ਮਾਨਸਾ ਵਿਚ ਸੀਵਰੇਜ ਤੋਂ ਅੱਕੇ ਲੋਕਾਂ ਵੱਲੋਂ ਮੋਮਬੱਤੀ ਮਾਰਚ
ਜੋਗਿੰਦਰ ਸਿੰਘ ਮਾਨ
ਮਾਨਸਾ, 15 ਮਈ
ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵੁਆਇਸ ਆਫ ਮਾਨਸਾ ਵੱਲੋਂ ਅਣਮਿਥੇ ਸਮੇਂ ਲਈ ਲਾਇਆ ਹੋਇਆ ਧਰਨਾ ਅਤੇ ਲੜੀਵਾਰ ਭੁੱਖ ਹੜਤਾਲ ਅੱਜ 15ਵੇਂ ਦਿਨ ਵੀ ਜਾਰੀ ਰਹੀ। ਧਰਨਾਕਾਰੀਆਂ ਨੇ ਦੇਰ ਸ਼ਾਮ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਜਿਸ ਦੌਰਾਨ ਚਿਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਦੀਆਂ ਸੀਵਰੇਜ ਦੀ ਸਮੱਸਿਆ ਹੱਲ ਨਾ ਕੀਤੀ ਤਾਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਰੋਜ਼ਾਨਾ ਦੀ ਤਰ੍ਹਾਂ ਭੁੱਖ ਹੜਤਾਲ ਉਪਰ ਬ੍ਰਿਜ ਲਾਲ ਗੋਠਵਾਲ, ਭਗਵਾਨ ਸਿੰਘ, ਰੇਸ਼ਮ ਸਿੰਘ, ਰਤਨ ਲਾਲ ਅਤੇ ਲਾਭ ਸਿੰਘ ਬੈਠੇ।
ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀਆਂ ਗਲੀਆਂ ਵਿੱਚ ਫੈਲ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਖਤਰਾ ਦਿਨੋ-ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੀਵਰੇਜ ਦੇ ਗੰਦੇ ਪਾਣੀ ਦੇ ਮੁਹੱਲਿਆਂ ਵਿੱਚ ਖੜ੍ਹੇ ਹੋਣ ਕਾਰਨ ਬੁਜ਼ਰਗਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਦੇ ਉਪ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਹੋਣ ਦੇ ਬਾਵਜੂਦ ਅਜੇ ਤੱਕ ਇਸ ਧਰਨੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਮਰਨ ਵਰਤ ਵਰਗੇ ਫੈਸਲੇ ਲੈਣ ਲਈ ਅੰਦੋਲਨਕਾਰੀਆਂ ਨੂੰ ਮਜਬੂਰ ਹੋਣਾ ਪੈ ਰਿਹਾ ਹੈ।