ਕਾਰ ਅਤੇ ਬੱਸ ਦੀ ਟੱਕਰ, ਪਿਓ ਦੀ ਮੌਤ
ਪੱਤਰ ਪ੍ਰੇਰਕ
ਮੁਕੇਰੀਆਂ, 26 ਅਕਤੂਬਰ
ਇੱਥੇ ਅੱਜ ਸਵੇਰੇ ਕਰੀਬ 7.15 ਵਜੇ ਦਸੂਹਾ-ਹੁਸਿਆਰਪੁਰ ਮਾਰਗ ’ਤੇ ਕਸਬਾ ਗੜ੍ਹਦੀਵਾਲਾ ਵਿੱਚ ਕਾਰ ਤੇ ਟੂਰਿਸਟ ਬੱਸ ਦਰਮਿਆਨ ਹੋਈ ਟੱਕਰ ਵਿੱਚ ਕਾਰ ਡਰਾਈਵਰ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਦੀਵਾਲਾ ਪਹੁੰਚਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਅਗਲੇ ਹਸਪਤਾਲ ਰੈਫਰ ਕਰ ਦਿੱਤਾ ਹੈ। ਮੌਕੇ ’ਤੇ ਪੁੱਜੀ ਪੁਲੀਸ ਨੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਹਾਜੀਪੁਰ ਨੇੜਲੇ ਪਿੰਡ ਧਾਮੀਆਂ ਦਾ ਰਵੀ ਕੁਮਾਰ ਆਪਣੀ ਪਤਨੀ ਨੀਤੂ ਤੇ ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਆਪਣੀ ਕਾਰ ਨੰਬਰ: ਪੀਬੀ 07 ਬੀਯੂ 3128 ’ਤੇ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ। ਉਹ ਜਦੋਂ ਸਵੇਰੇ ਕਰੀਬ 7.15 ਵਜੇ ਗੜ੍ਹਦੀਵਾਲਾ ਦੇ ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਕੋਲ ਪੁੱਜਿਆ ਤਾਂ ਕਾਰ ਸਾਹਮਣੇ ਹੁਸ਼ਿਆਰਪੁਰ ਵੱਲੋਂ ਦਿੱਲੀ ਤੋਂ ਜੰਮੂ ਕਟੜਾ ਜਾ ਰਹੀ ਟੂਰਿਸਟ ਬੱਸ ਨੰਬਰ ਬੀਆਰ-28-ਪੀ-0027 ਨਾਲ ਟਕਰਾ ਗਈ। ਹਾਦਸੇ ਉਪਰੰਤ ਬੱਸ ਸੜਕ ਕਿਨਾਰੇ ਲੱਗੇ ਬਿਜਲੀ ਵਾਲੇ ਖੰਭੇ ਵਿੱਚ ਜਾ ਵੱਜੀ ਅਤੇ ਕਾਰ ਡਰਾਈਵਰ ਰਵੀ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਉਸ ਦੀ ਪਤਨੀ ਨੀਤੂ ਅਤੇ ਪੁੱਤਰ ਅੰਮ੍ਰਿਤਪਾਲ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜ਼ਖਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਇਸ ਮੌਕੇ ਪੁੱਜੀ ਗੜ੍ਹਦੀਵਾਲਾ ਪੁਲੀਸ ਨੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਟਰੱਕ ਦੀ ਲਪੇਟ ਵਿੱਚ ਆਇਆ ਮੋਟਰਸਾਈਕਲ
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਡਲਹੌਜ਼ੀ ਰੋਡ ਸਥਿਤ ਪਠਾਨਕੋਟ ਐਂਟਰੀ ਗੇਟ ਕੋਲ ਲੰਘੀ ਦੇਰ ਸ਼ਾਮ ਹੋਏ ਸੜਕ ਹਾਦਸੇ ਵਿੱਚ ਉਸ ਸਮੇਂ ਨੌਜਵਾਨ ਵਾਲ-ਵਾਲ ਬਚ ਗਿਆ ਜਦ ਉਸ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਟਰੱਕ ਦੀ ਲਪੇਟ ਵਿੱਚ ਆ ਗਿਆ। ਨੌਜਵਾਨ ਦੀ ਪਛਾਣ ਕੁਲਵਿੰਦਰ ਵਾਸੀ ਲਮੀਨੀ ਵਜੋਂ ਹੋਈ ਹੈ ਜੋ ਪਲੰਬਰ ਦਾ ਕੰਮ ਕਰਦਾ ਹੈ ਅਤੇ ਉਹ ਕਿਸੇ ਕੰਮ ਤੋਂ ਆਪਣੇ ਘਰ ਵੱਲ ਜਾ ਰਿਹਾ ਸੀ। ਹਾਦਸੇ ਮਗਰੋਂ ਆਸ-ਪਾਸ ਤੋਂ ਲੰਘ ਰਹੇ ਰਾਹਗੀਰਾਂ ਨੇ ਨੌਜਵਾਨ ਨੂੰ ਚੁੱਕਿਆ। ਟਰੱਕ ਡਰਾਈਵਰ ਅਨੁਸਾਰ ਸਬੰਧਤ ਮੋਟਰਸਾਈਕਲ ਸਵਾਰ ਨੌਜਵਾਨ ਗਲਤ ਦਿਸ਼ਾ ਤੋਂ ਆ ਰਿਹਾ ਸੀ। ਇਸ ਦੇ ਚਲਦੇ ਉਹ ਲਪੇਟ ਵਿੱਚ ਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੀਸੀਆਰ ਮੁਲਾਜ਼ਮ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਜਾਂਚ ਆਰੰਭ ਦਿੱਤੀ।