ਚੋਣ ਪ੍ਰਚਾਰ ਲਈ ਸ਼ਹਿਰੀ ਇਲਾਕਿਆਂ ਵੱਲ ਹੋਏ ਉਮੀਦਵਾਰ
ਪੱਤਰ ਪ੍ਰੇਰਕ
ਫਰੀਦਾਬਾਦ, 15 ਮਈ
ਲੋਕ ਸਭਾ ਚੋਣਾਂ 2024 ਦੌਰਾਨ ਫਰੀਦਾਬਾਦ ਲੋਕ ਸਭਾ ਸੀਟ ਉੱਪਰ ਬਹੁ ਬਹੁਤ ਕੋਣੀ ਮੁਕਾਬਲਾ ਹੋ ਰਿਹਾ ਹੈ। ਵੱਖ ਵੱਖ ਉਮੀਦਵਾਰਾਂ ਨੇ ਪੇਂਡੂ ਖੇਤਰਾਂ ਦੇ ਦੌਰੇ ਕਰਨ ਤੋਂ ਮਗਰੋਂ ਹੁਣ ਸ਼ਹਿਰੀ ਇਲਾਕਿਆਂ ਵੱਲ ਰੁੱਖ ਕੀਤਾ ਹੈ। ਬੀਤੇ ਦੋ ਦਿਨਾਂ ਤੋਂ ਸ਼ਹਿਰੀ ਇਲਾਕੇ ਵਿੱਚ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਦਫ਼ਤਰ ਖੋਲ੍ਹ ਲਏ ਹਨ ਤੇ ਉਨ੍ਹਾਂ ਦੇ ਪ੍ਰਚਾਰ ਲਈ ਛੋਟੇ ਟੈਂਪੂਆਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀਆਂ ਹਦਾਇਤਾਂ ਮੁਤਾਬਕ ਮੁਤਾਬਿਕ ਉਮੀਦਵਾਰਾਂ ਵੱਲੋਂ ਚੋਣ ਖਰਚਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਚੋਣ ਪ੍ਰਚਾਰ ’ਤੇ ਸੋਚ-ਸਮਝ ਕੇ ਖਰਚਾ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਚੌਧਰੀ ਮਹਿੰਦਰ ਪ੍ਰਤਾਪ ਸਿੰਘ ਵੱਲੋਂ ਸ਼ਹਿਰੀ ਇਲਾਕੇ ਐਨਆਈਟੀ ਨੰਬਰ ਇਕ ਬਲਭਗੜ੍ਹ ਸ਼ਹਿਰ, ਪਲਵਲ ਤੇ ਪੁਰਾਣਾ ਫਰੀਦਾਬਾਦ ਦੇ ਸ਼ਹਿਰੀ ਇਲਾਕਿਆਂ ਅਤੇ ਸੈਕਟਰਾਂ ਦੇ ਲੋਕਾਂ ਨਾਲ ਸੰਪਰਕ ਬਣਾਇਆ। ਇਸੇ ਤਰ੍ਹਾਂ ਜੇਜੇਪੀ ਦੇ ਉਮੀਦਵਾਰ ਵੱਲੋਂ ਵੀ ਸ਼ਹਿਰੀ ਖੇਤਰਾਂ ਵਿੱਚ ਲੋਕ ਵੋਟਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਵੱਲੋਂ ਸ਼ਹਿਰ ਦੀਆਂ ਉਹ ਕਲੋਨੀਆਂ ਵੱਲ ਦੌਰੇ ਕਰ ਰਹੇ ਹਨ ਜੋ ਪਹਿਲਾਂ ਅਣ-ਅਧਿਕਾਰਤ ਸਨ ਤੇ ਭਾਜਪਾ ਸਰਕਾਰ ਵੇਲੇ ਪੱਕੀਆਂ ਹੋਈਆਂ ਸਨ। ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਸਥਾਨਕ ਮੁੱਦਿਆਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਾਂਗਰਸੀ ਉਮੀਦਵਾਰ ਮਹਿੰਦਰ ਪ੍ਰਤਾਪ ਵੱਲੋਂ ਸ਼ਹਿਰ ਵਿੱਚ ਪਾਣੀ ਦੀ ਸਮੱਸਿਆ, ਪਾਰਕਿੰਗ ਤੇ ਸਨਅਤੀ ਖੇਤਰ ਦੀ ਮਾੜੀ ਹਾਲਤ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਉਮੀਦਵਾਰ ਵੱਲੋਂ ਪ੍ਰਧਾਨ ਮੰਤਰੀ ਦੇ ਕਾਰਜਾਂ ਉੱਪਰ ਹੀ ਬਹੁਤੀ ਕਰਕੇ ਟੇਕ ਰੱਖੀ ਜਾ ਰਹੀ ਹੈ।