ਚੰਡੀਗੜ੍ਹ ਦੇ ਸਨਅਤਕਾਰਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਮੋਮਬੱਤੀ ਮਾਰਚ
ਆਤਿਸ਼ ਗੁਪਤਾ
ਚੰਡੀਗੜ੍ਹ, 23 ਸਤੰਬਰ
ਯੂਟੀ ਪ੍ਰਸ਼ਾਸਨ ਵੱਲੋਂ ਇੰਡਸਟਰੀਅਲ ਏਰੀਆ ਦੇ ਸਨਅਤਕਾਰਾਂ ਨੂੰ ਕੱਢੇ ਜਾਂਦੇ ਨੋਟਿਸਾਂ ਵਿਰੁੱਧ ਚੰਡੀਗੜ੍ਹ ਦੇ ਸਨਅਤਕਾਰਾਂ ਤੇ ਵਪਾਰੀਆਂ ਨੇ ਕੈਡਲ ਮਾਰਚ ਕੀਤਾ ਗਿਆ। ਇਹ ਮਾਰਡ ਇੰਡਸਟਰੀਅਲ ਏਰੀਆ ਫੇਜ਼-2 ਤੋਂ ਸ਼ੁਰੂ ਹੋ ਕੇ ਟ੍ਰਿਬਿਊਨ ਚੌਕ ਤੱਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇੰਡਸਟਰੀਅਲ ਏਰੀਆ ਦੇ ਵਪਾਰੀਆਂ ਨੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਆਪਣੇ ਯੂਨਿਟ ਸ਼ਾਮ ਨੂੰ 6 ਵਜੇ ਬੰਦ ਕਰਕੇ ਇਲਾਕੇ ਵਿੱਚ ਬਲੈਕਆਉਟ ਕਰ ਦਿੱਤਾ।
ਵਪਾਰੀ ਏਕਤਾ ਮੰਚ ਦੇ ਅਸ਼ੋਕ ਤਿਵਾਰੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਪਾਰੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਪਹਿਲਾਂ ਪ੍ਰਸ਼ਾਸਨ ਦੇ ਵਧੀਕ ਡਿਪਟੀ ਕਮਿਸ਼ਨਰ ਨੇ ਸਨਅਤਕਾਰਾਂ ਦੀ ਮੀਟਿੰਗ ਰਾਜਪਾਲ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਸੀ, ਪਰ ਉਹ ਮੀਟਿੰਗ ਵੀ ਨਹੀਂ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ, ਉੱਦੋਂ ਤੱਕ ਇਹ ਪ੍ਰਦਰਸ਼ਨ ਰੋਜ਼ਾਨਾ ਸ਼ਾਮ ਨੂੰ ਚੱਲਦਾ ਰਹੇਗਾ। ਵਪਾਰੀ ਏਕਤਾ ਮੰਚ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਅਗਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਦੇ ਨੋਟਿਸ ਵਾਪਸ ਨਹੀਂ ਲਏ ਜਾਂਦੇ ਤਾਂ ਉਹ ਰਾਜਭਵਨ ਅੱਗੇ ਭੁੱਖ ਹੜਤਾਲ ’ਤੇ ਬੈਠ ਜਾਣਗੇ। ਇਸ ਮੌਕੇ ਯੋਗੇਸ਼ ਕਪੂਰ, ਦੀਪਕ ਸ਼ਰਮਾ, ਰਿਸ਼ਭ ਅਤੇ ਭਾਜਪਾ ਦੇ ਅਵੀ ਭਸੀਨ ਸਣੇ ਵੱਡੀ ਗਿਣਤੀ ਵਿੱਚ ਵਪਾਰੀ ਮੌਜੂਦ ਰਹੇ।