ਕੋਲਕਾਤਾ ਕਾਂਡ ਖ਼ਿਲਾਫ਼ ਮੋਮਬੱਤੀ ਮਾਰਚ
ਪਰਸ਼ੋਤਮ ਬੱਲੀ
ਬਰਨਾਲਾ, 21 ਅਗਸਤ
ਜਮਹੂਰੀ ਅਧਿਕਾਰ ਸਭਾ ਬਰਨਾਲਾ ਦੇ ਸੱਦੇ ’ਤੇ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਸਿਵਲ ਹਸਪਤਾਲ ਬਰਨਾਲਾ ਦੇ ਸਟਾਫ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੋਹ-ਭਰਪੂਰ ਮੋਮਬੱਤੀ ਮਾਰਚ ਕਰਕੇ ਕੋਲਕਾਤਾ ਕਾਂਡ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਹਰ ਵਰਗ ਦੀਆਂ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸਿਵਲ ਹਸਪਤਾਲ ਦੇ ਪਾਰਕ ਵਿਚ ਕੀਤੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਬਰਨਾਲਾ ਦੀਆਂ ਸਰਗਰਮ ਔਰਤ ਕਾਰਕੁਨਾਂ ਪਰਮਜੀਤ ਕੌਰ ਜੋਧਪੁਰ, ਪ੍ਰੇਮਪਾਲ ਕੌਰ,ਕਮਲਜੀਤ ਕੌਰ ਪੱਤੀ, ਸਿਹਤ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾਕਟਰ ਜਸਵੀਰ ਸਿੰਘ ਔਲਖ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਸੋਹਣ ਸਿੰਘ ਮਾਝੀ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰੈਣ ਦੱਤ, ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਮੈਡੀਕਲ ਸਟਾਫ ਸਮੇਤ ਸਮੂਹ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ
ਇਸ ਮੌਕੇ ਰਮਨਦੀਪ ਸਿੰਗਲਾ, ਚਰਨਜੀਤ ਕੌਰ ਅਤੇ ਵਿਦਿਆਰਥੀ ਆਗੂ ਆਕਿਰਤੀ ਕੌਸ਼ਲ ਨੇ ਵੀ ਸੰਬੋਧਨ ਕੀਤਾ।
ਕੋਲਕਾਤਾ ਕਾਂਡ: ਰੂਰਲ ਸੈਂਟਰ ਕਾਉਣੀ ਵਿੱਚ ਰੋਸ ਰੈਲੀ
ਸ੍ਰੀ ਮੁਕਤਸਰ ਸਾਹਿਬ (ਗੁਰਸੇਵਸਕ ਸਿੰਘ ਪ੍ਰੀਤ): ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿੱਚ ਕੋਲਕਾਤਾ ਕਾਂਡ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਅਤੇ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਰੋਸ ਰੈਲੀ ਕਰਨ ਉਪਰੰਤ ਕਾਲਜ ਦੇ ਗੇਟ ਤੱਕ ਮੁਜ਼ਾਹਰਾ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਨੌਨਿਹਾਲ ਸਿੰਘ ਅਤੇ ਕਾਲਜ ਵਿਦਿਆਰਥਣ ਬਬੀਤਾ ਨੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਮਹਿਲਾਵਾਂ ਦੀ ਇਸ ਸਥਿਤੀ ਲਈ ਔਰਤ ਵਿਰੋਧੀ ਮਾਨਸਿਕਤਾ ਜ਼ਿੰਮੇਵਾਰ ਹੈ ਉੱਥੇ ਹੀ ਸਾਡੇ ਦੇਸ਼ ਦੇ ਸਿਆਸਤਦਾਨ ਵੀ ਜ਼ਿੰਮੇਵਾਰ ਹਨ ਜੋ ਇਨ੍ਹਾਂ ਅਪਰਾਧੀਆਂ ਦੇ ਪੱਖ ਪੂਰਦੇ ਹਨ, ਦੇਸ਼ ਦੀਆਂ ਪਹਿਲਵਾਨਾਂ ਦਾ ਅੰਦੋਲਨ ਇਸ ਦੀ ਪ੍ਰਤੱਖ ਮਿਸਾਲ ਹੈ। ਇਸ ਮੌਕੇ ਮੰਚ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਸਥਾਈ ਅਸਤੀਫੇ ਦੀ ਮੰਗ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਨੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਵੱਲੋਂ ਕੀਤੀ ਜਾਵੇ ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਰਮਨਦੀਪ ਸਿੰਘ, ਅਮਨਦੀਪ ਕੌਰ, ਗੁਰਜੀਤ ਕੌਰ, ਮਨਪ੍ਰੀਤ ਕੌਰ, ਮੁਹੱਬਤਦੀਪ ਸਿੰਘ ਆਦਿ ਵਿਦਿਆਰਥੀ ਸ਼ਾਮਲ ਸਨ।