ਭਾਰਤੀ ਹਾਕੀ ਟੀਮਾਂ ਦਾ ਕੈਪਟਨ ਅਜੀਤਪਾਲ ਸਿੰਘ
ਅਜੀਤਪਾਲ ਸਿੰਘ ਦਾ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕਰਨ ’ਚ ਰਿਕਾਰਡ ਹੈ। ਉਹ ਵਾਰ ਵਾਰ ਹਾਕੀ ਟੀਮਾਂ ਦਾ ਕੈਪਟਨ ਬਣਿਆ। ਏਸ਼ਿਆਈ ਖੇਡਾਂ ਵਿੱਚ ਵੀ, ਵਿਸ਼ਵ ਹਾਕੀ ਕੱਪਾਂ ਤੇ ਓਲੰਪਿਕ ਖੇਡਾਂ ਵਿੱਚ ਵੀ। ਉਹ ਹਾਕੀ ਦਾ ਹਰਫ਼ਨਮੌਲਾ ਖਿਡਾਰੀ ਸੀ। ਭਾਰਤ ਨੇ 1971 ਤੋਂ ਸ਼ੁਰੂ ਹੋਇਆ ਵਿਸ਼ਵ ਹਾਕੀ ਕੱਪ ਇੱਕੋ ਵਾਰ ਜਿੱਤਿਆ, ਉਹ ਵੀ ਉਹਦੀ ਕਪਤਾਨੀ ਵਿੱਚ। ਜਿੰਨੀ ਵਾਰ ਉਹ ਭਾਰਤੀ ਹਾਕੀ ਟੀਮਾਂ ਦਾ ਕਪਤਾਨ ਬਣਿਆ, ਸ਼ਾਇਦ ਹੀ ਕੋਈ ਹੋਰ ਖਿਡਾਰੀ ਕਿਸੇ ਦੇਸ਼ ਦੀਆਂ ਹਾਕੀ ਟੀਮਾਂ ਦਾ ਕਪਤਾਨ ਬਣਿਆ ਹੋਵੇ। ਤਦੇ ਉਹਦੇ ਬਾਰੇ ਲਿਖੇ ਆਪਣੇ ਪਹਿਲੇ ਸ਼ਬਦ ਚਿੱਤਰ ਦਾ ਨਾਂ ਮੈਂ ‘ਦਲਾਂ ਦਾ ਮੋਹਰੀ’ ਰੱਖਿਆ ਸੀ। ਦਲਾਂ ਦਾ ਮੋਹਰੀ ਨੂੰ ਹਾਕੀ ਦੇ ਪ੍ਰਸਿੱਧ ਟੂਰਨਾਮੈਂਟਾਂ, ਵਿਦੇਸ਼ੀ ਟੂਰਾਂ ਤੇ ਅੰਤਰਰਾਸ਼ਟਰੀ ਮੈਚਾਂ ਵਿੱਚ ਤਾਂ ਕਪਤਾਨ ਬਣਾਉਣਾ ਹੀ ਪੈਣਾ ਸੀ, ਉਹਨੀਂ ਦਿਨੀਂ ਜੇ ਵਰਲਡ ਇਲੈਵਨ ਬਣਾਈ ਜਾਂਦੀ ਤਾਂ ਉਸ ਦਾ ਕਪਤਾਨ ਵੀ ਅਜੀਤਪਾਲ ਸਿੰਘ ਨੂੰ ਹੀ ਬਣਾਉਣਾ ਪੈਂਦਾ।
ਉਸ ਨੇ ਓਲੰਪਿਕ ਖੇਡਾਂ ’ਚੋਂ ਦੋ ਮੈਡਲ, ਵਿਸ਼ਵ ਹਾਕੀ ਕੱਪਾਂ ’ਚੋਂ ਤਿੰਨ ਮੈਡਲ ਤੇ ਏਸ਼ਿਆਈ ਖੇਡਾਂ ’ਚੋਂ ਦੋ ਮੈਡਲ ਜਿੱਤੇ। ਕੌਮੀ ਪੱਧਰ ’ਤੇ ਦਰਜਨਾਂ ਕੱਪ ਤੇ ਟਰਾਫੀਆਂ ਜਿੱਤੀਆਂ। ਸਕੂਲਾਂ/ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੱਪਾਂ ਤੇ ਟਰਾਫੀਆਂ ਤੋਂ ਲੈ ਕੇ ਭਾਰਤ ਸਰਕਾਰ ਦੇ ਅਰਜਨ ਐਵਾਰਡ ਅਤੇ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨਿਆ ਗਿਆ। ਉਸ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 2022 ’ਚ ਸਪੋਰਟਸ ਸਟਾਰ ਏਸਸ ਐਵਾਰਡ ਦਿੱਤਾ ਗਿਆ। ਉਹ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਚੀਫ ਡੀ ਮਿਸ਼ਨ ਬਣਾਇਆ ਗਿਆ, ਪਰ ਮੌਕੇ ’ਤੇ ਬਿਮਾਰ ਹੋ ਜਾਣ ਕਰਕੇ ਉਹ ਲੰਡਨ ਦੀਆਂ ਓਲੰਪਿਕ ਖੇਡਾਂ ਸਮੇਂ ਭਾਰਤੀ ਦਲ ਦੀ ਅਗਵਾਈ ਨਾ ਕਰ ਸਕਿਆ। ਉਸ ਤੋਂ ਪਹਿਲਾਂ ਖਿਡਾਰੀ ਨਹੀਂ ਬਲਕਿ ਸਿਆਸੀ ਨੇਤਾ, ਸਰਕਾਰੀ ਅਫ਼ਸਰ ਤੇ ਖੇਡ ਅਧਿਕਾਰੀ ਹੀ ਚੀਫ ਡੀ ਮਿਸ਼ਨ ਬਣਾਏ ਜਾਂਦੇ ਸਨ।
ਮੈਂ ਅਜੀਤਪਾਲ ਨੂੰ ਖ਼ੁਦ ਹਾਕੀ ਖੇਡਦਾ ਤੇ ਕੋਚਿੰਗ ਕੈਂਪਾਂ ’ਚ ਕੋਚਿੰਗ ਲੈਂਦੇ ਵੇਖਿਆ। ਉਸ ਨੂੰ ਮਿਲਦਾ ਗਿਲਦਾ ਵੀ ਰਿਹਾ। ਕਦੇ ਜਲੰਧਰ, ਕਦੇ ਦਿੱਲੀ ਤੇ ਕਦੇ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿੱਚ। ਉਹ ਸੋਹਣਾ ਸੁਨੱਖਾ, ਬਣਦਾ ਤਣਦਾ ਤੇ ਸਾਊ ਖਿਡਾਰੀ ਸੀ। ਖੇਡ ਮੈਦਾਨ ’ਚ ਖੜ੍ਹਾ ਜਚਦਾ ਸੀ। ਉਹਦਾ ਜਨਮ ਹਾਕੀ ਦਾ ਘਰ ਕਹੇ ਜਾਂਦੇ ਪਿੰਡ ਸੰਸਾਰਪੁਰ ਵਿੱਚ 1 ਅਪਰੈਲ 1947 ਨੂੰ ਸਾਧੂ ਸਿੰਘ ਕੁਲਾਰ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ ਸੀ। ਸੰਸਾਰਪੁਰ ਜਲੰਧਰ ਛਾਉਣੀ ਨਾਲ ਲੱਗਦਾ ਛੋਟਾ ਜਿਹਾ ਪਿੰਡ ਹੈ ਜਿਸ ਨੇ ਹਾਕੀ ਦੇ 14 ਓਲੰਪੀਅਨਾਂ ਨੂੰ ਜਨਮ ਦਿੱਤਾ। ਉਸ ਪਿੰਡ ਬਾਰੇ ਲਤੀਫ਼ਾ ਜੁੜ ਗਿਆ ਸੀ ਕਿ ਉੱਥੇ ਬੱਚਾ ਜੰਮਦਾ ਹੀ ਤਦ ਸੀ ਜੇ ਉਸ ਨੂੰ ਹਾਕੀ ਫੜਾਈ ਜਾਂਦੀ! ਜਦ ਕਿ ਸੱਚਾਈ ਇਹ ਸੀ ਕਿ ਹਾਕੀ ਕੁਝ ਦਿਨ ਜੱਚਾ ਬੱਚਾ ਦੇ ਸਿਰਹਾਣੇ ਰੱਖੀ ਜਾਂਦੀ।
ਅਜੀਤਪਾਲ ਦਾ ਨਿੱਕਾ ਨਾਂ ‘ਛਿੰਦਾ’ ਸੀ। ਉਹ ਅਜੇ ਸੱਤ-ਅੱਠ ਸਾਲ ਦਾ ਸੀ ਜਦੋਂ ਉਸ ਦੇ ਚਾਚੇ ਨੇ ਹਾਕੀ ਸਟਿਕ ਦਾ ਤੋਹਫ਼ਾ ਦਿੱਤਾ। ਉਸ ਨੇ ਸਕੂਲੀ ਪੜ੍ਹਾਈ ਬੋਰਡ ਹਾਇਰ ਸੈਕੰਡਰੀ ਸਕੂਲ, ਜਲੰਧਰ ਛਾਉਣੀ ਤੋਂ ਕੀਤੀ ਤੇ ਕਾਲਜ ਦੀ ਪੜ੍ਹਾਈ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ। 1963 ਵਿੱਚ ਉਹ ਪੰਜਾਬ ਦੇ ਸਕੂਲਾਂ ਦੀ ਹਾਕੀ ਟੀਮ ’ਚ ਚੁਣਿਆ ਗਿਆ। ਉਦੋਂ ਉਹ ਫੁੱਲ ਬੈਕ ਖੇਡਦਾ ਸੀ। 1964 ਤੋਂ ਉਹ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੀ ਟੀਮ ਵਿੱਚ ਖੇਡਣ ਲੱਗਾ ਜਿਸ ਨੇ ਤਿੰਨ ਸਾਲ ਪੰਜਾਬ ਯੂਨੀਵਰਸਿਟੀ ਦੀ ਹਾਕੀ ਚੈਂਪੀਅਨਸ਼ਿਪ ਜਿੱਤੀ।
ਇਸ ਦੌਰਾਨ ਉਹ ਫੁੱਲ ਬੈਕ ਤੋਂ ਸੈਂਟਰ ਹਾਫ ਖੇਡਣ ਵਾਲਾ ਖਿਡਾਰੀ ਬਣ ਗਿਆ। 1966 ਵਿੱਚ ਉਸ ਨੇ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦੀ ਕਪਤਾਨੀ ਕੀਤੀ। 1966 ਤੋਂ ਉਹ ਪੰਜਾਬ ਰਾਜ ਦੀ ਟੀਮ ਵੱਲੋਂ ਖੇਡਣ ਲੱਗਾ। 1968 ਵਿੱਚ ਉਹ ਭਾਰਤੀ ਯੂਨੀਵਰਸਿਟੀਆਂ ਦੀ ਕੰਬਾਈਂਡ ਟੀਮ ਵੱਲੋਂ ਖੇਡਿਆ। ਹਾਕੀ ਦੇ ਸਿਰ ’ਤੇ ਬੀਐੱਸਐੱਫ ਦੇ ਖੇਡ ਕੋਟੇ ਵਿੱਚ ਭਰਤੀ ਹੋ ਗਿਆ ਤੇ ਅਸਿਸਟੈਂਟ ਕਮਾਂਡੈਂਟ ਵਜੋਂ ਰਿਟਾਇਰ ਹੋਇਆ ਤੇ ਦਿੱਲੀ ਦਾ ਵਸਨੀਕ ਬਣ ਗਿਆ। ਉਸ ਦਾ ਵਿਆਹ ਬਾਸਕਟਬਾਲ ਦੀ ਨੈਸ਼ਨਲ ਖਿਡਾਰਨ ਕਿਰਨ ਗਰੇਵਾਲ ਨਾਲ ਹੋਇਆ ਸੀ ਜਿਸ ਦੀ 2023 ਵਿੱਚ ਮੌਤ ਹੋ ਗਈ।
ਅਜੀਤਪਾਲ ਹਾਕੀ ਮੈਦਾਨ ਵਿੱਚ ਖੇਡਦਾ ਸਭਨਾਂ ਦਾ ਧਿਆਨ ਖਿੱਚਦਾ ਸੀ। ਉਹਦੇ ਜੁੱਸੇ ਵਿੱਚ ਲਚਕ ਤੇ ਛੋਹਲਾਪਣ ਸੀ। ਉਸ ਦਾ ਰੰਗ ਗੋਰਾ, ਜੂੜੇ ’ਤੇ ਰੁਮਾਲ, ਕੱਦ 5 ਫੁੱਟ 10 ਇੰਚ ਤੇ ਸਰੀਰਕ ਵਜ਼ਨ 73 ਕਿਲੋਗ੍ਰਾਮ ਸੀ। ਅਜੇ ਵੀ ਉਹਦੀ ਤੋਰ ਵਿੱਚ ਲਟਕ ਤੇ ਮਟਕ ਹੈ। ਉਹਦੇ ਕੋਲੋਂ ਗੇਂਦ ਕੱਢਣੀ ਬੜੀ ਮੁਸ਼ਕਿਲ ਹੁੰਦੀ ਸੀ। ਗੇਂਦ ਉਹਦੀ ਹਾਕੀ ਨਾਲ ਚਿਪਕ ਜਾਂਦੀ। ਪਤਾ ਉਦੋਂ ਲੱਗਦਾ ਜਦੋਂ ਅਛੋਪਲੇ ਜਿਹੇ ਉਹ ਬਾਲ ਆਪਣੇ ਫਾਰਵਰਡ ਖਿਡਾਰੀ ਕੋਲ ਅਜਿਹੀ ਥਾਂ ਪਹੁੰਚਾਉਂਦਾ ਜਿੱਥੋਂ ਉਹ ਸੌਖ ਨਾਲ ਹੀ ਗੋਲ ਕਰ ਸਕੇ।
1966 ’ਚ 19 ਸਾਲ ਦੀ ਉਮਰੇ ਉਹ ਪਹਿਲੀ ਵਾਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਜਿਸ ਨੇ ਜਪਾਨ ਦਾ ਟੂਰ ਲਾਇਆ। 1967 ਵਿੱਚ ਉਹ ਲੰਡਨ ਦਾ ਪ੍ਰੀ ਓਲੰਪਿਕ ਟੂਰਨਾਮੈਂਟ ਖੇਡਿਆ। 1968 ਵਿੱਚ ਮੈਕਸੀਕੋ ਦੀਆਂ ਓਲੰਪਿਕ ਖੇਡਾਂ ’ਚ ਭਾਰਤੀ ਟੀਮ ਦਾ ਮੈਂਬਰ ਚੁਣਿਆ ਗਿਆ ਜਿਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਉੱਥੇ ਜਰਮਨੀ ਦੀ ਟੀਮ ਵਿਰੁੱਧ ਉਸ ਨੂੰ ਸੈਂਟਰ ਹਾਫ ਖਿਡਾਇਆ ਤਾਂ ਟੀਮ ਦੀ ਕਾਰਗੁਜ਼ਾਰੀ ਹੋਰ ਵੀ ਬਿਹਤਰ ਰਹੀ। ਉਦੋਂ ਤੋਂ ਉਹਦੀ ਸੈਂਟਰ ਹਾਫ ਪੁਜੀਸ਼ਨ ਹਮੇਸ਼ਾਂ ਲਈ ਪੱਕੀ ਹੋ ਗਈ। 1970 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ’ਚ ਉਸ ਨੇ ਖੇਡ ਦੇ ਹੋਰ ਵੀ ਚੰਗੇ ਜੌਹਰ ਵਿਖਾਏ ਤੇ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ।
1971 ਵਿੱਚ ਉਸ ਨੂੰ ਪਹਿਲੀ ਵਾਰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਸ ਟੀਮ ਨੇ ਸਿੰਘਾਪੁਰ ਦਾ ਪੈਸਟਾ ਸੁਆਂ ਇੰਟਰਨੈਸ਼ਨਲ ਹਾਕੀ ਟੂਰਨਮੈਂਟ ਜਿੱਤਿਆ। ਉਸੇ ਸਾਲ ਬਾਰਸੀਲੋਨਾ ਦੇ ਪਹਿਲੇ ਵਿਸ਼ਵ ਕੱਪ ਹਾਕੀ ਟੂਰਨਾਮੈਂਟ ’ਚ ਉਸ ਨੂੰ ਫਿਰ ਭਾਰਤੀ ਟੀਮ ਦੀ ਕਪਤਾਨੀ ਸੌਂਪੀ ਗਈ। ਉਦੋਂ ਉਹ 24ਵੇਂ ਸਾਲ ਵਿੱਚ ਸੀ। 1972 ਵਿੱਚ ਉਸ ਨੇ ਮਿਊਨਿਖ ਦੀਆਂ ਓਲੰਪਿਕ ਖੇਡਾਂ ’ਚ ਭਾਗ ਲਿਆ ਜਿੱਥੇ ਓਲੰਪਿਕ ਖੇਡਾਂ ਦਾ ਇੱਕ ਹੋਰ ਕਾਂਸੀ ਦਾ ਤਗ਼ਮਾ ਜਿੱਤਿਆ। 1973 ਵਿੱਚ ਉਹ ਵਿਸ਼ਵ ਹਾਕੀ ਕੱਪ ਖੇਡਣ ਐਮਸਟਰਡਮ ਗਿਆ ਜਿੱਥੇ ਭਾਰਤੀ ਟੀਮ ਦੂਜੇ ਸਥਾਨ ’ਤੇ ਰਹੀ। 1974 ਵਿੱਚ ਉਸ ਨੇ ਭਾਰਤੀ ਟੀਮ ਦਾ ਕਪਤਾਨ ਬਣ ਕੇ ਤਹਿਰਾਨ ਦੀਆਂ ਏਸ਼ਿਆਈ ਖੇਡਾ ’ਚ ਭਾਗ ਲਿਆ ਜਿੱਥੇ ਫਿਰ ਚਾਂਦੀ ਦਾ ਤਗ਼ਮਾ ਜਿੱਤਿਆ। ਉੱਥੇ ਆਲ ਸਟਾਰਜ਼ ਏਸ਼ੀਆ ਟੀਮ ਬਣਾਈ ਗਈ ਜੋ ਆਲ ਸਟਾਰਜ਼ ਯੂਰਪ ਵਿਰੁੱਧ ਮੈਚ ਖੇਡੀ। ਫਿਰ ਕਰਾਚੀ ਵਿੱਚ ਉਹ ਰੈਸਟ ਆਫ ਵਰਲਡ ਟੀਮ ਵੱਲੋਂ ਪਾਕਿਸਤਾਨ ਵਿਰੁੱਧ ਖੇਡਿਆ ਤੇ ਪਾਕਿਸਤਾਨ ਵਿੱਚ ਆਪਣੀ ਖੇਡ ਦਾ ਸਿੱਕਾ ਜਮਾਇਆ।
ਉਤੋਂ 1975 ਦਾ ਵਿਸ਼ਵ ਹਾਕੀ ਕੱਪ ਆ ਰਿਹਾ ਸੀ। ਉਸ ਸਮੇਂ ਭਾਰਤੀ ਹਾਕੀ ਟੀਮ ਦੀ ਹਾਲਤ ਪਤਲੀ ਸੀ। ਉਸ ਪਾਸ ਨਾ ਏਸ਼ਿਆਈ ਖੇਡਾਂ ਦੀ ਹਾਕੀ ਦਾ ਗੋਲਡ ਮੈਡਲ ਸੀ, ਨਾ ਵਿਸ਼ਵ ਹਾਕੀ ਟਰਾਫੀ, ਨਾ ਓਲੰਪਿਕ ਖੇਡਾਂ ਦਾ ਸਿਲਵਰ ਜਾਂ ਗੋਲਡ ਮੈਡਲ ਤੇ ਨਾ ਵਿਸ਼ਵ ਹਾਕੀ ਕੱਪ ਸੀ। ਉਸ ਹਾਲਤ ਵਿੱਚ ਪੰਜਾਬ ਸਰਕਾਰ ਨੇ ਭਾਰਤੀ ਹਾਕੀ ਟੀਮ ਤਿਆਰ ਕਰਨ ਦੀ ਜ਼ਿੰਮੇਵਾਰੀ ਆਪ ਚੁੱਕ ਲਈ। ਪੰਜਾਬ ਦੇ ਸਪੋਰਟਸ ਡਾਇਰੈਕਟਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਭਾਰਤੀ ਟੀਮ ਦਾ ਕੋਚਿੰਗ ਕੈਂਪ ਲਾਇਆ ਗਿਆ।
ਅਸ਼ੋਕ ਦੀਵਾਨ, ਲੈਸਲੀ ਫਰਨਾਂਡਿਸ, ਮਾਈਕਲ ਕਿੰਡੋ, ਸੁਰਜੀਤ ਸਿੰਘ, ਅਸਲਮ ਸ਼ੇਰ ਖਾਂ, ਵਰਿੰਦਰ ਸਿੰਘ, ਅਜੀਤਪਾਲ ਸਿੰਘ, ਮੁਹਿੰਦਰ ਸਿੰਘ, ਓਂਕਾਰ ਸਿੰਘ, ਵੀ. ਜੇ. ਫਿਲਿਪਸ, ਬੀ. ਪੀ. ਗੋਵਿੰਦਾ, ਆਰ. ਜੇ. ਐੱਸ. ਚਿਮਨੀ, ਐੱਸ. ਆਰ. ਪਵਾਰ, ਹਰਚਰਨ ਸਿੰਘ, ਅਸ਼ੋਕ ਕੁਮਾਰ ਸਿੰਘ ਤੇ ਪੀ. ਈ. ਕੈਲ੍ਹੇ ਭਾਰਤੀ ਟੀਮ ’ਚ ਚੁਣੇ ਗਏ। ਉਨ੍ਹਾਂ ਖਿਡਾਰੀਆਂ ਦੀ ਉਮਰ 20 ਤੋਂ 29 ਸਾਲ ਵਿਚਕਾਰ ਸੀ ਜਿਨ੍ਹਾਂ ਦੀ ਔਸਤ ਉਮਰ 24 ਸਾਲ ਬਣਦੀ ਸੀ। ਦੇਸ਼ ਦੀਆਂ ਵਧੀਆ ਹਾਕੀ ਟੀਮਾਂ ਨੂੰ ਕੈਂਪ ਦੌਰਾਨ ਚੰਡੀਗੜ੍ਹ ਸੱਦਿਆ ਜਾਂਦਾ ਤੇ ਕੁਝ ਇਕਨਾਂ ਨੂੰ ਹਫ਼ਤਾ ਹਫ਼ਤਾ ਠਹਿਰਾਇਆ ਵੀ ਜਾਂਦਾ। ਉਨ੍ਹਾਂ ਨਾਲ ਮੈਚ ਖੇਡੇ ਜਾਂਦੇ। ਭਾਰਤੀ ਟੀਮ ਦੇ ਕਾਰਪਸ ਆਫ ਸਿਗਨਲਜ਼, ਈਸਟਰਨ ਕਮਾਂਡ, ਪੰਜਾਬ ਪੁਲੀਸ, ਬਾਰਡਰ ਸਕਿਉਰਿਟੀ ਫੋਰਸ, ਇੰਡੀਅਨ ਏਅਰ ਫੋਰਸ, ਕੰਬਾਈਂਡ ਯੂਨੀਵਰਸਿਟੀਜ਼ ਪੰਜਾਬ ਤੇ ਹਰਿਆਣਾ ਰਾਜ ਬਿਜਲੀ ਬੋਰਡ ਦੀਆਂ ਟੀਮਾਂ ਨਾਲ ਮੈਚ ਹੁੰਦੇ। ਕੈਂਪ ਦੌਰਾਨ ਅਜਿਹੇ 35 ਮੈਚ ਖੇਡੇ ਗਏ।
1975 ਦਾ ਤੀਜਾ ਵਰਲਡ ਹਾਕੀ ਕੱਪ ਕੁਆਲਾ ਲੰਪੁਰ ਹੋਣਾ ਸੀ। ਉਹਦੇ ਲਈ 12 ਟੀਮਾਂ ਮੈਦਾਨ ਵਿੱਚ ਸਨ। ਪੂਲ ਏ ਵਿੱਚ ਪਾਕਿਸਤਾਨ, ਮਲੇਸ਼ੀਆ, ਨਿਊਜ਼ੀਲੈਂਡ, ਹਾਲੈਂਡ, ਸਪੇਨ ਤੇ ਪੋਲੈਂਡ ਦੀਆਂ ਟੀਮਾਂ ਸਨ। ਪੂਲ ਬੀ ਵਿੱਚ ਭਾਰਤ, ਜਰਮਨੀ, ਅਰਜਨਟੀਨਾ, ਇੰਗਲੈਂਡ, ਆਸਟਰੇਲੀਆ ਤੇ ਘਾਨਾ ਦੀਆਂ ਟੀਮਾਂ ਨੇ ਖੇਡਣਾ ਸੀ। ਪੂਲ ਮੈਚਾਂ ਵਿੱਚ ਪਾਕਿਸਤਾਨ ਦੀ ਟੀਮ ਪੋਲੈਂਡ ਤੇ ਹਾਲੈਂਡ ਦੀਆਂ ਟੀਮਾਂ ਵਿਰੁੱਧ ਬਰਾਬਰ ਖੇਡ ਕੇ ਤੇ ਬਾਕੀ ਤਿੰਨ ਟੀਮਾਂ ਨੂੰ ਜਿੱਤ ਕੇ ਚੋਟੀ ਉਤੇ ਰਹੀ। ਭਾਰਤੀ ਟੀਮ ਤਿੰਨ ਟੀਮਾਂ ਨੂੰ ਹਰਾ ਕੇ, ਅਰਜਨਟੀਨਾ ਤੋਂ ਹਾਰ ਕੇ ਤੇ ਆਸਟਰੇਲੀਆ ਨਾਲ ਮੈਚ ਬਰਾਬਰ ਖੇਡ ਕੇ ਅੱਵਲ ਆਈ। ਏ ਪੂਲ ’ਚੋਂ ਪਾਕਿਸਤਾਨ ਤੇ ਮਲੇਸ਼ੀਆ ਅਤੇ ਬੀ ਪੂਲ ’ਚੋਂ ਭਾਰਤ ਤੇ ਜਰਮਨੀ ਦੀਆਂ ਟੀਮਾਂ ਸੈਮੀ ਫਾਈਨਲ ਖੇਡੀਆਂ।
ਕੁਆਲਾ ਲੰਪੁਰ ਵਿੱਚ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧ ਰਿਹਾ ਸੀ ਰੱਬ ਅੱਗੇ ਅਰਜ਼ੋਈਆਂ ਵੀ ਵਧ ਰਹੀਆਂ ਸਨ। ਇਹ ਮਨੋਵਿਗਿਆਨਕ ਟੇਕ ਸੀ। ਟੀਮ ਨਾਲ ਗਿਆ ਡਾ. ਰਾਜਿੰਦਰ ਕਾਲੜਾ ਮਨੋਵਿਗਿਆਨੀ ਵੀ ਸੀ। ਉਹ ਖਿਡਾਰੀਆਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਧਿਆਨ ਰੱਖ ਰਿਹਾ ਸੀ। ਲੋੜ ਪੈਣ ’ਤੇ ਵਹਿਮਾਂ ਭਰਮਾਂ ਦਾ ਇਲਾਜ ਵੀ ਕਰੀ ਜਾਂਦਾ। ਫੁੱਲ ਬੈਕ ਸੁਰਜੀਤ ਸਿੰਘ ਨੂੰ ਵਹਿਮ ਹੋ ਗਿਆ ਕਿ ਉਸ ਦੀ ਜਰਸੀ ਦਾ ਨੰਬਰ 4 ਉਸ ਲਈ ਮਨਹੂਸ ਹੈ। ਜਦੋਂ ਇਹ ‘ਬਿਮਾਰੀ’ ਡਾ. ਕਾਲੜੇ ਦੇ ਧਿਆਨ ਵਿੱਚ ਲਿਆਂਦੀ ਤਾਂ ਕਾਲੜੇ ਨੇ ਬੈਂਕਾਕ ’ਚ ਰਹਿੰਦੇ ਕਿਸੇ ਭਾਰਤੀ ਤੋਂ ਗੁੜ ਤੇ ਤਿਲ ਮੰਗਾਏ। ਗੁੜ ਤੇ ਤਿਲ ‘ਮੰਤਰ’ ਕੇ ਸੁਰਜੀਤ ਨੂੰ ਖਾਣ ਲਈ ਦਿੱਤੇ। ਸੁਰਜੀਤ ਫਿਰ ਸਿਖਰ ਦੀ ਫਾਰਮ ਵਿੱਚ ਖੇਡਣ ਲੱਗਾ। ਇਉਂ ਵਹਿਮ ਦਾ ਇਲਾਜ ਵੀ ਵਹਿਮ ਨਾਲ ਹੀ ਹੋਇਆ।
ਕੱਪ ਦਾ ਫਾਈਨਲ ਮੈਚ 15 ਮਾਰਚ 1975 ਨੂੰ ਸੀ। ਸੈਮੀ ਫਾਈਨਲ ’ਚ ਜਰਮਨੀ ਨੂੰ ਵੱਧ ਗੋਲਾਂ ’ਤੇ ਹਰਾਉਣ ਕਰਕੇ ਪਾਕਿਸਤਾਨ ਦੀ ਪੁਜੀਸ਼ਨ ਬਿਹਤਰ ਸਮਝੀ ਜਾ ਰਹੀ ਸੀ। ਭਾਰਤੀ ਟੀਮ ’ਚ ਅਸ਼ੋਕ ਦੀਵਾਨ ਗੋਲਚੀ, ਅਸਲਮ ਤੇ ਸੁਰਜੀਤ ਫੁੱਲ ਬੈਕ, ਵਰਿੰਦਰ, ਅਜੀਤਪਾਲ ਤੇ ਮੁਹਿੰਦਰ ਹਾਫ ਬੈਕ, ਫਿਲਿਪਸ, ਅਸ਼ੋਕ, ਪਵਾਰ, ਗੋਵਿੰਦਾ ਤੇ ਹਰਚਰਨ ਫਾਰਵਰਡ ਖਿਡਾਰੀ ਸਨ ਜਿਸ ਦਾ ਕੈਪਟਨ ਫਿਰ ਅਜੀਤਪਾਲ ਸੀ। ਸੱਤਰ ਹਜ਼ਾਰ ਸੀਟਾਂ ਵਾਲਾ ਸਟੇਡੀਅਮ ਕੰਢਿਆਂ ਤੱਕ ਭਰਪੂਰ ਸੀ। ਦਰਸ਼ਕਾਂ ਦੀਆਂ ਹੱਲਸ਼ੇਰੀਆਂ ਨਾਲ ਹੱਥਾਂ ’ਚ ਫੜੇ ਭਾਰਤੀ ਤੇ ਪਾਕਿਸਤਾਨੀ ਝੰਡੇ ਲਹਿਰਾ ਰਹੇ ਸਨ। ਮੈਚ ਦੇ ਪਹਿਲੇ ਪਲਾਂ ਵਿੱਚ ਭਾਰਤੀ ਟੀਮ ਹਾਵੀ ਰਹੀ, ਪਰ 16ਵੇਂ ਮਿੰਟ ’ਚ ਮਿਲੇ ਪੈਨਲਟੀ ਕਾਰਨਰ ਦਾ ਭਾਰਤੀ ਟੀਮ ਫਾਇਦਾ ਨਾ ਉਠਾ ਸਕੀ। ਪਹਿਲਾਂ ਪਾਕਿਸਤਾਨ ਦਾ ਇੱਕ ਪੈਨਲਟੀ ਕਾਰਨਰ ਵੀ ਬੇਕਾਰ ਚਲਾ ਗਿਆ ਸੀ। 25ਵੇਂ ਮਿੰਟ ’ਚ ਪਾਕਿਸਤਾਨੀ ਟੀਮ ਨੇ ਫੀਲਡ ਗੋਲ ਕਰ ਦਿੱਤਾ। 29ਵੇਂ ਮਿੰਟ ’ਚ ਭਾਰਤ ਨੂੰ ਮਿਲਿਆ ਦੂਜਾ ਪੈਨਲਟੀ ਕਾਰਨਰ ਵੀ ਅਜਾਈਂ ਚਲਾ ਗਿਆ। ਅੱਧੇ ਸਮੇਂ ਤਕ ਪਾਕਿਸਤਾਨ 1-0 ਗੋਲ ਨਾਲ ਅੱਗੇ ਸੀ।
ਦੂਜਾ ਅੱਧ ਸ਼ੁਰੂ ਹੋਇਆ ਤਾਂ ਭਾਰਤੀ ਟੀਮ ਦੇ ਹੱਲੇ ਹੋਰ ਤੇਜ਼ ਹੋ ਗਏ। ਗੇਂਦ ਵਾਰ-ਵਾਰ ਪਾਕਿਸਤਾਨ ਦੀ ਡੀ ’ਚ ਜਾਣ ਲੱਗੀ। 44ਵੇਂ ਮਿੰਟ ’ਚ ਭਾਰਤ ਨੂੰ ਫਿਰ ਪੈਨਲਟੀ ਕਾਰਨਰ ਮਿਲ ਗਿਆ। ਇਸ ਵਾਰ ਸੁਰਜੀਤ ਸਿੰਘ ਨੇ ਗੋਲ ਦਾ ਫੱਟਾ ਖੜਕਾ ਕੇ ਮੈਚ 1-1 ਦੀ ਬਰਾਬਰੀ ’ਤੇ ਲੈ ਆਂਦਾ। 51ਵੇਂ ਮਿੰਟ ’ਚ ਹਰਚਰਨ ਨੇ ਦੋ ਜਣਿਆਂ ਨੂੰ ਡਾਜ ਮਾਰ ਕੇ ਬਾਲ ਫਿਲਿਪਸ ਵੱਲ ਸੁੱਟੀ। ਉਸ ਨੇ ਅਸ਼ੋਕ ਨੂੰ ਪਾਸ ਦਿੱਤਾ ਜਿਸ ਨੇ ਦੂਜਾ ਗੋਲ ਕਰ ਦਿੱਤਾ। ਇੰਜ ਭਾਰਤ 2-1 ਗੋਲਾਂ ਨਾਲ ਵਿਸ਼ਵ ਕੱਪ ਜਿੱਤ ਗਿਆ। ਟੋਕੀਓ ਦੀਆਂ ਓਲੰਪਿਕ ਖੇਡਾਂ ਤੋਂ 11 ਸਾਲ ਬਾਅਦ ਭਾਰਤ ਫਿਰ ਹਾਕੀ ਦਾ ਵਿਸ਼ਵ ਚੈਂਪੀਅਨ ਬਣ ਗਿਆ। ਉਦੋਂ ਅਜੀਤਪਾਲ ਦੀ ਮਸ਼ਹੂਰੀ ਸਿਖਰਾਂ ਛੂਹ ਗਈ ਤੇ ਉਸ ਨੂੰ ਵਿਸ਼ਵ ਦਾ ਮਹਾਨ ਖਿਡਾਰੀ ਐਲਾਨਿਆ ਗਿਆ।
1976 ਵਿੱਚ ਮੌਂਟਰੀਅਲ ਦੀਆਂ ਓਲੰਪਿਕ ਖੇਡਾਂ ਸਮੇਂ ਅਜੀਤਪਾਲ ਨੂੰ ਫਿਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ, ਪਰ ਉੱਥੇ ਭਾਰਤੀ ਟੀਮ ਦੀ ਕਾਰਗੁਜ਼ਾਰੀ ਆਸ ਤੋਂ ਕਿਤੇ ਘੱਟ ਰਹੀ ਤੇ ਉਸ ਨੂੰ 7ਵੇਂ ਸਥਾਨ ’ਤੇ ਰਹਿਣ ਦਾ ਸਬਰ ਕਰਨਾ ਪਿਆ। ਉਸ ਪਿੱਛੋਂ ਅਜੀਤਪਾਲ ਨੇ 1980 ਦੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਕਰਾਚੀ ’ਚ ਭਾਗ ਲਿਆ, ਪਰ ਪਹਿਲਾਂ ਵਾਲੀ ਗੱਲ ਨਾ ਬਣੀ ਤੇ ਉਹ ਸਰਗਰਮ ਹਾਕੀ ਤੋਂ ਰਿਟਾਇਰ ਹੋ ਕੇ ਦਿੱਲੀ ਦੇ ਪੈਟਰੋਲ ਪੰਪ ਦੇ ਕਾਰੋਬਾਰ ਵਿੱਚ ਪੈ ਗਿਆ। ਸਰੀਰ ਨਾਲ ਹਾਕੀ ਖੇਡਣੀ ਭਾਵੇਂ ਉਸ ਨੇ ਛੱਡ ਦਿੱਤੀ ਹੈ, ਪਰ ਦਿਲ ਉਸ ਦਾ ਅਜੇ ਵੀ ਹਾਕੀ ਲਈ ਹੀ ਧੜਕਦਾ ਹੈ।
ਈ-ਮੇਲ: principalsarwansingh@gmail.com