ਐੱਲਜੀ ਕੌਂਸਲਰ ਦੀ ਚੋਣ ਤੱਕ ਨਹੀਂ ਜਿੱਤ ਸਕਦੇ: ਸੰਜੈ ਸਿੰਘ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਅਕਤੂਬਰ
ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਐਕਸ ’ਤੇ ਤਸਵੀਰਾਂ ਪੋਸਟ ਕੀਤੀਆਂ। ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਬੇਦਖ਼ਲੀ ਦੇ ਬਾਵਜੂਦ ਦਿੱਲੀ ਦੀ ਸੇਵਾ ਕਰਨ ਲਈ ਆਤਿਸ਼ੀ ਦੀ ਵਚਨਬੱਧਤਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਕੌਂਸਲਰ ਦੀ ਚੋਣ ਤੱਕ ਨਹੀਂ ਜਿੱਤ ਸਕਦੇ ਜਦੋਂਕਿ ਆਤਿਸ਼ੀ 62 ਵਿਧਾਇਕਾਂ ਦੇ ਸਮਰਥਨ ਨਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਚੁਣੀ ਹੋਈ ਸਰਕਾਰ ਅਤੇ ‘ਆਪ’ ਆਗੂਆਂ ਨੂੰ ਜ਼ਲੀਲ ਕਰਨ ਲਈ ਨਵੇਂ-ਨਵੇਂ ਹੱਥਕੰਡੇ ਅਪਣਾ ਰਹੀ ਹੈ, ਪਰ ਇਹ ਸਾਡੇ ਕੰਮ ਦੀ ਭਾਵਨਾ ਨੂੰ ਕਿਵੇਂ ਰੋਕ ਸਕੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਦੀਆਂ ਕਾਲਕਾਜੀ ਰਿਹਾਇਸ਼ ’ਤੇ ਫਾਈਲਾਂ ’ਤੇ ਦਸਤਖ਼ਤ ਕਰਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਉਨ੍ਹਾਂ ਆਲੇ ਦੁਆਲੇ ਸਾਮਾਨ ਦੇ ਡੱਬੇ ਦੇਖੇ ਜਾ ਸਕਦੇ ਹਨ। ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ ਦੇ 6, ਫਲੈਗਸਟਾਫ ਰੋਡ ਬੰਗਲੇ ਨੂੰ ‘ਜ਼ਬਰਦਸਤੀ ਖਾਲੀ’ ਕਰਵਾਇਆ ਗਿਆ ਹੈ। ਇਸ ’ਤੇ ਟਿੱਪਣੀ ਕਰਦਿਆਂ ਰਾਜ ਸਭਾ ਮੈਂਬਰ ਨੇ ਭਾਜਪਾ ’ਤੇ ਨਰਾਤਿਆਂ ਦੌਰਾਨ ਮਹਿਲਾ ਮੁੱਖ ਮੰਤਰੀ ਦਾ ਸਾਮਾਨ ਬਾਹਰ ਸੁੱਟਣ ਦਾ ਦੋਸ਼ ਲਗਾਇਆ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰਾਜ ਸਭਾ ਮੈਂਬਰ ਨੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ‘ਜ਼ਬਰਦਸਤੀ ਕਬਜ਼ਾ’ ਕਰਨ ਦੀ ਕੋਸ਼ਿਸ਼ ਕਰਨ ਲਈ ਭਾਜਪਾ ਦੀ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਇੱਕ ਚੁਣੀ ਹੋਈ ਮਹਿਲਾ ਮੁੱਖ ਮੰਤਰੀ ਅਤੇ ਦਿੱਲੀ ਦੇ ਲੋਕਾਂ ਦਾ ਘੋਰ ਨਿਰਾਦਰ ਹੈ। ਦਿੱਲੀ ਵਿੱਚ 27 ਸਾਲਾਂ ਤੋਂ ਸੱਤਾ ਤੋਂ ਬਾਹਰ ਰਹੀ ਇੱਕ ਪਾਰਟੀ ਜ਼ਬਰਦਸਤੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਉਪ ਰਾਜਪਾਲ ਵੀਕੇ ਸਕਸੈਨਾ ਦੇ ਨਿਰਦੇਸ਼ਾਂ ਹੇਠ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਤੋਂ ਚਾਬੀਆਂ ਲੈਣ ਮਗਰੋਂ ਮੁੱਖ ਮੰਤਰੀ ਆਤਿਸ਼ੀ ਨੇ ਆਪਣਾ ਸਮਾਨ ਰੱਖਿਆ, ਪਰ ਭਾਜਪਾ ਨਾਲ ਮਿਲ ਕੇ ਐੱਲਜੀ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਝੂਠ ਫੈਲਾ ਰਹੀ ਹੈ ਕਿ ਕੇਜਰੀਵਾਲ ਨੇ ਚਾਬੀਆਂ ਨਹੀਂ ਦਿੱਤੀਆਂ, ਜਦੋਂਕਿ ਸਰਕਾਰੀ ਪੱਤਰ ਤੋਂ ਸਪੱਸ਼ਟ ਹੈ ਕਿ 4 ਅਕਤੂਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਖਾਲੀ ਕਰਕੇ ਚਾਬੀਆਂ ਦਿੱਤੀਆਂ ਸਨ।
‘ਬੰਗਲਾ ਅਧਿਕਾਰਤ ਤੌਰ ’ਤੇ ਆਤਿਸ਼ੀ ਨੂੰ ਅਲਾਟ ਨਹੀਂ ਹੋਇਆ’
ਉਧਰ, ਐਲਜੀ ਦਫ਼ਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੰਗਲਾ ਅਧਿਕਾਰਤ ਤੌਰ ’ਤੇ ਆਤਿਸ਼ੀ ਨੂੰ ਅਲਾਟ ਨਹੀਂ ਕੀਤਾ ਗਿਆ ਤੇ ਅੰਦਰ ਵਸਤੂਆਂ ਦੀ ਸੂਚੀ ਪੂਰੀ ਹੋਣ ਤੋਂ ਬਾਅਦ ਹੀ ਸੌਂਪਿਆ ਜਾਵੇਗਾ।