ਨਤੀਜੇ ਤੋਂ ਪਹਿਲਾਂ ਉਮੀਦਵਾਰ ਧਾਰਮਿਕ ਸਥਾਨਾਂ ’ਤੇ ਪਹੁੰਚੇ
ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਚਾਰ ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਉਮੀਦਵਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਵਰਕਰਾਂ ਦੀਆਂ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ। ਹਰ ਕੋਈ ਆਪਣੇ ਉਮੀਦਵਾਰ ਦੀ ਜਿੱਤ ਲਈ ਅਰਦਾਸ ਕਰ ਰਿਹਾ ਹੈ। ਜਿੱਤ ਪ੍ਰਤੀ ਹਰ ਉਮੀਦਵਾਰ ਪੂਰੀ ਤਰ੍ਹਾਂ ਆਸਵੰਦ ਹੈ। ਮੰਗਲਵਾਰ ਨੂੰ ਹੀ ਪਤਾ ਲੱਗੇਗਾ ਕਿ ਕਿਸ ਉਮੀਦਵਾਰ ਦੇ ਹੱਕ ’ਚ ਲੁਧਿਆਣਾ ਵਾਸੀਆਂ ਨੇ ਫਤਵਾ ਦਿੱਤਾ ਹੈ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਅੱਜ ਉਮੀਦਵਾਰਾਂ ਨੇ ਪਰਮਾਤਮਾ ਦੇ ਦਰ ’ਤੇ ਪੁੱਜ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕੋਈ ਮੰਦਰ ਗਿਆ ਤੇ ਕੋਈ ਗੁਰਦੁਆਰੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੂਜੇ ਦਿਨ ਵੀ ਲੁਧਿਆਣਾ ’ਚ ਹੀ ਰਹੇ। ਰਾਜਾ ਵੜਿੰਗ ਨੇ ਸੋਮਵਾਰ ਦੀ ਸਵੇਰੇ ਪਤਨੀ ਅੰਮ੍ਰਿਤਾ ਵੜਿੰਗ ਨਾਲ ਗੁਰਦੁਆਰੇ ਜਾ ਕੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਦੋਵਾਂ ਨੇ ਕੁਝ ਸਮਾਂ ਪਾਠ ਸਰਵਣ ਕੀਤਾ, ਮਗਰੋਂ ਦੋਵੇਂ ਉੱਥੋਂ ਨਿਕਲ ਗਏ। ਫੇਰ ਉਨ੍ਹਾਂ ਵਰਕਰਾਂ ਨਾਲ ਮੁਲਾਕਾਤ ਕਰਕੇ ਗਿਣਤੀ ਵਾਲੇ ਦਿਨ ਦੀ ਯੋਜਨਾ ਉਲੀਕੀ।
ਉਧਰ, ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੀ ਮਾਡਲ ਟਾਊਨ ਸਥਿਤ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਮੱਥਾ ਟੇਕਣ ਪੁੱਜੇ। ਉਹ ਕੁਝ ਸਮਾਂ ਗੁਰਬਾਣੀ ਸਰਵਣ ਕਰਨ ਤੋਂ ਬਾਅਦ ਲੋਕਾਂ ਨਾਲ ਮੁਲਾਕਾਤ ਕਰਨ ਲਈ ਨਿਕਲ ਗਏ। ਮਗਰੋਂ ਬਿੱਟੂ ਦੁੱਗਰੀ ਸਥਿਤ ਭਾਜਪਾ ਦਫ਼ਤਰ ਪੁੱਜੇ। ਉੱਥੇ ਉਨ੍ਹਾਂ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ। ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਸ਼ਾਹਪੁਰ ਰੋਡ ਸਥਿਤ ਸ੍ਰੀ ਬਾਲਾ ਜੀ ਮੰਦਰ ਪੁੱਜੇ ਤੇ ਪਰਿਵਾਰ ਨਾਲ ਮੰਦਰ ਵਿੱਚ ਨਤਮਸਤਕ ਹੋਏ। ਉਧਰ, ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਵੀ ਗੁਰਦੁਆਰੇ ਮੱਥਾ ਟੇਕਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਜਿੱਤ ਲਈ ਅਖੰਡ ਪਾਠ ਵੀ ਸ਼ੁਰੂ ਕਰਵਾਏ ਗਏ ਹਨ। ਇਸ ਦੌਰਾਨ ਸਮੂਹ ਅਕਾਲੀ ਦਲ ਦੀ ਲੋਕਲ ਲੀਡਰਸ਼ਿਪ ਇੱਥੇ ਪੁੱਜੀ ਹੋਈ ਸੀ। ਇਸ ਮੌਕੇ ਪਾਰਟੀ ਦੀ ਜਿੱਤ ਲਈ ਅਰਦਾਸ ਵੀ ਕੀਤੀ ਗਈ।