For the best experience, open
https://m.punjabitribuneonline.com
on your mobile browser.
Advertisement

ਉਮੀਦਵਾਰਾਂ ਨੇ ਪਰਿਵਾਰ ਨਾਲ ਬਿਤਾਏ ਫੁਰਸਤ ਦੇ ਪਲ

09:15 AM Jun 03, 2024 IST
ਉਮੀਦਵਾਰਾਂ ਨੇ ਪਰਿਵਾਰ ਨਾਲ ਬਿਤਾਏ ਫੁਰਸਤ ਦੇ ਪਲ
ਜਲੰਧਰ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਮਹਿੰਦਰ ਸਿੰਘ ਕੇਪੀ। -ਫੋਟੋ:ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 2 ਜੂਨ
ਲੋਕ ਸਭਾ ਚੋਣਾਂ ਲਈ ਮਤਦਾਨ ਤੋਂ ਬਾਅਦ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਮਾਂ ਬਿਤਾਇਆ। ਜਲੰਧਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਨੇ ਦੱਸਿਆ ਕਿ ਅੱਜ ਉਸ ਨੇ ਦੋ ਮਹੀਨਿਆਂ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਬੈਠ ਕੇ ਸਵੇਰ ਦੇ ਰੋਟੀ ਖਾਧੀ ਹੈ। ਜਦਕਿ ਚੋਣਾਂ ਦੌਰਾਨ ਉਹ ਕਾਰ ਅਤੇ ਵਰਕਰਾਂ ਨਾਲ ਹੀ ਤਿੰਨੋ ਸਮੇਂ ਦੀ ਰੋਟੀ ਖਾਂਦੇ ਹਨ।

Advertisement

ਜਲੰਧਰ ਵਿੱਚ ਆਪਣੇ ਪੁੱਤਰ ਤੇ ਪਤਨੀ ਨਾਲ ਸੁਸ਼ੀਲ ਕੁਮਾਰ ਰਿੰਕੂ। -ਫੋਟੋ: ਸਰਬਜੀਤ ਸਿੰਘ

ਟੀਨੂ ਨੇ ਅੱਜ ਵਰਕਰਾਂ ਨਾਲ ਵੀ ਮੀਟਿੰਗ ਕੀਤੀ। ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਵਰਕਰਾਂ ਅਤੇ ਸ਼ੀਤਲ ਅੰਗੂਰਾਲ ਨਾਲ ਮੀਟਿੰਗ ਕੀਤੀ ਤੇ ਚੋਣ ਸੰਬਧੀ ਵਿਚਾਰ ਕੀਤੇ। ਉਨ੍ਹਾਂ ਕਿਹਾ ਕਿ ਅੱਜ ਸਾਰਾ ਦਿਨ ਪਰਿਵਾਰ ਨਾਲ ਬਤੀਤ ਕੀਤਾ ਤੇ ਆਪਣੇ ਲੜਕੇ ਨਾਲ ਮੋਟਰਸਾਈਕਲ ’ਤੇ ਬਾਹਰ ਗਏ। ਉਨ੍ਹਾਂ ਕਿਹਾ ਚੋਣਾਂ ਤੋਂ ਪਹਿਲਾ ਤੋਂ ਚੋਣ ਪ੍ਰਚਾਰ ਵਿਚ ਹੋਣ ਕਾਰਨ ਦੇਰ ਰਾਤ ਘਰ ਆਉਂਦੇ ਸਨ ਤੇ ਸਵੇਰੇ ਹੀ ਘਰੋਂ ਚੋਣ ਪ੍ਰਚਾਰ ਲਈ ਹਲਕੇ ਵਿਚ ਚਲੇ ਜਾਂਦੇ ਸਨ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਵਾਸੀਆਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਅੱਜ ਸਾਰਾ ਦਿਨ ਬੂਥ ਵਰਕਰਾਂ ਅਤੇ ਕਾਂਗਰਸੀ ਆਗੂਆਂ ਨਾਲ ਮੀਟਿੰਗਾਂ ਕੀਤੀ ਤੇ ਆਰਾਮ ਕੀਤਾ। ਪਵਨ ਕੁਮਾਰ ਟੀਨੂ, ਸੁਸ਼ੀਲ ਕੁਮਾਰ ਰਿੰਕੂ ਅਤੇ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਹੈ।

ਅੰਮ੍ਰਿਤਸਰ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ ਜੇਤੂ ਨਿਸ਼ਾਨ ਬਣਾਉਂਦੇ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ। -ਫੋਟੋ: ਵਿਸ਼ਾਲ ਕੁਮਾਰ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਇੱਥੇ ਵੱਖ-ਵੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਅੱਜ ਦਾ ਦਿਨ ਪਰਿਵਾਰ ਨਾਲ ਬਤੀਤ ਕੀਤਾ। ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪ੍ਰਚਾਰ ਅਤੇ ਮਤਦਾਨ ਤੋਂ ਵੇਲੇ ਹੋ ਕੇ ਅੱਜ ਕੁਝ ਸਮਾਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਬਿਤਾਇਆ। ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਪਹਿਲਾਂ ਵਾਂਗ ਹੀ ਸਾਢੇ ਪੰਜ ਵਜੇ ਉੱਠ ਗਏ ਸਨ ਤੇ ਅੱਜ ਕੁਝ ਆਰਾਮ ਮਹਿਸੂਸ ਕੀਤਾ। ਇਸ ਦੌਰਾਨ ਐਗਜ਼ਿਟ ਪੋਲ ਬਾਰੇ ਚਰਚਾ ਨੂੰ ਰੱਦ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਬਹੁਮਤ ਮਿਲੇਗਾ ਅਤੇ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਅੱਜ ਦਾ ਦਿਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਬਿਤਾਇਆ। ਉਨ੍ਹਾਂ ਦੇ ਕੁਝ ਪਰਿਵਾਰਕ ਮਿੱਤਰ ਅਤੇ ਹੋਰ ਵੀ ਘਰ ਮਿਲਣ ਵਾਸਤੇ ਪੁੱਜੇ ਹੋਏ ਸਨ। ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਪਹਿਲਾਂ ਵਾਂਗ ਹੀ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਕੋਲੋਂ ਚੋਣਾਂ ਸਬੰਧੀ ਪ੍ਰਤੀਕਿਰਿਆ ਵੀ ਹਾਸਲ ਕੀਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਚੋਣ ਪ੍ਰਚਾਰ ਦੇ ਦਿਨਾਂ ਨਾਲੋਂ ਕੁਝ ਰਾਹਤ ਮਹਿਸੂਸ ਕੀਤੀ ਹੈ।
ਤਰਨ ਤਾਰਨ (ਗੁਰਬਖਸ਼ਪੁਰੀ): ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰਾਂ ਨੇ ਲੰਮਾ ਸਮਾਂ ਚੋਣ ਪ੍ਰਚਾਰ ਕਰਨ ਮਗਰੋਂ ਅੱਜ ਫੁਰਸਤ ਦੇ ਪਲਾਂ ਦਾ ਆਨੰਦ ਮਾਣਿਆ| ਇਨ੍ਹਾਂ ’ਚੋਂ ਕੋਈ ਦੇਰੀ ਨਾਲ ਜਾਗਿਆ ਤੇ ਕਿਸੇ ਨੇ ਗੁਰੂ ਘਰ ਜਾ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਜ਼ਿਕਰਯੋਗ ਹੈ ਕਿ ਇਸ ਹਲਕੇ ਤੋਂ ਕੁੱਲ 27 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿੱਚੋਂ ਮੁੱਖ ਮੁਕਾਬਲਾ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ, ਕਾਂਗਰਸ ਪਾਰਟੀ ਦੇ ਕੁਲਬੀਰ ਸਿੰਘ ਜ਼ੀਰਾ ਅਤੇ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦਰਮਿਆਨ ਮੰਨਿਆ ਜਾ ਰਿਹਾ ਹੈ। ਉਂਜ ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਅਤੇ ਭਾਜਪਾ ਦੇ ਮਨਜੀਤ ਸਿੰਘ ਮੰਨਾ ਨੂੰ ਵੀ ਪ੍ਰਭਾਵਸ਼ਾਲੀ ਉਮੀਦਵਾਰਾਂ ਦੇ ਤੌਰ ’ਤੇ ਸਮਝਿਆ ਜਾ ਰਿਹਾ| ਅੰਮ੍ਰਿਤਪਾਲ ਸਿੰਘ ਖੁਦ ਤਾਂ ਡਿਬਰੂਗੜ੍ਹ (ਆਸਾਮ) ਦੀ ਜੇਲ੍ਹ ਵਿਚ ਹੋਣ ਕਰਕੇ ਉਸ ਦੀ ਚੋਣ ਮੁਹਿੰਮ ਦੀ ਕਮਾਂਡ ਉਸ ਦੇ ਮਾਤਾ-ਪਿਤਾ, ਚਾਚਾ ਆਦਿ ਤੋਂ ਇਲਾਵਾ ਉਸ ਦੇ ‘ਆਪ’ ਮੁਹਾਰੇ ਬਣੇ ਸਮਰਥਕਾਂ ਨੇ ਸੰਭਾਲੀ ਹੋਈ ਸੀ| ਵੋਟਾਂ ਪੈਣ ਦੇ ਅਮਲ ਤੋਂ ਬਾਅਦ ਕਈ ਉਮੀਦਵਾਰਾਂ ਨਾਲ ਰਾਬਤਾ ਕਰਨਾ ਮੁਸ਼ਕਿਲ ਬਣਿਆ ਰਿਹਾ| ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਉਹ ਆਮ-ਵਾਂਗਰਾ ਸਵੇਰੇ ਪੰਜ ਵਜੇ ਉੱਠੇ ਅਤੇ ਇਸ਼ਨਾਨ ਵਗੈਰਾ ਕਰਕੇ ਨਿਤਨੇਮ ਕਰਨ ਉਪਰੰਤ ਪਰਿਵਾਰ ਸਮੇਤ ਗੁਰਦੁਆਰਾ ਮੱਥਾ ਟੇਕਣ ਲਈ ਗਏ| ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਵੋਟਾਂ ਦੀ ਗਿਣਤੀ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ| ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਉਹ ਸਵੇਰ ਦੇ 7 ਵਜੇ ਤੋਂ ਪਾਰਟੀ ਵਰਕਰਾਂ ਨੂੰ ਮਿਲਣ ਲੱਗ ਗਏ ਸਨ ਅਤੇ ਇਹ ਸਿਲਸਿਲਾ ਦਿਨ ਭਰ ਜਾਰੀ ਰਿਹਾ| ਜਿੱਤ ਬਾਰੇ ਉਨ੍ਹਾਂ ਕਿਹਾ ਕਿ ਵਾਹਿਗੁਰੂ ਕਿਰਪਾ ਕਰਨਗੇ| ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਉਹ ਕਾਫੀ ਦੇਰ ਨਾਲ ਜਾਗੇ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ| ਇਸ ਦੇ ਨਾਲ ਆਮ ਆਦਮੀ ਪਾਰਟੀ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਅਤੇ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਤੇ ਹੋਰਨਾਂ ਨਾਲ ਰਾਬਤਾ ਕਾਇਮ ਨਹੀਂ ਕੀਤਾ ਜਾ ਸਕਿਆ|

Advertisement
Author Image

Advertisement
Advertisement
×