ਉਮੀਦਵਾਰਾਂ ਨੇ ਪ੍ਰਚਾਰ ਦੇ ਆਖ਼ਰੀ ਐਤਵਾਰ ਦਾ ਲਿਆ ਲਾਹਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਐਤਵਾਰ ਦੀ ਛੁੱਟੀ ਦਾ ਲਾਹਾ ਲੈਂਦੇ ਹੋਏ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ। ਉਮੀਦਵਾਰਾਂ ਨੇ ਮੁਹੱਲਿਆਂ ਦੇ ਲੋਕਾਂ ਨਾਲ ਸੰਪਰਕ ਬਣਾਇਆ ਅਤੇ ਆਪਣੀ ਪਾਰਟੀ ਦੇ ਚੋਣ ਪ੍ਰੋਗਰਾਮ ਬਾਰੇ ਦੱਸਿਆ। ਦਿੱਲੀ ਦੇ ਬਹੁਤੇ ਖੇਤਰ ਭੀੜ ਭੜੱਕੇ ਵਾਲੇ ਹਨ ਅਤੇ ਕੁਝ ਕਿਲੋਮੀਟਰ ਦੇ ਦਾਇਰੇ ਤੱਕ ਹੀ ਸੀਮਤ ਹੋਣ ਕਰਕੇ ਉਮੀਦਵਾਰਾਂ ਨੂੰ ਘਰ-ਘਰ ਜਾ ਕੇ ਗਲੀ ਗਲੀ ਘੁੰਮ ਕੇ ਵੋਟਰਾਂ ਨਾਲ ਮਿਲਣਾ ਸੌਖਾ ਹੁੰਦਾ ਹੈ, ਹਾਲਾਂਕਿ ਬਾਹਰੀ ਦਿੱਲੀ ਦੇ ਕਈ ਵਿਧਾਨ ਸਭਾ ਖੇਤਰਾਂ ਵਿੱਚ ਉਮੀਦਵਾਰਾਂ ਨੂੰ ਪੇਂਡੂ ਇਲਾਕਿਆਂ ਵਿੱਚ ਦੂਰ-ਦੂਰ ਤੱਕ ਜਾਣਾ ਪੈਂਦਾ ਹੈ। ਖਾਸ ਕਰਕੇ ਬਾਹਰੀ ਦਿੱਲੀ ਦੇ ਇਲਾਕਿਆਂ ਵਿੱਚ ਉਮੀਦਵਾਰਾਂ ਲਈ ਚੋਣ ਪ੍ਰਚਾਰ ਮਹਿੰਗਾ ਸਾਬਤ ਹੁੰਦਾ ਹੈ।
ਉਮੀਦਵਾਰਾਂ ਨੇ ਐਤਵਾਰ ਦੇ ਮੱਦੇਨਜ਼ਰ ਅੱਜ ਵੱਡੇ ਪ੍ਰੋਗਰਾਮ ਰੱਖੇ ਸਨ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁੱਖ ਆਗੂਆਂ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਆਗੂ ਮਨੀਸ਼ ਸਿਸੋਦੀਆ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸੇ ਤਰ੍ਹਾਂ ਭਾਜਪਾ ਦੇ ਦੋ ਦਿੱਗਜ਼ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਵਿੱਚ ਰੈਲੀਆਂ ਅਤੇ ਰੋਡ ਸ਼ੋਆਂ ਦਾ ਦੌਰ ਬੀਤੇ ਦਿਨਾਂ ਤੋਂ ਮਘਾਇਆ ਹੋਇਆ ਹੈ। ਕਾਂਗਰਸ ਵੱਲੋਂ ਵੀ ਸੂਬਾ ਪ੍ਰਧਾਨ ਦਵਿੰਦਰ ਕੁਮਾਰ ਅਤੇ ਉਮੀਦਵਾਰ ਮੈਦਾਨ ਵਿੱਚ ਡਟੇ ਹੋਣ ਦਾ ਅਹਿਸਾਸ ਕਰਵਾਉਣ ਲਈ ਜਦੋਜਹਿਦ ਕਰ ਰਹੇ ਹਨ। ਦਿੱਲੀ ਦੇ ਇਲਾਕਿਆਂ ਵਿੱਚ ਜਾਂ ਕਲੋਨੀਆਂ ਦੇ ਅੰਦਰ ਥਾਂ ਥਾਂ ਵੱਖ ਵੱਖ ਪਾਰਟੀਆਂ ਦੇ ਝੰਡੇ ਮਕਾਨਾਂ ਉੱਪਰ ਲੱਗੇ ਹੋਏ ਦੇਖੇ ਜਾ ਸਕਦੇ ਹਨ। ਬੈਨਰ ਪੋਸਟਰ ਬਣਾਉਣ ਵਾਲੇ ਵੀ ਅੱਜ ਕੱਲ੍ਹ ਦਿਨ ਰਾਤ ਕੰਮ ਕਰਨ ਲੱਗੇ ਹੋਏ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਕਮਾਈ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪ੍ਰਚਾਰ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨੇ ਸੇਧੇ। ਜ਼ਿਕਰਯੋਗ ਹੈ ਕਿ ਰਾਜਧਾਨੀ ਵਿੱਚ ਪੰਜ ਫਰਵਰੀ ਨੂੰ ਵੋਟਾਂ ਪੈਣੀਆਂ ਹਨ।
ਮਜ਼ਦੂਰਾਂ ਦੀਆਂ ਲੱਗੀਆਂ ਮੌਜਾਂ
ਭੀੜ ਦੇ ਪ੍ਰਬੰਧ ਕਰਨ ਵਾਲੇ ਲੋਕਾਂ ਦੀ ਅੱਜ ਕੱਲ੍ਹ ਚੰਗੀ ਆਮਦਨ ਹੋ ਰਹੀ ਹੈ। ਲੇਬਰ ਚੌਕਾਂ ਉੱਪਰ ਅੱਜ ਕੱਲ੍ਹ ਮਜ਼ਦੂਰ ਨਹੀਂ ਮਿਲ ਰਹੇ ਕਿਉਂਕਿ ਉਨ੍ਹਾਂ ਨੂੰ ਰੈਲੀਆਂ ਲਈ ਭੀੜ ਇਕੱਠੀ ਕਰਨ ਖਾਤਰ ਕਥਿਤ ਠੇਕੇਦਾਰ ਸਵੇਰੇ ਹੀ ਰੈਲੀਆਂ ਵਾਲੀਆਂ ਥਾਵਾਂ ਉੱਪਰ ਪਹੁੰਚਦਾ ਕਰ ਦਿੰਦੇ ਹਨ। ਦਿੱਲੀ ਦੇ ਉਨ੍ਹਾਂ ਪਾਰਕਾਂ ਵਿੱਚ ਵੀ ਅੱਜ ਕੱਲ੍ਹ ਲੋਕ ਦਿਖਾਈ ਨਹੀਂ ਦਿੰਦੇ ਜਿੱਥੇ ਅਕਸਰ ਹੀ ਵਿਹਲੜਾਂ ਦੀਆਂ ਢਾਣੀਆਂ ਲੱਗੀਆਂ ਰਹਿੰਦੀਆਂ ਸਨ।