਿਆਣਾ ਸਾਈਡ ਨੈਸ਼ਨਲ ਹਾਈਵੇਅ ਤੋਂ ਮਿਲੀ ਹੈ। ਪੁਲੀਸ ਵੱਲੋਂ ਮ੍ਰਿਤਕ ਨੌਜਵਾਨ ਦੀ ਫੋਟੋ ਲੜਕੀ ਨੂੰ ਦਿਖਾਈ ਗਈ ਤਾਂ ਉਸਦੀ ਪਛਾਣ ਸੁਖਦੀਪ ਸਿੰਘ ਵਜੋਂ ਕੀਤੀ ਗਈ। ਥਾਣੇਦਾਰ ਕਰਨੈਲ ਸਿੰਘ ਨੇ ਦੱਸਿਆ ਕਿ ਹਾਦਸਾ ਕਿਸੇ ਅਣਪਛਾਤੇ ਵਾਹਨ ਵੱਲੋਂ ਵਾਹਨ ਟੱਕਰ ਮਾਰਨ ਕਾਰਨ ਵਾਪਰਿਆ ਹੈ। ਇਸੇ ਤਰ੍ਹਾਂ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪਿੰਡ ਪਵਾ ਥਾਣਾ ਸਾਹਨੇਵਾਲ ਵਾਸੀ ਭੀਮ ਰਵਾਨੀ ਨੇ ਦੱਸਿਆ ਕਿ ਉਸਦੀ ਪਤਨੀ ਮੰਜੂ ਦੇਵੀ (45 ਸਾਲ) ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇੱਕ ਹੈਡਰਾ ਕਰੇਨ ਦੇ ਡਰਾਈਵਰ ਦੀਪਕ ਕੁਮਾਰ ਨੇ ਆਪਣੀ ਕਰੇਨ ਤੇਜ਼ ਰਫਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਉੱਪਰ ਚੜ੍ਹਾਅ ਦਿੱਤੀ ਸੀ। ਥਾਣੇਦਾਰ ਗੁਰਸਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਡਰਾਈਵਰ ਦੀਪਕ ਕੁਮਾਰ ਵਾਸੀ ਸਾਹਨੇਵਾਲ ਨੂੰ ਗ੍ਰਿਫ਼ਤਾਰ ਕਰ ਕੇ ਕਰੇਨ ਕਬਜ਼ੇ ਵਿੱਚ ਲੈ ਲਈ ਹੈ। ਇਸੇ ਤਰ੍ਹਾਂ ਬਾਬਾ ਨਾਮਦੇਵ ਕਲੋਨੀ ਵਾਸੀ ਰਮੇਸ਼ ਸਾਹਨੀ ਨੇ ਦੱਸਿਆ ਹੈ ਕਿ ਉਸਦਾ ਭਰਾ ਰਾਜੇਸ਼ ਸਾਹਨੀ ਆਪਣੇ ਮੋਟਰਸਾਈਕਲ ਤੇ ਆਪਣੇ ਘਰ ਨਾਮਦੇਵ ਕਲੋਨੀ ਆ ਰਿਹਾ ਸੀ। ਉਹ ਵੀ ਉਸਦੇ ਪਿੱਛੇ ਆਪਣੇ ਸਾਈਕਲ ਤੇ ਆ ਰਿਹਾ ਸੀ। ਟਿੱਬਾ ਰੋਡ ਸਥਿਤ ਮੇਜ਼ਰ ਧਰਮਸ਼ਾਲਾ ਇੱਕ ਹੋਰ ਮੋਟਰਸਾਈਕਲ ਨੇ ਉਸ ਦੇ ਭਰਾ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਦਾਖ਼ਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਮੌਤ ਹੋ ਗਈ।