ਕਾਰ ਉਸਾਰੀ ਅਧੀਨ ਪੁਲੀ ਨਾਲ ਟਕਰਾਈ; ਇਕ ਦੀ ਮੌਤ ਦੂਜਾ ਜ਼ਖ਼ਮੀ
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 18 ਮਈ
ਇਥੇ ਬਾਘਾਪੁਰਾਣਾ ਰੋਡ ’ਤੇ ਪਿੰਡ ਖੋਟੇ ਵਿਚ ਉਸਾਰੀ ਅਧੀਨ ਸੜਕ ਉਪਰ ਬਣ ਰਹੀ ਪੁਲੀ ਨਾਲ ਕਾਰ ਟਕਰਾਉਣ ਕਰਕੇ ਪਿੰਡ ਰੌਂਤਾ ਦੇ ਕਬੱਡੀ ਖਿਡਾਰੀ ਸੁਰਜੀਤ ਸਿੰਘ (37) ਪੁੱਤਰ ਬਹਾਦਰ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੇ ਤਾਏ ਦਾ ਪੁੱਤਰ ਸੁਰਜੀਤ ਸੀਤੀ ਗੰਭੀਰ ਜ਼ਖ਼ਮੀ ਹੋ ਗਿਆ।
ਬੀਤੀ ਰਾਤ ਸਾਢੇ ਨੌਂ ਵਜੇ ਸੁਰਜੀਤ ਸਿੰਘ ਤੇ ਸੁਰਜੀਤ ਸੀਤੀ ਸਵਿਫਟ ਕਾਰ ਰਾਹੀਂ ਆਪਣੇ ਪਿੰਡ ਨੂੰ ਆ ਰਹੇ ਸਨ ਕਿ ਬਾਘਾਪੁਰਾਣਾ ਨਿਹਾਲ ਸਿੰਘ ਵਾਲਾ ਸੜਕ ਉੱਤੇ ਪਿੰਡ ਖੋਟੇ ’ਚ ਉਸਾਰੀ ਅਧੀਨ ਸੜਕ ’ਤੇ ਬਣ ਰਹੀ ਪੁਲੀ ਨਾਲ ਕਾਰ ਟਕਰਾਉਣ ਕਾਰਨ ਦੋਵੋਂ ਗੰਭੀਰ ਜ਼ਖ਼ਮੀ ਹੋ ਗਏ। ਪਿੰਡ ਖੋਟੇ ਵਾਸੀਆਂ ਨੇ ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਭਰਤੀ ਕਰਵਾਇਆ। ਹਸਪਤਾਲ ਨੇ ਜ਼ਖ਼ਮੀਆਂ ਨੂੰ ਮੋਗਾ ਰੈਫਰ ਕਰ ਦਿੱਤਾ ਪ੍ਰੰਤੂ ਮੋਗਾ ਲਿਜਾਣ ਲਈ ਕੋਈ ਐਂਬੂਲੈਂਸ ਨਾ ਭੇਜਣ ’ਤੇ ਜ਼ਖ਼ਮੀਆਂ ਨੂੰ ਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੁਰਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਨਾਮੀ ਕਬੱਡੀ ਖਿਡਾਰੀ ਸੀ। ਉਸ ਦਾ ਨੌਂ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਐਡਵੋਕੇਟ ਸੰਦੀਪ ਅਰੋੜਾ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਵਿਭਾਗ ਦੇ ਠੇਕੇਦਾਰਾਂ ਵੱਲੋਂ ਪੁਲੀ ਬਣਾਉਣ ਲਈ ਕੋਈ ਸਾਈਨ ਬੋਰਡ ਨਾ ਲਗਾਉਣ ਕਰਕੇ ਹੱਸਦਾ ਵੱਸਦਾ ਘਰ ਉੱਜੜ ਗਿਆ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਵੱਲੋਂ ਐਂਬੂਲੈਂਸ ਨਾ ਭੇਜਣ ਕਾਰਨ ਇਲਾਜ ਵਿਚ ਹੋਈ ਦੇਰੀ ਵੀ ਮੌਤ ਦਾ ਕਾਰਨ ਬਣੀ ਹੈ। ਪਿੰਡ ਰੌਂਤਾ ਅਤੇ ਖੋਟੇ ਵਾਸੀਆਂ ਨੇ ਸੜਕ ਵਿਭਾਗ ਤੇ ਠੇਕੇਦਾਰਾਂ ਦੀ ਅਣਗਹਿਲੀ ਖਿਲਾਫ਼ ਸੜਕ ’ਤੇ ਰੋਸ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਅਤਿ ਦੀ ਗਰਮੀ ਵਿੱਚ ਵੀ ਧਰਨਾ ਜਾਰੀ ਸੀ।