ਪੰਚਾਇਤੀ ਚੋਣਾਂ ’ਚ ਉਮੀਦਵਾਰਾਂ ਨੇ ਲਾਇਆ ਤਾਣ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 13 ਅਕਤੂਬਰ
ਪੰਚਾਇਤ ਚੋਣਾਂ ਲੜ ਰਹੇ ਪੰਚਾਂ-ਸਰਪੰਚਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਪਿੰਡਾਂ ਦੀਆਂ ਗਲੀਆਂ ਅਤੇ ਮਕਾਨਾਂ ਦੀਆਂ ਦੀਵਾਰਾਂ ਉਮੀਦਵਾਰਾਂ ਦੇ ਪਰਚਿਆਂ ਤੇ ਤੇ ਬੈਨਰਾਂ ਨਾਲ ਭਰੀਆਂ ਹੋਈਆਂ ਹਨ। ਉਮੀਦਵਾਰ ਜਿੱਥੇ ਖ਼ੁਦ ਘਰੋ-ਘਰੀ ਜਾ ਕੇ ਵੋਟਾਂ ਲਈ ਤਰਲੇ-ਮਿੰਨਤਾਂ ਕਰ ਰਹੇ ਸਨ। ਉਹ ਵੋਟਰਾਂ ਕੋਲੋਂ ਰਿਸ਼ਤੇਦਾਰੀਆਂ ਤੇ ਸਾਕ ਸਬੰਧੀਆਂ ਤੋਂ ਵੀ ਦਬਾਅ ਪੁਆ ਰਹੇ ਹਨ।
ਜ਼ਿਆਦਾਤਰ ਪਿੰਡਾਂ ਵਿੱਚ ਉਮੀਦਵਾਰਾਂ ਵੱਲੋਂ ਪੂਰਾ ਖ਼ਰਚਾ ਕੀਤਾ ਜਾ ਰਿਹਾ ਹੈ। ਘਰਾਂ ਵਿੱਚ ਠੰਢਿਆਂ ਦੀ ਬੋਤਲਾਂ, ਮਠਿਆਈਆਂ ਦੇ ਡੱਬੇ, ਪਿਜ਼ੇ-ਬਰਗਰ ਵੀ ਵੰਡੇ ਜਾ ਰਹੇ ਹਨ। ਕਈ ਥਾਈਂ ਸ਼ਰਾਬ ਵੀ ਵੰਡੀ ਜਾ ਰਹੀ ਹੈ। ਉਮੀਦਵਾਰਾਂ ਵੱਲੋਂ ਵੱਡੇ-ਵੱਡੇ ਇਕੱਠ ਕਰ ਕੇ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਕਈ ਪਿੰਡਾਂ ਵਿੱਚ ਇਸ ਵਾਰ ਵੱਡੀ ਗਿਣਤੀ ਵਿੱਚ ਨੌਜਵਾਨ ਪੰਚੀ-ਸਰਪੰਚੀ ਦੀ ਚੋਣ ਲੜ ਰਹੇ ਹਨ। ਕਿਤੇ-ਕਿਤੇ ਪੁਰਾਣੇ ਸਰਪੰਚ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਚੋਣ ਮੈਦਾਨ ਵਿੱਚ ਹਨ।
ਉਮੀਦਵਾਰ ਪਿੰਡਾਂ ਦੇ ਵਸਨੀਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਰਹੇ ਹਨ। ਜ਼ਿਆਦਾਤਰ ਅਜਿਹੇ ਵਾਅਦੇ ਵੀ ਕਰ ਰਹੇ ਹਨ, ਜਿਹੜੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਵੀ ਨਹੀਂ ਆਉਂਦੇ। ਬਹੁਤ ਸਾਰੇ ਉਮੀਦਵਾਰ ਪਿੰਡਾਂ ਵਿੱਚ ਕਾਲਜ ਬਣਾਉਣ, ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦੇ ਵਾਅਦੇ ਵੀ ਕਰ ਰਹੇ ਹਨ।
ਉਮੀਦਵਾਰ ਹੀ ਦੇਣਗੇ ਵੋਟਰ ਪਰਚੀਆਂ
ਲੋਕ ਸਭਾ ਅਤੇ ਵਿਧਾਨ ਸਭਾ ਵਾਂਗ ਪੰਚਾਇਤ ਚੋਣਾਂ ਵਿੱਚ ਵੋਟਰਾਂ ਨੂੰ ਵੋਟਰ ਨੰਬਰ ਵਾਲੀਆਂ ਪਰਚੀਆਂ ਬੀਐਲਓਜ਼ ਵੱਲੋਂ ਮੁਹੱਈਆ ਨਹੀਂ ਕਰਾਈਆਂ ਜਾਣਗੀਆਂ। ਉਮੀਦਵਾਰਾਂ ਨੂੰ ਖ਼ੁਦ ਹੀ ਪੋਲਿੰਗ ਬੂਥ ਲਗਾ ਕੇ ਜਾਂ ਫਿਰ ਘਰ-ਘਰ ਜਾ ਕੇ ਵੋਟਰ ਪਰਚੀਆਂ ਕੱਟ ਕੇ ਵੋਟਰਾਂ ਨੂੰ ਦੇਣੀਆਂ ਪੈਣਗੀਆਂ।