ਅਧਿਆਪਕਾਂ ਵੱਲੋਂ ਬਰਨਾਲਾ ਵਿੱਚ ਮੋਮਬੱਤੀ ਮਾਰਚ
ਰਵਿੰਦਰ ਰਵੀ
ਬਰਨਾਲਾ 24 ਅਕਤੂਬਰ
ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਮੰਨਵਾਉਣ ਦੇ ਲਈ ਸੰਗਰੂਰ ਦੇ ਡੀਸੀ ਦਫਤਰ ਦੇ ਅੱਗੇ ਪਿਛਲੇ 53 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ ਦੇ ਨਾਲ-ਨਾਲ ਵੱਖ-ਵੱਖ ਸੰਘਰਸ਼ੀ ਐਕਸ਼ਨ ਉਲੀਕੇ ਜਾ ਰਹੇ ਹਨ ਪਰ ਹਾਲੇ ਤੱਕ ਸਰਕਾਰ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਇਸੇ ਤਹਿਤ ਸੂਬੇ ਭਰ ਤੋਂ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਬਾਜ਼ਾਰਾਂ ਵਿਚ ਮੋਮਬੱਤੀ ਮਾਰਚ ਕੀਤਾ ਅਤੇ ਆਪਣੀਆਂ ਜਾਇਜ਼ ਮੰਗਾਂ ਲਈ ਆਵਾਜ਼ ਬੁਲੰਦ ਕੀਤੀ। ਕੰਪਿਊਟਰ ਅਧਿਆਪਕਾਂ ਵੱਲੋਂ 3 ਨਵੰਬਰ ਨੂੰ ਮੁੜ ਗਿੱਦੜਬਾਹਾ ਵਿੱਚ ਸੂਬਾ ਪੱਧਰੀ ਐਕਸ਼ਨ ਕਰਨ ਦਾ ਵੀ ਐਲਾਨ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਨੇ ਬਰਨਾਲਾ ਰੇਲਵੇ ਸਟੇਸ਼ਨ ਦੇ ਕੋਲ ਇਕੱਠੇ ਹੁੰਦੇ ਹੋਏ ਸਭ ਤੋਂ ਪਹਿਲਾਂ ਸ਼ਹਿਰ ਦੇ ਵੱਖ-ਵੱਖ ਚੌਕਾਂ ਅਤੇ ਬਾਜ਼ਾਰਾਂ ਵਿੱਚ ਮੋਮਬੱਤੀ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕੰਪਿਊਟਰ ਅਧਿਆਪਕਾਂ ਵੱਲੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੋਨੀ ਸਿੰਗਲਾ, ਸਿਕੰਦਰ ਸਿੰਘ, ਪ੍ਰਦੀਪ ਕੁਮਾਰ, ਜਗਦੀਪ ਸਿੰਘ, ਵਿਪੁਲ ਕੁਮਾਰ, ਹਰਭਗਵਾਨ ਸਿੰਘ, ਈਸ਼ਰ ਸਿੰਘ, ਪਰਮਵੀਰ ਸਿੰਘ ਪੰਮੀ, ਨਰਦੀਪ ਸ਼ਰਮਾ ਨੇ ਕਿਹਾ ਕਿ ਸਰਕਾਰ ’ਤੇ ਲਾਰੇ ਲੱਪੇ ਲਾਕੇ ਡੰਗ ਟੱਪਾ ਰਹੀ ਹੈ।
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਰੈਲੀ ਕਰਨ ਦਾ ਐਲਾਨ
ਬਰਨਾਲਾ (ਪਰਸ਼ੋਤਮ ਬੱਲੀ): ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਪੱਧਰੀ ਆਨ ਲਾਈਨ ਮੀਟਿੰਗ ਜਸਵੀਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ। ਕਮੇਟੀ ਨੇ ਪੰਜਾਬ ਸਰਕਾਰ ਦੇ ਲਾਰਾ ਲਾਊ ਰਵੱਈਏ ਖ਼ਿਲਾਫ਼ ਸੂਬਾ ਪੱਧਰੀ ਐਕਸ਼ਨਾਂ ਦਾ ਪ੍ਰੋਗਰਾਮ ਐਲਾਨ ਦਿੱਤਾ ਹੈ। ਉਲੀਕੇ ਪ੍ਰੋਗਰਾਮ ਅਨੁਸਾਰ 27 ਅਕਤੂਬਰ ਨੂੰ ਚਾਰੇ ਜ਼ਿਮਨੀ ਚੋਣ ਹਲਕਿਆਂ ਚੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਗਿੱਦੜਬਾਹਾ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਸੰਘਰਸ਼ ਕਮੇਟੀ ਆਗੂ ਗੁਲਾਬ ਸਿੰਘ, ਨਿਰਮਲ ਸਿੰਘ ਤੇ ਪਰਮਿੰਦਰ ਸਿੰਘ ਰੁਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੰਨ 2022 ਦੀ 18 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਜੋ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਜਾਣਗੇ ਉਨ੍ਹਾਂ ਦਾ ਕਾਲੀਆਂ ਝੰਡੀਆਂ ਨਾਲ ਜ਼ਿਲ੍ਹਾ ਪੱਧਰ ‘ਤੇ ਸਵਾਗਤ ਕੀਤਾ ਜਾਵੇਗਾ। ਦੱਸਿਆ ਕਿ 27 ਅਕਤੂਬਰ ਨੂੰ ਬਰਨਾਲਾ ਵਿਖੇ ਕਚਿਹਰੀ ਚੌਕ ਤੋਂ ਡੀਸੀ ਦਫ਼ਤਰ ਤੱਕ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਬਰਨਾਲਾ, ਮੋਗਾ ਲੁਧਿਆਣਾ, ਪਟਿਆਲਾ, ਸੰਗਰੂਰ, ਮਾਨਸਾ, ਫਤਿਹਗੜ੍ਹ ਸਾਹਿਬ ਤੇ ਮਾਲੇਰਕੋਟਲਾ ਜ਼ਿਲ੍ਹੇ ਸ਼ਾਮਲ ਹੋ ਰਹੇ ਹਨ।