ਰਾਜਧਾਨੀ ਦੀਆਂ ਸੜਕਾਂ ਦੀ ਅਗਲੇ ਮਹੀਨੇ ਤੱਕ ਮੁਰੰਮਤ ਹੋਣ ਦੇ ਆਸਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਾਰਚ
ਲੋਕ ਨਿਰਮਾਣ ਵਿਭਾਗ 30 ਅਪਰੈਲ ਤੱਕ ਆਪਣੇ ਅਧਿਕਾਰ ਖੇਤਰ ਅਧੀਨ ਸੜਕਾਂ ’ਤੇ 7,000 ਟੋਇਆਂ ਨੂੰ ਭਰ ਦੇਵੇਗਾ। ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ।
21 ਫਰਵਰੀ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਦੀ ਪ੍ਰਧਾਨਗੀ ਹੇਠ ਦਿੱਲੀ ਮੰਤਰੀ ਮੰਡਲ ਅੱਗੇ ਇਸ ਸਬੰਧੀ ਪੇਸ਼ਕਾਰੀ ਵੀ ਦਿੱਤੀ ਗਈ ਸੀ। ਇਸ ਪੇਸ਼ਕਾਰੀ ਵਿੱਚ, ਵੱਖ-ਵੱਖ ਟੈਂਡਰਾਂ ਨੂੰ ਬੁਲਾਉਣ ਅਤੇ ਕੰਮ ਸ਼ੁਰੂ ਕਰਨ ਲਈ ਕੁਝ ਸਮਾਂ ਸੀਮਾਵਾਂ ਨਿਰਧਾਰਤ ਕੀਤੀਆਂ ਗਈਆਂ ਸਨ। ਇਸ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਸਮਾਂ-ਸੀਮਾਵਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਵੈਨਾਂ ਰਾਹੀਂ ਟੋਏ ਭਰੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਨੇ ਮੁਰੰਮਤ ਦੀ ਲੋੜ ਵਾਲੇ 20 ਲੱਖ ਵਰਗ ਮੀਟਰ ਸੜਕ ਦੇ ਪੈਚਾਂ ਦੀ ਪਛਾਣ ਕੀਤੀ ਹੈ। ਇਨ੍ਹਾਂ ਮੁਰੰਮਤ ਖੇਤਰਾਂ ਲਈ ਟੈਂਡਰ ਪ੍ਰਕਿਰਿਆ 15 ਮਾਰਚ ਤੱਕ ਮੁਕੰਮਲ ਹੋਣ ਦੀ ਉਮੀਦ ਹੈ, ਜਿਸ ਨੂੰ ਪੂਰਾ ਕਰਨ ਦਾ ਟੀਚਾ 30 ਅਪਰੈਲ ਰੱਖਿਆ ਗਿਆ ਹੈ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕੌਮੀ ਰਾਜਧਾਨੀ ਵਿੱਚ ਸੜਕਾਂ ਦੀ ਕਥਿਤ ਮਾੜੀ ਹਾਲਤ ਇੱਕ ਵੱਡਾ ਮੁੱਦਾ ਸੀ।
ਦਿੱਲੀ ਦੇ ਸੜਕੀ ਨੈਟਵਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਵਿੱਚ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਮੰਤਰੀ ਪਰਵੇਸ਼ ਵਰਮਾ ਨੇ ਪੀਰਾਗੜ੍ਹੀ ਚੌਕ ਤੋਂ ਟਿੱਕਰੀ ਬਾਰਡਰ ਤੱਕ 13.23 ਕਿਲੋਮੀਟਰ ਲੰਬੀ ਦਿੱਲੀ-ਰੋਹਤਕ ਰੋਡ (ਐੱਨਐੱਚ-10) ਨੂੰ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਤਬਦੀਲ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।