ਗੰਨੇ ਦੀ ਬਕਾਇਆ ਰਕਮ ਤੁਰੰਤ ਜਾਰੀ ਕੀਤੀ ਜਾਵੇ: ਜੱਲਾ
ਪੱਤਰ ਪ੍ਰੇਰਕ
ਅਮਲੋਹ, 17 ਫਰਵਰੀ
ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਦਵਿੰਦਰ ਸਿੰਘ ਜੱਲਾ ਨੇ ਦੱਸਿਆ ਕਿ ਖੰਡ ਮਿੱਲ ਅਮਲੋਹ ਵੱਲੋਂ ਪਿਛਲੇ 60 ਦਿਨਾਂ ਤੋਂ ਕਿਸਾਨਾਂ ਦਾ ਗੰਨਾ ਖ਼ਰੀਦ ਕੇ ਉਨ੍ਹਾਂ ਨੂੰ 335 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਗਈ ਹੈ ਜਦੋਂਕਿ ਪੰਜਾਬ ਸਰਕਾਰ ਵਲੋਂ 391 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਨਿਸ਼ਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਾਕੀ 55 ਰੁਪਏ 50 ਪੈਸੇ ਪ੍ਰਤੀ ਕੁਇੰਟਲ ਦੀ ਰਕਮ ਪੰਜਾਬ ਸਰਕਾਰ ਵਲੋਂ ਹੁਣ ਤੱਕ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਇਸ ਕਾਰਨ ਕਿਸਾਨਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹਿਤੇਸ਼ੀ ਕਹਾਉਣ ਵਾਲੀ ਸਰਕਾਰ ਦਾ ਅਸਲ ਚਿਹਰਾ ਇਸ ਨਾਲ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਮਾਰ ਕਾਰਨ ਕਿਸਾਨਾਂ ਦੀਆਂ ਪਹਿਲਾ ਹੀ 3 ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਜਿਸ ਦੀ ਵੀ ਹੁਣ ਤੱਕ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਗੰਨੇ ਦੀ ਬਕਾਇਆ ਰਕਮ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬਕਾਇਆ ਰਕਮ ਤੁਰੰਤ ਜਾਰੀ ਨਾ ਕੀਤੀ ਗਈ ਤਾਂ ਸੰਘਰਸ਼ ਕਮੇਟੀ ਸਰਕਾਰ ਖ਼ਿਲਾਫ਼ ਸੰਘਰਸ਼ ਲਈ ਮਜਬੂਰ ਹੋਵੇਗੀ।