For the best experience, open
https://m.punjabitribuneonline.com
on your mobile browser.
Advertisement

ਕੈਨੋਲਾ ਸਰ੍ਹੋਂ: ਖ਼ੁਰਾਕ ਦਾ ਵਧੀਆ ਸਰੋਤ

11:29 AM Oct 07, 2023 IST
ਕੈਨੋਲਾ ਸਰ੍ਹੋਂ  ਖ਼ੁਰਾਕ ਦਾ ਵਧੀਆ ਸਰੋਤ
Advertisement

ਸੰਜੁਲਾ ਸ਼ਰਮਾ ਅਤੇ ਛਾਇਆ ਅਤਰੀ*
ਭਾਰਤੀ ਖ਼ਪਤਕਾਰਾਂ ਲਈ ਕਈ ਤਰ੍ਹਾਂ ਦੇ ਸਬਜ਼ੀਆਂ ਅਤੇ ਖਾਣਾ ਪਕਾਉਣ ਵਾਲੇ ਤੇਲ ਉਪਲੱਬਧ ਹਨ। ਇਨ੍ਹਾਂ ਵਿੱਚ ਰੇਪਸੀਡ-ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜਮੁਖੀ ਅਤੇ ਨਾਰੀਅਲ ਤੇਲ ਦੇ ਨਾਲ-ਨਾਲ ਉਨ੍ਹਾਂ ਦੇ ਮਿਸ਼ਰਨ ਵੀ ਸ਼ਾਮਲ ਹਨ। ਭਾਰਤ ਦੇ ਉੱਤਰੀ, ਉੱਤਰ-ਪੂਰਬੀ ਅਤੇ ਪੂਰਬੀ ਖੇਤਰਾਂ ਵਿੱਚ ਲਗਭਗ 67 ਫ਼ੀਸਦੀ ਆਬਾਦੀ ਸਰ੍ਹੋਂ ਦਾ ਤੇਲ, ਪਾਮ ਤੇਲ ਅਤੇ ਸੋਇਆਬੀਨ ਤੇਲ ਦੀ ਖ਼ਪਤ ਕਰਦੀ ਹੈ। ਸਰ੍ਹੋਂ ਦੇ ਤੇਲ ਦੇ ਵੱਖਰੇ ਤਿੱਖੇਪਣ ਕਰ ਕੇ ਇਹ ਤੇਲ ਭੋਜਨ ਦੇ ਸੁਆਦ ਵਧਾਉਣ ਲਈ ਉੱਤਮ ਮੰਨਿਆ ਜਾਂਦਾ ਹੈ। ਸਰ੍ਹੋਂ ਦਾ ਤੇਲ ਆਪਣੇ ਸਰਵਪੱਖੀ ਵਰਤੋਂ ਅਤੇ ਲਾਭਦਾਇਕ ਗੁਣਾਂ ਕਰ ਕੇ ਖਾਣ ਵਾਲੇ ਤੇਲਾਂ ਵਿੱਚ ਪ੍ਰਮੁੱਖ ਸਥਾਨ ਬਣਾ ਰਿਹਾ ਹੈ। ਹਾਲਾਂਕਿ, ਰਵਾਇਤੀ ਗੋਭੀ ਸਰ੍ਹੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ ਜ਼ਿਆਦਾ (40-50 ਫ਼ੀਸਦੀ) ਹੁੰਦੀ ਹੈ, ਜੋ ਕਿ ਰਕਤਕੋਸ਼ਿਕਾਵਾਂ ਵਿੱਚ ਜੰਮ੍ਹ ਸਕਦੀ ਹੈ ਅਤੇ ਸੰਭਾਵੀ ਤੌਰ ’ਤੇ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਇਰੂਸਿਕ ਐਸਿਡ ਪ੍ਰਭਾਵਸ਼ਾਲੀ ਢੰਗ ਨਾਲ ਆਕਸੀਡਾਈਜ਼ਡ ਨਹੀਂ ਹੁੰਦਾ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਤੇਲ ਕੱਢਣ ਤੋਂ ਬਾਅਦ ‘ਖਲ਼’ ਵਿੱਚ ਗਲੂਕੋਸੀਨੋਲੇਟਸ ਦੀ ਜ਼ਿਆਦਾ ਮਾਤਰਾ (45-130 ਮਾਈਕ੍ਰੋ ਮੋਲ ਪ੍ਰਤੀ ਗ੍ਰਾਮ ਖਲ) ਹੋਣ ਕਰ ਕੇ ਇਹ ਪਸ਼ੂ ਖ਼ੁਰਾਕ ਲਈ ਬਹੁਤੀ ਢੁਕਵੀਂ ਨਹੀ ਹੁੰਦੀ ਕਿਉਂਕਿ ਇਸ ਨਾਲ ਖ਼ੁਰਾਕ ਵਿੱਚ ਨਾ ਸਿਰਫ਼ ਜ਼ਿਆਦਾ ਤਿੱਖਾਪਣ ਆਉਂਦਾ ਹੈ ਸਗੋਂ ਪਸ਼ੂਆਂ ਦੀ ਪਾਚਨ ਸ਼ਕਤੀ ’ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਜਾਨਵਰਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਪੋਸ਼ਣ ਸਬੰਧੀ ਵਿਕਾਰ ਪੈਦਾ ਹੋ ਸਕਦੇ ਹਨ। ਸੋ ਇਨ੍ਹਾਂ ਦੇ ਮੱਦੇਨਜ਼ਰ, ਕੈਨੋਲਾ ਨੂੰ ਸੋਧੀ ਹੋਈ ਫੈਟੀ ਐਸਿਡ ਰਚਨਾ ਅਤੇ ਘੱਟ ਗਲੂਕੋਸੀਨੋਲੇਟਸ ਦੀ ਮਾਤਰਾ ਦੇ ਨਾਲ ਗੋਭੀ ਸਰ੍ਹੋਂ ਦੀ ਇੱਕ ਕਿਸਮ ਵਜੋਂ ਵਿਕਸਿਤ ਕੀਤਾ ਗਿਆ ਹੈ। ਕੈਨੋਲਾ ਸ਼ਬਦ ਕੈਨੇਡਾ ਨਾਲ ਸਬੰਧ ਰੱਖਦਾ ਹੈ ਕਿਉਂਕਿ ਇਸ ਕਿਸਮ ਨੂੰ ਸਭ ਤੋਂ ਪਹਿਲਾਂ ਇੱਥੇ ਵਿਕਸਤ ਕੀਤਾ ਗਿਆ ਸੀ। ਇਸ ਦਾ ਅਰਥ ਕੈਨੇਡੀਅਨ ਆਇਲ ਵਿਦ ਲੋ ਐਸਿਡ ਹੈ। ਇਸ ਦੇ ਤੇਲ ਵਿੱਚ 2.0 ਫ਼ੀਸਦੀ ਤੋਂ ਘੱਟ ਇਰੂਸਿਕ ਐਸਿਡ ਹੁੰਦਾ ਹੈ ਅਤੇ ਤੇਲ ਕੱਢਣ ਤੋਂ ਬਾਅਦ ਖਲ ਵਿੱਚ ਸਿਰਫ਼ 30 ਮਾਈਕ੍ਰੋ ਮੋਲ ਤੋਂ ਵੀ ਘੱਟ ਗਲੂਕੋਸੀਨੋਲੇਟਸ ਪ੍ਰਤੀ ਗ੍ਰਾਮ ਹੁੰਦਾ ਹੈ। ਕੈਨੋਲਾ ਵਿੱਚ ਹੁਣ ਗੋਭੀ ਸਰ੍ਹੋਂ ਦੀਆਂ ਉਹ ਸਾਰੀਆਂ ਕਿਸਮਾਂ ਸ਼ਾਮਲ ਹਨ, ਜਨਿ੍ਹਾਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਘੱਟ ਮਾਤਰਾ ਅਤੇ ਖਲ ਵਿੱਚ ਗਲੂਕੋਸੀਨੋਲੇਟਸ ਪੂਰੇ ਮਾਪ ਦੰਡਾਂ ਨੂੰ ਪੂਰਾ ਕਰਦੇ ਹਨ।
ਕੈਨੋਲਾ ਤੇਲ ਵਿੱਚ ਆਮ ਤੌਰ ’ਤੇ 7 ਫ਼ੀਸਦੀ ਤੋਂ ਘੱਟ ਸੈਚੁਰੇਟਿਡ ਫੈਟੀ ਐਸਿਡ (SFA), ਪਾਲਮੀਟਿਕ ਐਸਿਡ (16:0) + ਸਟੀਰਿਕ ਐਸਿਡ (18:0), 60 ਫ਼ੀਸਦੀ ਮੋਨੋ ਅਨਸੈਚੁਰੇਟਿਡ ਫੈਟੀ ਐਸਿਡ (MUFA); ਓਲੀਕ ਐਸਿਡ (18:1), 30 ਫ਼ੀਸਦੀ ਪੌਲੀਅਨਸੈਚੁਰੇਟਿਡ ਫੈਟੀ ਐਸਿਡ (PUFA), 20 ਫ਼ੀਸਦੀ ਲਨਿੋਲੀਕ ਐਸਿਡ (18:2, ਓਮੇਗਾ 6) ਅਤੇ 10 ਫ਼ੀਸਦੀ ਲਨਿੋਲੀਨਿਕ ਐਸਿਡ (18:3, ਓਮੇਗਾ 3), ਅਤੇ < 2 ਫ਼ੀਸਦੀ ਇਰੂਸਿਕ ਐਸਿਡ (22:1) ਸ਼ਾਮਲ ਹੁੰਦੇ ਹਨ। ਗ਼ੈਰ-ਕੈਨੋਲਾ ਗੋਭੀ ਸਰ੍ਹੋਂ ਦੀਆਂ ਕਿਸਮਾਂ ਦੀ ਤੁਲਨਾ ਵਿੱਚ, ਕੈਨੋਲਾ ਦੇ ਤੇਲ ਵਿੱਚ ਕਾਫ਼ੀ ਜ਼ਿਆਦਾ ਓਲੀਕ ਐਸਿਡ ਹੁੰਦਾ ਹੈ, ਜੋ ਉਨ੍ਹਾਂ ਦੀ ਥਰਮੋਸਟੈਬਿਲਟੀ ਨੂੰ ਵਧਾਉਂਦਾ ਹੈ, ਜਿਸ ਨਾਲ ਇਸ ਨੂੰ ਲੰਬੇ ਸਮੇ ਤੱਕ ਸਟੋਰ ਕੀਤਾ ਜਾ ਸਕਦਾ ਹੈ। ਕੈਨੋਲਾ ਗੋਭੀ ਸਰ੍ਹੋਂ ਦੇ ਤੇਲ ਵਿੱਚ ਓਲੀਕ ਐਸਿਡ ਦੀ ਮਾਤਰਾ (62-65 ਫ਼ੀਸਦੀ) ਮੌਜੂਦ ਹੁੰਦੀ ਹੈ ਜਦੋਂਕਿ ਕੈਨੋਲਾ ਸਰ੍ਹੋਂ/ਰਾਇਆ ਵਿੱਚ ਇਹ 41-42 ਫ਼ੀਸਦੀ ਹੁੰਦੀ ਹੈ। ਕੈਨੋਲਾ ਤੇਲ ਵਿੱਚ ਲਨਿੋਲੀਕ ਐਸਿਡ (ਓਮੇਗਾ 6) ਅਤੇ ਲਨਿੋਲੇਨਿਕ ਐਸਿਡ (ਓਮੇਗਾ 3) ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦਾ ਹੈ, ਜੋ ਕਿ ਮਨੁੱਖੀ ਸਿਹਤ ਲਈ ਚੰਗੇ ਹੁੰਦੇ ਹਨ। ਇਹ ਦੋਵੇਂ ਐਸਿਡ ਖੂਨ ਵਿਚਲੇ ਕੋਲੇਸਟ੍ਰੋਲ ਦੇ ਪੱਧਰਾਂ ਨੂੰ ਸੰਤੁਲਿਤ ਕਰਦੇ ਹਨ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਜ਼ੋਖ਼ਮ ਨੂੰ ਘੱਟ ਕਰਦੇ ਹਨ। ਕੈਨੋਲਾ ਤੇਲ ਸਭ ਤੋਂ ਸਿਹਤਮੰਦ ਖਾਣ ਵਾਲਾ ਤੇਲ ਇਸ ਲਈ ਵੀ ਹੈ ਕਿਉਂਕਿ ਇਸ ਵਿੱਚ ਪਾਲਮੀਟਿਕ ਅਤੇ ਸਟੀਰਿਕ ਐਸਿਡ ਘੱਟ ਹੁੰਦਾ ਹੈ ਅਤੇ ਓਲੀਕ ਐਸਿਡ, ਲਨਿੋਲੀਕ ਐਸਿਡ ਅਤੇ ਲਨਿੋਲੇਨਿਕ ਐਸਿਡ ਦਾ ਪੱਧਰ ਦਰਮਿਆਨਾ ਹੋਣ ਦੇ ਨਾਲ ਨਾਲ ਓਮੇਗਾ 6 :ਓਮੇਗਾ 3 ਦਾ ਅਨੁਪਾਤ 2:1 ਹੁੰਦਾ ਹੈ। ਕੈਨੋਲਾ ਤੇਲ ਦਾ ਸਮੋਕਿੰਗ ਪੁਆਇੰਟ 220-255.67 ਡਿਗਰੀ ਸੈਲਸੀਅਸ ਹੁੰਦਾ ਹੈ ਜਿਸ ਕਰ ਕੇ ਇਸ ਨੂੰ ਉੱਚ ਤਾਪਮਾਨ ’ਤੇ ਬਣਨ ਵਾਲੇ ਖਾਣੇ ਬਣਾਉਣ ਲਈ ਠੀਕ ਮੰਨਿਆ ਜਾਂਦਾ ਹੈ।
ਗੋਭੀ ਸਰ੍ਹੋਂ ਅਤੇ ਸਰ੍ਹੋਂ ਦੇ ਬੀਜਾਂ ਤੋਂ ਤੇਲ ਕੱਢਣ ਤੋਂ ਬਾਅਦ ਬਚੇ-ਖੁਚੇ ਪਦਾਰਥ ‘ਖਲ’ ਜੋ ਕਿ ਖਣਿਜਾਂ, ਵਿਟਾਮਨਿਾਂ, ਅਤੇ ਉੱਚ-ਗੁਣਵੱਤਾ ਵਾਲੇ ਪ੍ਰੋਟੀਨ (35-40 ਫ਼ੀਸਦੀ) ਨਾਲ ਭਰਪੂਰ ਹੁੰਦੀ ਹੈ, ਪਸ਼ੂਆਂ, ਸੂਰਾਂ, ਮੁਰਗੀਆਂ ਅਤੇ ਮੱਛੀਆਂ ਦੀ ਖ਼ੁਰਾਕ ਲਈ ਢੁਕਵੀਂ ਹੁੰਦੀ ਹੈ। ਗੋਭੀ ਸਰ੍ਹੋਂ ਦੀਆਂ ਕਿਸਮਾਂ ਵਿੱਚ ਗਲੂਕੋਸੀਨੋਲੇਟਸ ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਇਸ ਨੂੰ ਵਧੀਆ ਨਹੀਂ ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੀ ਖ਼ਪਤ ਨਾਲ ਜਾਨਵਰਾਂ ਦੀ ਆਇਓਡੀਨ ਪਾਚਕ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ ਇਹ ਥਾਇਰਾਇਡ ਅਤੇ ਹੋਰ ਗੋਇਟ੍ਰੋਜਨਿਕ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਕੈਨੋਲਾ ਗੁਣਵੱਤਾ ਗੋਭੀ ਸਰ੍ਹੋਂ ਦੀਆਂ ਕਿਸਮਾਂ ਦੀ ਖਲ ਵਿੱਚ ਗਲੂਕੋਸੀਨੋਲੇਟ ਦੀ ਮਾਤਰਾ 30 ਮਾਈਕ੍ਰੋਮੋਲ ਪ੍ਰਤੀ ਗ੍ਰਾਮ ਤੋਂ ਵੀ ਘੱਟ ਹੁੰਦੀ ਹੈ ਜਿਸ ਕਰ ਕੇ ਪਸ਼ੂਆਂ ਵਿੱਚ ਥਾਇਰਾਇਡ-ਸਬੰਧਤ ਅਲਾਮਤਾਂ ਦੇ ਖ਼ਤਰੇ ਤੋਂ ਬਿਨਾ ਵਰਤਿਆ ਜਾ ਸਕਦਾ ਹੈ।
ਸੋ, ਕੈਨੋਲਾ ਤੇਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੈਨੋਲਾ ਦੀਆਂ ਗੁਣਵੱਤਾ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਰਾਇਆ ਦੀ RLC 3 ਅਤੇ RCH 1 (ਹਾਈਬ੍ਰਿਡ) ਅਤੇ GSC 6 ਅਤੇ GSC 7 (ਕਿਸਮਾਂ), GSH 1707 (ਹਾਈਬ੍ਰਿਡ) ਗੋਭੀ ਸਰ੍ਹੋਂ ਸ਼ਾਮਲ ਹਨ। ਉਪਰੋਕਤ ਕਿਸਮਾਂ ਅਤੇ ਹਾਈਬ੍ਰਿਡਾਂ ਤੋਂ ਪੈਦਾ ਹੋਏ ਤੇਲ ਦੀ ਗੁਣਵੱਤਾ ਕੈਨੇਡਾ ਵਰਗੇ ਉੱਨਤ ਦੇਸ਼ਾਂ ਤੋਂ ਆਯਾਤ ਕੀਤੇ ਗਏ ਕੈਨੋਲਾ ਤੇਲ ਵਰਗੀ ਹੀ ਹੁੰਦੀ ਹੈ। ਇਸ ਲਈ ਕਿਸਾਨਾਂ ਨੂੰ ਆਪਣੀ ਫਸਲ ਦੇ ਚੰਗੇ ਉਤਪਾਦਨ ਅਤੇ ਵਧੇਰੇ ਮੁਨਾਫ਼ੇ ਲਈ, ਖ਼ਪਤਕਾਰਾਂ ਲਈ ਉੱਚ ਗੁਣਵੱਤਾ ਤੇਲ ਦੀ ਉਪਲੱਬਧਤਾ ਲਈ ਅਤੇ ਪਸ਼ੂਆਂ ਲਈ ਉੱਚ ਗੁਣਵੱਤਾ ਵਾਲੀ ਖਲ ਬਣਾਉਣ ਲਈ ਕੈਨੋਲਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ।
*ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ।

Advertisement
Advertisement
Author Image

sanam grng

View all posts

Advertisement