ਏਡਿਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਮੋਮਬੱਤੀ ਮਾਰਚ
ਸਤਵਿੰਦਰ ਬਸਰਾ
ਲੁਧਿਆਣਾ, 28 ਅਕਤੂਬਰ
ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਦੀ ਵਾਅਦਾਖ਼ਿਲਾਫ਼ੀ ਦੇ ਵਿਰੋਧ ਵਿੱਚ ਸੜਕਾਂ ’ਤੇ ਆ ਕੇ ਸੰਘਰਸ਼ ਸ਼ੁਰੂ ਕਰ ਦਿੱਤਾ ਜਿਸ ਤਹਿਤ ਅੱਜ ਲੁਧਿਆਣਾ ਵਿੱਚ 22 ਏਡਿਡ ਕਾਲਜਾਂ ਦੇ ਅਧਿਆਪਕਾਂ ਵੱਲੋਂ ਮੋਮਬੱਤੀ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਦੋ ਪੀਰੀਅਡਾਂ ਦੇ ਸਮੇਂ ਦੌਰਾਨ ਧਰਨਾ ਦਿੱਤਾ ਗਿਆ ਸੀ, ਫਿਰ 4 ਅਕਤੂਬਰ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਗਏ ਸਨ। ਇਹ ਮੋਮਬੱਤੀ ਮਾਰਚ ਗੁਰੂ ਨਾਨਕ ਦੇਵ ਭਵਨ ਤੋਂ ਸ਼ੁਰੂ ਹੋਇਆ ਜੋ ਭਾਰਤ ਨਗਰ ਚੌਕ ਤੱਕ ਕੱਢਿਆ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਜਾਣਬੁੱਝ ਕੇ ਅੱਖਾਂ ਮੀਟੀ ਬੈਠੀ ਹੈ। ਉਨ੍ਹਾਂ ਕਿਹਾ ਕਿ 5 ਸਤੰਬਰ 2022 ਨੂੰ ਭਗਵੰਤ ਸਿੰਘ ਮਾਨ ਵੱਲੋਂ 7ਵਾਂ ਪੇਅ ਸਕੇਲ ਲਾਗੂ ਕੀਤਾ ਗਿਆ ਸੀ ਜੋ ਅੱਜ ਤੱਕ ਕਾਲਜਾਂ ਵਿੱਚ ਲਾਗੂ ਨਹੀਂ ਹੋ ਸਕਿਆ। ਸਾਲਾਂ ਤੋਂ ਡੀਪੀਆਈ ਦਫ਼ਤਰ ਵਿੱਚ ਕਾਲਜਾਂ ਦੀਆਂ ਫਾਈਲਾਂ ਪਈਆਂ ਹਨ। ਜ਼ਿਲ੍ਹਾ ਸਕੱਤਰ ਡਾ. ਸੁੰਦਰ ਸਿੰਘ ਨੇ ਕਿਹਾ ਕਿ ਡੀਪੀਆਈ ਦਫ਼ਤਰ ਵਲੋਂ 31 ਅਗਸਤ 2024 ਤੱਕ ਪੇਅ ਫਿਕਸੇਸ਼ਨ ਦੀਆਂ ਫਾਈਲਾਂ ਕਲੀਅਰ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਹਮੇਸ਼ਾ ਦੀ ਤਰ੍ਹਾਂ ਲਾਰਾ ਹੀ ਨਿਕਲਿਆ। ਪੰਜਾਬ ਯੂਨੀਵਰਸਿਟੀ ਏਰੀਆ ਸਕੱਤਰ ਡਾ. ਰਮਨ ਸ਼ਰਮਾ ਨੇ ਕਿਹਾ ਕਿ ਸਾਲ 2009 ਵਿੱਚ ਛੇਵੇਂ ਪੇਅ ਸਕੇਲ ਦੀ ਗਰਾਂਟ ਸਰਕਾਰ ਵੱਲੋਂ ਪਹਿਲਾਂ ਹੀ ਵਧਾ ਕੇ ਜਾਰੀ ਕੀਤੀ ਗਈ ਸੀ, ਉਸੇ ਤਰਾਂ ਸਰਕਾਰ 7ਵੇਂ ਪੇਅ ਸਕੇਲ ਅਨੁਸਾਰ ਗਰਾਂਟ ਵਧਾ ਕੇ ਜਾਰੀ ਕਰੇ। ਡਾ. ਰੋਹਿਤ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਏਡਿਡ ਕਾਲਜਾਂ ਵਿੱਚ ਅਨ-ਏਡਿਡ ਪੋਸਟਾਂ ਨੂੰ ਏਡਿਡ ਪੋਸਟਾਂ ਵਿੱਚ ਕਨਵਰਟ ਕੀਤਾ ਜਾਵੇ ਤਾਂ ਜੋ ਕਾਲਜਾਂ ਤੇ ਵਿੱਤੀ ਬੋਝ ਘੱਟ ਹੋਵੇ ਅਤੇ ਅਸਾਮੀਆਂ ਵੀ ਪੂਰੀਆਂ ਹੋ ਸਕਣ। ਡਾ. ਵਰੁਣ ਗੋਇਲ ਨੇ ਕਿਹਾ ਕਿ ਹਾਈ ਕੋਰਟ ਦੇ ਆਦੇਸ਼ਾਂ ’ਤੇ ਏਡਿਡ ਕਾਲਜਾਂ ਵਿੱਚ 1925 ਪੋਸਟਾਂ ਦੀ ਭਰਤੀ ਕੀਤੀ ਗਈ, ਪਰ ਪੰਜਾਬ ਸਰਕਾਰ ਵੱਲੋਂ ਚਲਾਕੀ ਨਾਲ ਪੋਸਟਾਂ ਦੀ ਗਰਾਂਟ 95 ਫ਼ੀਸਦੀ ਤੋਂ ਘਟਾ ਕੇ 75 ਫ਼ੀਸਦੀ ਕਰ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਇਹ ਗਰਾਂਟ ਪਹਿਲਾਂ ਵਾਂਗ 95 ਫ਼ੀਸਦੀ ਕੀਤੀ ਜਾਵੇ ਅਤੇ 1925 ਪੋਸਟਾਂ ਵਿੱਚੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਨਾ ਹੋਣ ’ਤੇ 6 ਨਵੰਬਰ ਨੂੰ ਡੀ ਪੀ ਆਈ ਦੇ ਮੁਹਾਲੀ ਦਫ਼ਤਰ ਵਿੱਚ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।