ਪ੍ਰਸ਼ਾਦ ਦੇ ਸੈਂਪਲ ਫੇਲ੍ਹ ਹੋਣ ’ਤੇ ਬਾਬਾ ਬਾਲਕ ਨਾਥ ਮੰਦਰ ਦੀ ਕੰਟੀਨ ਬੰਦ
ਹਮੀਰਪੁਰ, 20 ਨਵੰਬਰ
ਇੱਥੋਂ ਦੇ ਪ੍ਰਸਿੱਧ ਬਾਬਾ ਬਾਲਕ ਨਾਥ ਮੰਦਰ ਵਿੱਚ ਸ਼ਰਧਾਲੂਆਂ ਨੂੰ ਵੇਚੇ ਜਾ ਰਹੇ ਪ੍ਰਸ਼ਾਦ ਦੇ ਨਮੂਨੇ ਇਨਸਾਨ ਦੇ ਖਾਣ ਲਈ ਅਯੋਗ ਪਾਏ ਜਾਣ ਤੋਂ ਇੱਕ ਦਿਨ ਬਾਅਦ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਕੰਟੀਨ ਬੰਦ ਕਰ ਦਿੱਤੀ ਗਈ ਹੈ। ਇਸ ਦੀ ਮੈਨੇਜਮੈਂਟ ਨੇ ਬੁੱਧਵਾਰ ਨੂੰ ਕੰਟੀਨ ਬੰਦ ਕਰ ਦਿੱਤੀ ਅਤੇ ਕਿਹਾ ਕਿ ਇਸ ਦੀਆਂ ਸੇਵਾਵਾਂ ਆਊਟਸੋਰਸ ਕੀਤੀਆਂ/ਠੇਕੇ ਉੱਤੇ ਦਿੱਤੀਆਂ ਜਾਣਗੀਆਂ।
ਬੜਸਰ ਦੇ ਐੱਸਡੀਐੱਮ ਰਾਜਿੰਦਰ ਗੌਤਮ, ਜੋ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੇ ਚੇਅਰਮੈਨ ਵੀ ਹਨ, ਨੇ ਕਿਹਾ, ‘‘(ਮੰਦਰ) ਟਰੱਸਟ ਦੀ ਕੰਟੀਨ ਦੀਆਂ ਸੇਵਾਵਾਂ ਪਹਿਲਾਂ ਹੀ ਆਊਟਸੋਰਸ ਕੀਤੀਆਂ ਜਾ ਚੁੱਕੀਆਂ ਹਨ। ਦੂਜੀ ਕੰਟੀਨ ਦੀਆਂ ਸੇਵਾਵਾਂ ਨੂੰ ਵੀ ਆਊਟਸੋਰਸ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।’’ ਇਸ ਕੰਟੀਨ ਨੂੰ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾਵਾਂ ਨੂੰ ਆਊਟਸੋਰਸ ਕਰਨ ਲਈ ਟੈਂਡਰ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਗ਼ੌਰਤਲਬ ਹੈ ਕਿ ਫੂਡ ਸੇਫਟੀ ਵਿਭਾਗ ਨੇ ਦੋ ਮਹੀਨੇ ਪਹਿਲਾਂ ਬਾਬਾ ਬਾਲਕ ਨਾਥ ਮੰਦਰ ਟਰੱਸਟ ਦੀ ਦੁਕਾਨ ’ਤੇ ‘ਪ੍ਰਸ਼ਾਦ’ ਵਜੋਂ ਵਿਕਣ ਵਾਲੇ ‘ਰੋਟਾਂ’ ਦੇ ਨਮੂਨੇ ਸੋਲਨ ਜ਼ਿਲ੍ਹੇ ਦੀ ਕੰਪੋਜ਼ਿਟ ਟੈਸਟਿੰਗ ਲੈਬਾਰਟਰੀ, ਕੰਡਾਘਾਟ ਨੂੰ ਜਾਂਚ ਲਈ ਭੇਜੇ ਸਨ। ਨਮੂਨੇ ਇਨਸਾਨੀ ਖ਼ਪਤ ਦੇ ਅਯੋਗ ਪਾਏ ਗਏ। ਨਿੱਜੀ ਦੁਕਾਨ ਤੋਂ ਲਏ ‘ਰੋਟਾਂ’ ਦੇ ਨਮੂਨੇ ਵੀ ਟੈਸਟ ਵਿੱਚ ਫੇਲ੍ਹ ਹੋ ਗਏ। ਹਮੀਰਪੁਰ ਦੇ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ‘ਰੋਟ’ ਅਤੇ ‘ਪ੍ਰਸ਼ਾਦ’ ਵੇਚਣ ਵਾਲੀਆਂ ਸਾਰੀਆਂ ਧਿਰਾਂ ਵਿੱਚ ਖੁਰਾਕ ਸੁਰੱਖਿਆ ਸਬੰਧੀ ਜਾਗਰੂਕਤਾ ਫੈਲਾਉਣ ਲਈ ਕੈਂਪ ਲਾਏ ਜਾਣਗੇ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੀ ਮੰਦਰ ਤੋਂ ਪ੍ਰਸ਼ਾਦ ਦੇ ਲਏ ਗਏ ਨਮੂਨਿਆਂ ਦੇ ਨਤੀਜਿਆਂ ਦੇ ਵੇਰਵੇ ਮੰਗੇ ਹਨ ਅਤੇ ਹਮੀਰਪੁਰ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਰਧਾਲੂਆਂ ਨੂੰ ਮਿਆਰੀ ‘ਰੋਟ’ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ। -ਪੀਟੀਆਈ
ਥੋਕ ’ਚ ਤਿਆਰ ਕੀਤੇ ਜਾਂਦੇ ਹਨ ਰੋਟ
ਦੱਸਣਯੋਗ ਹੈ ਕਿ ਕਣਕ, ਖੰਡ ਅਤੇ ਘਿਓ ਨਾਲ ਬਣਾਏ ਜਾਂਦੇ ‘ਰੋਟਾਂ’ ਨੂੰ ਥੋਕ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਕਈ ਦਿਨਾਂ ਤੱਕ ਵੇਚਿਆ ਜਾਂਦਾ ਹੈ। ਇਸ ਕਾਰਨ ਇਹ ਬਾਸੀ ਹੋ ਜਾਂਦੇ ਹਨ। ‘ਪ੍ਰਸ਼ਾਦ’ ਵੇਚਣ ਵਾਲੀ ਮੁੱਖ ਕੰਟੀਨ ਮੰਦਰ ਟਰੱਸਟ ਵੱਲੋਂ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਚਲਾਈ ਜਾਂਦੀ ਸੀ ਅਤੇ ਚੰਗਾ ਕਾਰੋਬਾਰ ਕਰ ਰਹੀ ਸੀ। ਹਰੇਕ ਸਾਲ ਲਗਪਗ 50 ਤੋਂ 75 ਲੱਖ ਲੋਕ ਬਾਬਾ ਬਾਲਕ ਨਾਥ ਮੰਦਰ ਜਾਂਦੇ ਹਨ ਅਤੇ ‘ਰੋਟ’, ਮਠਿਆਈਆਂ ਅਤੇ ਹੋਰ ਚੀਜ਼ਾਂ ਚੜ੍ਹਾਉਂਦੇ ਹਨ।