For the best experience, open
https://m.punjabitribuneonline.com
on your mobile browser.
Advertisement

ਭਾਰਤ ਦੀ ਪੂੰਜੀਵਾਦੀ ਖ਼ਸਲਤ

06:32 AM Feb 03, 2024 IST
ਭਾਰਤ ਦੀ ਪੂੰਜੀਵਾਦੀ ਖ਼ਸਲਤ
Advertisement

ਔਨੰਦਿਓ ਚੱਕਰਵਰਤੀ

Advertisement

ਭਾਰਤ ਆਲਮੀ ਸ਼ਕਤੀ ਬਣਨ ਲਈ ਤਿਆਰ ਹੈ ਪਰ ਇਸ ਦਾ ਕਾਰਨ ਉਹ ਨਹੀਂ ਹੈ ਜੋ ਕੁਝ ਤੁਹਾਨੂੰ ਦੱਸਿਆ ਜਾ ਰਿਹਾ ਹੈ। ਅਸੀਂ ਵੱਡੀ ਸ਼ਕਤੀ ਵਜੋਂ ਇਸ ਲਈ ਉਭਰਾਂਗੇ ਕਿਉਂਕਿ ਸਾਡੀ ਪੂੰਜੀਪਤੀ ਜਮਾਤ ਨੂੰ ਦੁਨੀਆ ਦੇ ਹੋਰਨਾਂ ਖੇਤਰਾਂ ਦੇ ਪੂੰਜੀਪਤੀ ਵਰਗਾਂ ਦੇ ਮੁਕਾਬਲੇ ਇਕ ਖ਼ਾਸ ਲਾਭ ਮਿਲ ਰਿਹਾ ਹੈ। ਕੋਈ ਬਿਹਤਰ ਸ਼ਬਦ ਨਾ ਮਿਲਣ ਕਰ ਕੇ ਮੈਂ ਇਸ ਨੂੰ ਦਲਾਲ ਪੂੰਜੀਵਾਦ (Arbitrage Capitalism) ਕਹਾਂਗਾ ਜੋ ਤਜਾਰਤੀ ਪੂੰਜੀ ਦਾ ਇੱਕੀਵੀਂ ਸਦੀ ਦਾ ਰੂਪ ਹੈ।
ਉਂਝ, ਪੂੰਜੀਵਾਦ ਹੁੰਦਾ ਕੀ ਹੈ? ਇਹ ਅਜਿਹਾ ਸਿਸਟਮ ਹੁੰਦਾ ਹੈ ਜਿਸ ਵਿਚ ਆਰਥਿਕ ਖਿਡਾਰੀ ਪੂੰਜੀ ਦੇ ਮਾਲਕਾਂ ਅਤੇ ਕਿਰਤ ਸ਼ਕਤੀ ਦੇ ਮਾਲਕਾਂ ਵਿਚਕਾਰ ਵੰਡੇ ਹੁੰਦੇ ਹਨ। ਪੂੰਜੀ ਦੇ ਮਾਲਕ ਹੋਰਨਾਂ ਪੂੰਜੀਪਤੀਆਂ ਕੋਲੋਂ ਕੱਚਾ ਮਾਲ ਅਤੇ ਕਾਮਿਆਂ ਤੋਂ ਕਿਰਤ ਸ਼ਕਤੀ ਖਰੀਦਦੇ ਹਨ ਤੇ ਇਨ੍ਹਾਂ ਨੂੰ ਵਸਤਾਂ ਦੇ ਉਤਪਾਦਨ ’ਤੇ ਲਾ ਦਿੰਦੇ ਹਨ। ਇਨ੍ਹਾਂ ਵਸਤਾਂ ਦੀ ਕੀਮਤ ਇਨ੍ਹਾਂ ਦੀ ਵਰਤੋਂ ਸਮੱਗਰੀ ਦੀ ਕੀਮਤ ਨਾਲੋਂ ਉੱਚੀ ਹੁੰਦੀ ਹੈ ਜਿਸ ਸਦਕਾ ਪੂੰਜੀਪਤੀ ਇਨ੍ਹਾਂ ਤੋਂ ਮੁਨਾਫ਼ਾ ਕਮਾਉਂਦੇ ਹਨ। ਇਸ ਲਈ ਮੁਨਾਫ਼ੇ ਦੇ ਮੰਤਵ ਕਰ ਕੇ ਉਤਪਾਦਨ ਵਿਚ ਲਗਾਤਾਰ ਵਾਧਾ ਹੁੰਦਾ ਰਹਿੰਦਾ ਹੈ। ਇਸੇ ਨੂੰ ਅਸੀਂ ਆਰਥਿਕ ਵਿਕਾਸ ਕਹਿੰਦੇ ਹਾਂ।
ਇਹ ਆਰਥਿਕ ਪ੍ਰਣਾਲੀ ਰਾਤੋ-ਰਾਤ ਨਹੀਂ ਬਣਦੀ। ਪੁਰਾਣੀ ਆਰਥਿਕ ਪ੍ਰਣਾਲੀ ਤਹਿਤ ਕਾਮੇ ਜ਼ਮੀਨ ਜਾਂ ਇਸ ਦੇ ਮਾਲਕ ਨਾਲ ਜੁੜੇ ਹੁੰਦੇ ਹਨ ਤੇ ਉਹ ਆਪਣੀ ਇੱਛਾ ਨਾਲ ਪੂੰਜੀਪਤੀਆਂ ਨੂੰ ਆਪਣੀ ਕਿਰਤ ਸ਼ਕਤੀ ਨਹੀਂ ਵੇਚ ਸਕਦੇ। ਇਸ ਨੂੰ ਤਬਦੀਲ ਕਰਨ ਲਈ ਆਰਥਿਕ ਅਤੇ ਸਿਆਸੀ ਸੰਘਰਸ਼ ਲੜਨੇ ਪੈਂਦੇ ਹਨ। ਪੂੰਜੀਵਾਦ ਦਾ ਪਹਿਲਾ ਰੂਪ ਵਿਚੋਲੇ ਜਾਂ ਦਲਾਲ ਵਾਲਾ ਹੁੰਦਾ ਹੈ ਜਾਂ ਸਸਤੀ ਮੰਡੀ ਤੋਂ ਮਾਲ ਕਿਸੇ ਅਜਿਹੀ ਮੰਡੀ ਪਹੁੰਚਾ ਕੇ ਕਮਾਈ ਕਰਨਾ ਜਿੱਥੇ ਜਿ਼ਆਦਾ ਕੀਮਤ ਮਿਲਦੀ ਹੈ। ਇਸ ਨਾਲ ਯੂਰੋਪ ਵਿਚ ਵੱਡੇ ਵਪਾਰਕ ਘਰਾਣਿਆਂ ਦਾ ਜਨਮ ਹੋਇਆ ਸੀ ਜਿਨ੍ਹਾਂ ਦਾ ਅਸਰ ਰਸੂਖ ਸ਼ਾਹੀ ਦਰਬਾਰਾਂ ਤੱਕ ਫੈਲ ਗਿਆ। ਇਸ ਦੇ ਨਾਲ ਹੀ ਈਸਟ ਇੰਡੀਆ ਕੰਪਨੀ ਦੇ ਕਈ ਸੰਸਕਰਨ ਪੈਦਾ ਹੋ ਗਏ ਜਿਨ੍ਹਾਂ ਨੇ ਦੁਨੀਆ ਦੇ ਬਹੁਤ ਸਾਰੇ ਗ਼ੈਰ-ਤਜਾਰਤੀ ਖਿੱਤਿਆਂ ਨੂੰ ਆਪੋ-ਆਪਣੀਆਂ ਬਸਤੀਆਂ ਬਣਾ ਲਿਆ।
ਇਤਿਹਾਸ ਸਾਨੂੰ ਦੱਸਦਾ ਹੈ ਕਿ ਪੱਛਮ ਦਾ ਸਨਅਤੀ ਪੂੰਜੀਵਾਦ ਵਪਾਰ ਜਿੱਥੇ ਕੁਝ ਸਨਅਤਾਂ ਨੂੰ ਮਹਿਸੂਲ ਰੋਕਾਂ ਦੇ ਰੂਪ ਵਿਚ ਸਰਕਾਰੀ ਥਾਪੜਾ ਹਾਸਿਲ ਹੁੰਦਾ ਹੈ, ਦੇ ਇਸ ਪੜਾਅ ’ਚੋਂ ਗੁਜ਼ਰੇ ਬਗ਼ੈਰ ਵਿਕਸਤ ਨਹੀਂ ਹੋ ਸਕਣਾ ਸੀ। ਇਸ ਦੀ ਇਕ ਕਥਾ ਬਰਤਾਨਵੀ ਕੱਪੜਾ ਸਨਅਤ ਨਾਲ ਜੁੜੀ ਹੈ ਜਿਸ ਨੂੰ ਅਕਸਰ ਸਨਅਤੀ ਕ੍ਰਾਂਤੀ ਦੀ ਪਹਿਲੀ ਮਿਸਾਲ ਵਜੋਂ ਵਡਿਆਇਆ ਜਾਂਦਾ ਹੈ। ਪੂਰੀ ਅਠਾਰਵੀਂ ਸਦੀ ਵਿਚ ਅੰਗਰੇਜ਼ ਕਪਾਹ ਉਤਪਾਦਕਾਂ ਨੂੰ ਬਚਾਉਣ ਲਈ ਹਿੰਦੋਸਤਾਨੀ ਨਰਮਾ ਉਤਪਾਦਨਾਂ ’ਤੇ ਮਹਿਸੂਲ ਲਾਇਆ ਜਾਂਦਾ ਸੀ। 1815 ਤੋਂ ਲੈ ਕੇ 1832 ਤੱਕ ਹਿੰਦੋਸਤਾਨੀ ਕਪਾਹ ਉਤਪਾਦਾਂ ਉਪਰ ਮਹਿਸੂਲ ਦੀਆਂ ਦਰਾਂ 1000 ਫ਼ੀਸਦ ਤੱਕ ਪਹੁੰਚ ਗਈਆਂ ਸਨ ਤਾਂ ਕਿ ਅੰਗਰੇਜ਼ੀ ਕੱਪੜਾ ਨਿਰਮਾਣਕਾਰਾਂ ਦਾ ਬਚਾਓ ਕੀਤਾ ਜਾ ਸਕੇ। ਬਰਤਾਨੀਆ ਵਿਚ ਸੰਸਦੀ ਜਾਂਚ ਵਿਚ ਕਬੂਲ ਕੀਤਾ ਗਿਆ ਸੀ ਕਿ ਹਿੰਦੋਸਤਾਨੀ ਵਸਤਾਂ ਉਪਰ ਇਸ ਤਰ੍ਹਾਂ ਦੀਆਂ ਸਖ਼ਤ ਬੰਦਸ਼ਾਂ ਲਾਏ ਬਿਨਾਂ “ਪੇਸਲੀ ਅਤੇ ਮਾਨਚੈਸਟਰ ਦੀਆਂ ਮਿੱਲਾਂ ਸ਼ੁਰੂ ਵਿਚ ਹੀ ਬੰਦ ਹੋ ਜਾਣੀਆਂ ਸਨ ਅਤੇ ਇਨ੍ਹਾਂ ਨੂੰ ਭਾਫ਼ ਦੀ ਸ਼ਕਤੀ ਨਾਲ ਵੀ ਦੁਬਾਰਾ ਚਲਾਉਣਾ ਵੀ ਬਹੁਤ ਔਖਾ ਹੋਣਾ ਸੀ। ਇਨ੍ਹਾਂ ਦੀ ਸਿਰਜਣਾ ਭਾਰਤੀ ਨਿਰਮਾਣਕਾਰਾਂ ਦੀ ਬਲੀ ਦੇ ਕੇ ਕੀਤੀ ਗਈ ਸੀ।”
ਹਿੰਦੋਸਤਾਨ ਵਿਚ ਪਹਿਲਾਂ ਤੋਂ ਹੀ ਬਹੁਤ ਸ਼ਕਤੀਸ਼ਾਲੀ ਵਪਾਰਕ ਅਤੇ ਬੈਂਕਿੰਗ ਭਾਈਚਾਰੇ ਮੌਜੂਦ ਸਨ। ਇਨ੍ਹਾਂ ਵਿਚੋਂ ਸਭ ਤੋਂ ਵੱਧ ਗੁਜਰਾਤ ਅਤੇ ਮਾਰਵਾੜ ਖਿੱਤੇ ਤੋਂ ਆਉਂਦੇ ਸਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਸਮੂਹ ਸਨ ਜਿਨ੍ਹਾਂ ਵਿਚ ਪੰਜਾਬ ਦੇ ਖੱਤਰੀ ਅਤੇ ਦੱਖਣ ਦੇ ਚੇਟੀਆਰ ਸ਼ਾਮਲ ਸਨ। ਜੇ ਹਿੰਦੋਸਤਾਨ ਆਜ਼ਾਦ ਹੁੰਦਾ ਤਾਂ ਹੋ ਸਕਦਾ ਸੀ ਕਿ ਇਨ੍ਹਾਂ ਸਮੂਹਾਂ ਅੰਦਰੋਂ ਵੱਡੇ ਸਨਅਤੀ ਘਰਾਣੇ ਵਿਕਸਤ ਹੁੰਦੇ। ਇਸ ਦੀ ਬਜਾਇ ਉਨ੍ਹਾਂ ਦਾ ਸਾਰਾ ਧਿਆਨ ਬਸਤੀਵਾਦੀ ਤਜਾਰਤ ਦਾ ਰਾਹ ਸਾਫ਼ ਕਰਨ ਵਾਲੇ ਵਪਾਰੀ ਬਣਨ ’ਤੇ ਲੱਗ ਗਿਆ। ਬਿਨਾਂ ਸ਼ੱਕ, ਇਨ੍ਹਾਂ ਵਿਚੋਂ ਕੁਝ ਲੋਕਾਂ ਨੇ ਸਨਅਤਾਂ ਵੀ ਸਥਾਪਤ ਕੀਤੀਆਂ ਪਰ ਇਹ ਉਸ ਪੈਮਾਨੇ ’ਤੇ ਨਹੀਂ ਹੋਇਆ ਜਿਵੇਂ ਪੱਛਮ ਅਤੇ ਜਪਾਨ ਵਿਚ ਹੋਇਆ ਸੀ। ਬਸਤੀਵਾਦ ਦੀਆਂ ਰੋਕਾਂ ਕਰ ਕੇ ਹਿੰਦੋਸਤਾਨੀ ਵਪਾਰਕ ਭਾਈਚਾਰਿਆਂ ਨੂੰ ਆਪਣੀਆਂ ਵਪਾਰਕ ਰਵਾਇਤਾਂ ਨੂੰ ਹੋਰ ਨਿਖਾਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਮਾਲ ਅਤੇ ਵਿੱਤ ਦੇ ਲਿਹਾਜ਼ ਤੋਂ ਵੱਖ ਵੱਖ ਮੰਡੀਆਂ ਦਰਮਿਆਨ ਆਪਣੀ ਸਾਲਸੀ ਦੇ ਹੁਨਰ ਨੂੰ ਸੁਧਾਰਿਆ। ਸ਼ਾਇਦ ਇਕ ਕਾਰਨ ਇਹ ਵੀ ਹੈ ਕਿ ਸਾਡਾ ਸੱਟਾ ਬਾਜ਼ਾਰ ਐਨਾ ਭਰਵਾਂ ਕਿਉਂ ਹੈ ਜੋ ਦਲਾਲੀ ਰਾਹੀਂ ਪੈਸਾ ਕਮਾਉਣ ’ਤੇ ਹੀ ਟਿਕਿਆ ਹੁੰਦਾ ਹੈ। ਅਸੀਂ ਦਲਾਲ ਪੂੰਜੀਵਾਦ ਦੇ ਦਬਦਬੇ ਤੋਂ ਇਹ ਦੇਖ ਸਕਦੇ ਹਾਂ, ਸਾਡੇ ਇਕੁਇਟੀ ਬਾਜ਼ਾਰ ਵਿਚ ਵੀ ਇਸ ਦੀ ਧਾਂਕ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਕਾਰੋਬਾਰ ਦਾ ਵੱਡਾ ਹਿੱਸਾ ਸ਼ੇਅਰਾਂ ਦੀ ਖਰੀਦ ਵੇਚ ਜਾਂ ਅੰਤਿਮ ਡਲਿਵਰੀ ਤੋਂ ਬਗ਼ੈਰ ਹੀ ਕੀਤਾ ਜਾਂਦਾ ਹੈ। ਇਹ ਸਾਰੀ ਇਕ ਦਿਨ ਦੀ ਖੇਡ ਹੁੰਦੀ ਹੈ ਜਿਸ ਕੋਈ ਇਕੁਇਟੀ ਨਿਵੇਸ਼ਕ ਉਸੇ ਦਿਨ ਹੀ ਸ਼ੇਅਰਾਂ ਦੀ ਖਰੀਦ ਵੇਚ ਕਰ ਕੇ ਪੈਸੇ ਗੁਆਉਂਦਾ ਜਾਂ ਕਮਾਉਂਦਾ ਹੈ।
ਮੇਰਾ ਤਰਕ ਹੈ ਕਿ ਪੂੰਜੀਵਾਦ ਦੇ ਜਿਸ ਨਵੇਂ ਪੜਾਅ ਵਿਚ ਅਸੀਂ ਦਾਖ਼ਲ ਹੋ ਗਏ ਹਾਂ, ਉਸ ਵਿਚ ਇਸ ਹੁਨਰ ਦਾ ਕਾਫ਼ੀ ਮੁੱਲ ਪਵੇਗਾ। ਇਸ ਰਾਹੀਂ ਜਿ਼ਆਦਾ ਮੁੱਲ ਪੈਦਾ ਕਰ ਕੇ ਪੈਸਾ ਨਹੀਂ ਕਮਾਇਆ ਜਾਂਦਾ ਸਗੋਂ ਕਿਸੇ ਹੋਰ ਜਗ੍ਹਾ ਪੈਦਾ ਹੋਣ ਵਾਲੀਆਂ ਵਸਤਾਂ ਤੋਂ ਭਾੜਾ ਜਾਂ ਵਪਾਰਕ ਮਾਰਜਿਨ ਲੈ ਕੇ ਪੈਸਾ ਕਮਾਇਆ ਜਾਂਦਾ ਹੈ। ਮਿਸਾਲ ਦੇ ਤੌਰ ’ਤੇ ਐਮੇਜ਼ਨ ਅਜਿਹੀ ਕੰਪਨੀ ਹੈ ਜੋ ਮੰਡੀ ਮੁਹੱਈਆ ਕਰਾਉਣ ਦਾ ਭਾੜਾ ਵਸੂਲਦੀ ਹੈ ਜਿਵੇਂ ਮੱਧਕਾਲੀ ਯੂਰੋਪ ਵਿਚ ਕੋਈ ਜਾਗੀਰਦਾਰ ਵਪਾਰੀਆਂ ਅਤੇ ਗਿਲਡਾਂ ਤੋਂ ਵਸੂਲਦਾ ਸੀ। ਗੂਗਲ, ਫੇਸਬੁੱਕ ਅਤੇ ਐਕਸ ਦੀ ਕਮਾਈ ਦਾ ਵੀ ਇਹੋ ਮਾਡਲ ਹੈ ਜਿੱਥੇ ਉਹ ਆਪਣੇ ਡਿਜੀਟਲ ਰੀਅਲ ਅਸਟੇਟ ਦੀ ਵਰਤੋਂ ਕਰ ਕੇ ਉਤਪਾਦਕਾਂ ਤੋਂ ਖਪਤਕਾਰਾਂ ਤੱਕ ਪਹੁੰਚ ਬਣਾ ਕੇ ਸਿੱਧੇ ਤੌਰ ’ਤੇ ਵਿਕਰੀ ਕਰਨ ਬਦਲੇ ਮਹਿਸੂਲ ਲੈਂਦੀਆਂ ਹਨ।
ਸਨਾਤਨੀ ਸਨਅਤੀ ਪੂੰਜੀਵਾਦ ਵਿਚ ਮਾਰਕਿਟ ਪਲੇਸ ਜਾਂ ਮੰਡੀ ਸੁਤੰਤਰ ਮੰਨੀ ਜਾਂਦੀ ਹੈ। ਉਤਪਾਦਕਾਂ ਦੀ ਇਕਮਾਤਰ ਲਾਗਤ ਉਹ ਹੁੰਦੀ ਹੈ ਜੋ ਉਹ ਥੋਕ ਜਾਂ ਪ੍ਰਚੂਨ ਵਿਕਰੇਤਾ ਵਪਾਰ ਨੂੰ ਅਦਾ ਕਰਦੇ ਹਨ। ਅਜੋਕੇ ਪੂੰਜੀਵਾਦ ਵਿਚ ਮੰਡੀਆਂ ਸਾਈਬਰ ਸਪੇਸ ’ਤੇ ਤਬਦੀਲ ਹੋ ਰਹੀਆਂ ਹਨ ਜਿੱਥੇ ਉਨ੍ਹਾਂ ਉਪਰ ਮੈਗਾ ਇਜਾਰੇਦਾਰਾਂ ਦਾ ਕਬਜ਼ਾ ਹੈ। ਇਸ ਕਾਰਨ ਪੁਰਾਤਨ ਪੂੰਜੀਵਾਦੀਆਂ ਦੇ ਮੁਨਾਫ਼ੇ ਘਟ ਰਹੇ ਹਨ; ਜਿਨ੍ਹਾਂ ਦਾ ਸਾਈਬਰ ਸਪੇਸ ’ਤੇ ਗ਼ਲਬਾ ਹੈ, ਉਨ੍ਹਾਂ ਦੇ ਮੁਨਾਫ਼ੇ ਵਧ ਰਹੇ ਹਨ। ਉਤਪਾਦਕਾਂ ਕੋਲ ਲਾਗਤਾਂ ਘਟਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਜਿਸ ਕਰ ਕੇ ਉਹ ਕਿਰਤ ਸ਼ਕਤੀ ਦੀ ਛੰਗਾਈ ਕਰ ਰਹੇ ਹਨ। ਇਸ ਕਰ ਕੇ ਮਸਨੂਈ ਬੌਧਿਕਤਾ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਲੋਕਪ੍ਰਿਅਤਾ ਵਧ ਰਹੀ ਹੈ ਕਿਉਂਕਿ ਕਾਰੋਬਾਰ ਆਪਣੇ ਮੁਨਾਫ਼ੇ ਬਰਕਰਾਰ ਰੱਖਣ ਲਈ ਆਪਣੀਆਂ ਲਾਗਤਾਂ ਘਟਾਉਣ ਲਈ ਹੱਥ ਪੈਰ ਮਾਰ ਰਹੇ ਹਨ।
ਇਹ ਕੋਈ ਸਬਬ ਦੀ ਗੱਲ ਨਹੀਂ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸਭ ਤੋਂ ਵੱਡੇ ਨਿਵੇਸ਼ਕ ਡਿਜੀਟਲ ਮਾਰਕਿਟ ਪਲੇਸ ਦੇ ਮਾਲਕ ਹਨ ਜਿਨ੍ਹਾਂ ਕੋਲ ਧਨ ਦੇ ਵੱਡੇ ਖ਼ਜ਼ਾਨੇ ਹਨ। ਇਸੇ ਤਰ੍ਹਾਂ ਪਹਿਲ ਪਲੇਠੇ ਵੱਡੇ ਸਨਅਤੀ ਘਰਾਣਿਆਂ ਨੇ ਸਾਰੇ ਹੋਰਨਾਂ ਵਿਚ ਵਿਸਤਾਰ ਕੀਤਾ ਸੀ ਅਤੇ ਇਵੇਂ ਉਹ ਵੱਡੇ ਸਮੂਹਾਂ ਦਾ ਰੂਪ ਧਾਰ ਗਏ ਸਨ। ਸਾਰਾ ਧਨ ਇਨ੍ਹਾਂ ਕੰਪਨੀਆਂ ਵੱਲ ਵਹਿ ਰਿਹਾ ਹੈ ਜੋ ਕੁੱਲ ਮਿਲਾ ਕੇ ਮਾਰਕਿਟ ਪਲੇਸ ਦੇ ਨਾਲ ਨਾਲ ਏਆਈ ਅਤੇ ਰੋਬੌਟਿਕਸ ਵਿਚ ਨਿਵੇਸ਼ ਦੀਆਂ ਮਾਲਕ ਹਨ। ਅੱਜ ਕੱਲ੍ਹ ਵਿੱਤੀ ਪੂੰਜੀ ਇਨ੍ਹਾਂ ਕੰਪਨੀਆਂ ਵਿਚ ਨਿਵੇਸ਼ ਕਰ ਕੇ ਹੀ ਪੈਸਾ ਕਮਾਉਂਦੀਆਂ ਹਨ ਭਾਵੇਂ ਉਨ੍ਹਾਂ ਤੋਂ ਹੋਣ ਵਾਲੀ ਕਮਾਈ ਬਹੁਤੀ ਨਹੀਂ ਹੈ। ਭਾਰਤ ਦੀ ਪੂੰਜੀਵਾਦੀ ਜਮਾਤ ਮਾਰਕਿਟ ਪਲੇਸ ਨੂੰ ਕੰਟਰੋਲ ਤੇ ਪ੍ਰਬੰਧ ਕਰਨ ਅਤੇ ਵਿੱਤੀ ਨਿਵੇਸ਼ ਤੋਂ ਕਮਾਈ ਕਰਨ ਦੀ ਇਹੋ ਜਿਹੀ ਖੇਡ ਖੇਡਣ ਵਿਚ ਬਹੁਤ ਹੁਨਰ ਰੱਖਦੀ ਹੈ। ਸਾਡੇ ਦਲਾਲ ਪੂੰਜੀਪਤੀ ਨੂੰ ਅਜਿਹੀ ਨਵ-ਵਪਾਰਵਾਦੀ ਸਰਕਾਰ ਦੀ ਲੋੜ ਹੈ ਜੋ ਉਸ ਦੀਆਂ ਚਾਲਾਂ ਦੀ ਢਾਲ ਅਤੇ ਸਹਾਇਕ ਬਣ ਕੇ ਚੱਲੇ। ਜੇ ਭਾਰਤ ਸਰਕਾਰ ਨੇ ਬੰਧੇਜ ਦੀ ਕੋਈ ਨੀਤੀ ਅਖਤਿਆਰ ਕੀਤੀ ਤਾਂ ਬਿਨਾਂ ਸ਼ੱਕ ਪੱਛਮੀ ਦੇਸ਼ਾਂ, ਖ਼ਾਸਕਰ ਆਲਮੀ ਤਕਨੀਕੀ ਕੰਪਨੀਆਂ ਦਾ ਸਖ਼ਤ ਰੱਦੇਅਮਲ ਹੋਵੇਗਾ। ਉਂਝ, ਭਾਰਤ ਅਜਿਹੀ ਸੁਖਾਵੀਂ ਸਥਿਤੀ ਵਿਚ ਹੈ ਕਿ ਉਹ ਚੀਨ ਖਿਲਾਫ਼ ਪੱਛਮ ਦਾ ਸੰਭਾਵੀ ਸਹਿਯੋਗੀ ਬਣ ਕੇ ਚੱਲ ਸਕਦਾ ਹੈ। ਮੌਜੂਦਾ ਕੇਂਦਰ ਸਰਕਾਰ ਪਹਿਲਾਂ ਤੋਂ ਹੀ ਇਸ ਮੌਕੇ ਦਾ ਲਾਹਾ ਲੈ ਰਹੀ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਅਸੀਂ ਅਜਿਹੇ ਹੋਰ ਕਦਮ ਵੀ ਦੇਖ ਸਕਦੇ ਹਾਂ; ਤੇ ਜਿਵੇਂ ਜਿਵੇਂ ਭਾਰਤ ਆਪਣੀ ਆਲਮੀ ਤਾਕਤ ਦਾ ਮੁਜ਼ਾਹਰਾ ਕਰਦਾ ਰਹੇਗਾ, ਇਸ ਨਾਲ ਇਸ ਦੇ ਦਲਾਲ ਪੂੰਜੀਪਤੀਆਂ ਦੀ ਤਾਕਤ ਵੀ ਵਧਦੀ ਰਹੇਗੀ।
*ਲੇਖਕ ਆਰਥਿਕ ਮਾਮਲਿਆਂ ਦਾ ਵਿਸ਼ਲੇਸ਼ਕ ਹੈ।

Advertisement
Author Image

joginder kumar

View all posts

Advertisement
Advertisement
×