For the best experience, open
https://m.punjabitribuneonline.com
on your mobile browser.
Advertisement

ਵੋਟਾਂ ਤੋਂ ਪਹਿਲਾਂ ਉਮੀਦਵਾਰ ਧਰਮਿਕ ਸਥਾਨਾਂ ’ਤੇ ਨਤਮਸਤਕ

09:53 AM Jun 01, 2024 IST
ਵੋਟਾਂ ਤੋਂ ਪਹਿਲਾਂ ਉਮੀਦਵਾਰ ਧਰਮਿਕ ਸਥਾਨਾਂ ’ਤੇ ਨਤਮਸਤਕ
ਦਰਬਾਰ ਸਾਹਿਬ ਵਿਖੇ ਅਰਦਾਸ ਕਰਦੇ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ। -ਫੋਟੋ: ਵਿਸ਼ਾਲ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 31 ਮਈ
ਭਲਕੇ ਪਹਿਲੀ ਜੂਨ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੱਖ-ਵੱਖ ਧਰਮ ਸਥਾਨਾਂ ’ਤੇ ਜਾ ਕੇ ਸਫਲਤਾ ਲਈ ਅਰਦਾਸ ਕੀਤੀ ਹੈ ਤੇ ਆਸ਼ੀਰਵਾਦ ਲਿਆ ਹੈ।
ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੜਕੇ ਹਰਿਮੰਦਰ ਸਾਹਿਬ ਪੁੱਜੇ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਆਪਣੀ ਸਫ਼ਲਤਾ ਲਈ ਆਸ਼ੀਰਵਾਦ ਲਿਆ। ਉਨ੍ਹਾਂ ਅਕਾਲ ਤਖ਼ਤ ਵਿਖੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਤਾ ਗੱਦੀ ਦਿਵਸ ਸਬੰਧੀ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਨਤਮਸਤਕ ਹੋ ਕੇ ਅੰਮ੍ਰਿਤਸਰ ਦੇ ਵਿਕਾਸ, ਤਰੱਕੀ, ਖੁਸ਼ਹਾਲੀ ਅਤੇ ਭਾਈਚਾਰਕ ਸਾਂਝ ਦੀ ਕਾਮਨਾ ਕੀਤੀ ਹੈ। ਉਹ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵੀ ਗਏ, ਜੋ ਉਨ੍ਹਾਂ ਦੇ ਦਾਦਾ ਜੀ ਦੇ ਨਾਂ ’ਤੇ ਸਥਾਪਿਤ ਹੈ। ਇਸ ਮਗਰੋਂ ਉਹ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਵੀ ਗਏ। ਉਨ੍ਹਾਂ ਇੱਥੇ ਜੋੜਾ ਘਰ ਵਿੱਚ ਸੰਗਤ ਦੇ ਜੋੜੇ ਝਾੜਨ ਦੀ ਸੇਵਾ ਵੀ ਕੀਤੀ। ਉਨ੍ਹਾਂ ਅਰਦਾਸ ਕੀਤੀ ਕਿ ਉਹ ਪਰਿਵਾਰ ਦੇ ਨਕਸ਼ੇ ਕਦਮਾਂ ’ਤੇ ਚਲਦੇ ਹੋਏ ਲੋਕਾਂ ਦੀ ਸੇਵਾ ਕਰ ਸਕਣ।
ਇਸ ਦੌਰਾਨ ‘ਆਪ’ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਵਚਨਬੱਧ ਹਨ। ਉਨ੍ਹਾਂ ਦੱਸਿਆ ਕਿ 78 ਦਿਨ ਦੇ ਆਪਣੇ ਚੋਣ ਪ੍ਰਚਾਰ ਦੌਰਾਨ ਲਗਪਗ 460 ਮੀਟਿੰਗਾਂ ਸ਼ਹਿਰੀ ਅਤੇ ਦਿਹਾਤੀ ਖੇਤਰ ਵਿੱਚ ਕੀਤੀਆਂ ਹਨ।
ਇਸੇ ਤਰ੍ਹਾਂ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਅੱਜ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਝਬਾਲ ਰੋਡ ਸਥਿਤ ਸ੍ਰੀ ਰਵਿਦਾਸ ਜੀ ਕੁਸ਼ਟ ਆਸ਼ਰਮ ਵਿੱਚ ਗਏ, ਜਿੱਥੇ ਉਨ੍ਹਾਂ ਸ਼ਿਵਾਲਾ ਮੰਦਰ ਵਿੱਚ ਮੱਥਾ ਟੇਕਿਆ ਅਤੇ ਸਫਲਤਾ ਲਈ ਅਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਗੁਰੂ ਨਗਰੀ ਦੀ ਸੇਵਾ ਕਰ ਰਹੇ ਹਨ ਅਤੇ ਇਸ ਵਾਰ ਵੀ ਲੋਕ ਉਸ ਤੇ ਵਿਸ਼ਵਾਸ ਪ੍ਰਗਟ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ ਵੀ ਮੰਦਰ ਵਿਚ ਮੱਥਾ ਟੇਕਿਆ ਅਤੇ ਸਫਲਤਾ ਦੀ ਪ੍ਰਾਥਨਾ ਕੀਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×