For the best experience, open
https://m.punjabitribuneonline.com
on your mobile browser.
Advertisement

ਲੇਟ ਪੁੱਜੇ ਉਮੀਦਵਾਰ ਪ੍ਰੀਖਿਆ ਕੇਂਦਰਾਂ ’ਚ ਜਾਣ ਤੋਂ ਰੋਕੇ

07:08 AM Jun 23, 2024 IST
ਲੇਟ ਪੁੱਜੇ ਉਮੀਦਵਾਰ ਪ੍ਰੀਖਿਆ ਕੇਂਦਰਾਂ ’ਚ ਜਾਣ ਤੋਂ ਰੋਕੇ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਜੂਨ
ਇੱਥੋਂ ਦੇ ਸਰਕਾਰੀ ਸਕੂਲਾਂ ਵਿਚ 303 ਟੀਜੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਸ ਲਈ ਅਗਲੇ ਚਾਰ ਦਿਨ ਪ੍ਰੀਖਿਆ ਲਈ ਜਾਵੇਗੀ। ਅੱਜ ਯੂਟੀ ਦੇ ਕਈ ਕੇਂਦਰਾਂ ਵਿਚ ਪਹਿਲੇ ਦਿਨ ਪ੍ਰੀਖਿਆ ਦੇਣ ਪੁੱਜੇ ਕਈ ਪ੍ਰੀਖਿਆਰਥੀ ਕੁਝ ਮਿੰਟ ਲੇਟ ਪੁੱਜੇ ਜਿਨ੍ਹਾਂ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਦੌਰਾਨ ਗੁੱਸੇ ਵਿਚ ਆਏ ਪ੍ਰੀਖਿਆਰਥੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਨਾਅਰੇਬਾਜ਼ੀ ਕੀਤੀ। ਇਹ ਪਤਾ ਲੱਗਿਆ ਹੈ ਕਿ ਸੈਕਟਰ-28 ਤੇ 36 ਦੇ ਕੇਂਦਰਾਂ ਵਿਚ ਪ੍ਰੀਖਿਆਰਥੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਖੂਬ ਹੰਗਾਮਾ ਕੀਤਾ। ਇਹ ਵੀ ਪਤਾ ਲੱਗਿਆ ਹੈ ਕਿ ਦੇਰ ਸ਼ਾਮ ਦਾਖਲਾ ਕੇਂਦਰ ਜਾਣ ਤੋਂ ਰੋਕੇ ਕਈ ਪ੍ਰੀਖਿਆਰਥੀਆਂ ਨੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਸ਼ਿਕਾਇਤ ਕੀਤੀ ਹੈ। ਅੱਜ ਪਹਿਲੇ ਦਿਨ 45347 ’ਚੋਂ 27442 ਪ੍ਰੀਖਿਆਰਥੀ ਪ੍ਰੀਖਿਆ ਦੇਣ ਲਈ ਪੁੱਜੇ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ 85 ਕੇਂਦਰਾਂ ’ਤੇ ਟੀਜੀਟੀ ਭਰਤੀ ਦੀ ਪ੍ਰੀਖਿਆ ਲਈ ਗਈ। ਇਹ ਭਰਤੀ ਸਰਕਾਰੀ, ਏਡਿਡ ਤੇ ਪ੍ਰਾਈਵੇਟ ਸਕੂਲਾਂ ਵਿਚ ਲਈ ਗਈ। ਪ੍ਰੀਖਿਆ ਦਾ ਸਮਾਂ ਸਵੇਰੇ ਦਸ ਵਜੇ ਸੀ। ਸਿੱਖਿਆ ਵਿਭਾਗ ਨੇ ਕਿਹਾ ਸੀ ਕਿ ਪ੍ਰੀਖਿਆਰਥੀਆਂ ਦੇ ਦਾਖਲੇ 7.45 ਵਜੇ ਸ਼ੁਰੂ ਹੋ ਜਾਣਗੇ ਤੇ 8.45 ਵਜੇ ਤੋਂ ਬਾਅਦ ਕਿਸੇ ਨੂੰ ਵੀ ਪ੍ਰੀਖਿਆ ਕੇਂਦਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰੀ ਸਕੂਲ ਸੈਕਟਰ-28 ਵਿੱਚ 15 ਪ੍ਰੀਖਿਆਰਥੀਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਸੈਕਟਰ-36 ਦੇ ਪ੍ਰੀਖਿਆ ਕੇਂਦਰ ਵਿਚ ਵੀ 15 ਤੋਂ 20 ਜਣਿਆਂ ਨੂੰ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਕੇਂਦਰ ਵਿਚ ਪ੍ਰੀਖਿਆ ਦੇਣ ਆਈ ਇਕ ਵਿਦਿਆਰਥਣ ਨੇ ਦੱਸਿਆ ਕਿ ਉਹ ਸਵੇਰ 8.45 ’ਤੇ ਕੇਂਦਰ ਪੁੱਜ ਗਈ ਸੀ ਪਰ ਉਸ ਨੂੰ ਬਾਹਰ ਕੱਢ ਦਿੱਤਾ ਗਿਆ।

Advertisement

ਇੱਕ ਮਿੰਟ ਲੇਟ ਹੋਣ ਕਾਰਨ ਪ੍ਰੀਖਿਆ ਕੇਂਦਰ ਵਿਚੋਂ ਬਾਹਰ ਕੱਢਿਆ

ਸਿਰਸਾ ਦੇ ਪ੍ਰੀਖਿਆਰਥੀ ਨੇ ਦੱਸਿਆ ਕਿ ਉਹ ਪ੍ਰੀਖਿਆ ਕੇਂਦਰ ਵਿਚ ਸਿਰਫ ਇਕ ਮਿੰਟ ਲੇਟ ਪੁੱਜਿਆ ਸੀ ਉਹ ਪ੍ਰੀਖਿਆ ਕੇਂਦਰ ਵਿਚ ਦਾਖਲ ਹੋ ਗਿਆ ਪਰ ਉਸ ਨੂੰ ਕਮਰੇ ਵਿਚ ਬਾਹਰ ਕੱਢ ਦਿੱਤਾ ਗਿਆ। ਉਸ ਨੇ ਉਥੇ ਤਾਇਨਾਤ ਸਟਾਫ ਦੇ ਕਈ ਤਰਲੇ ਕੱਢੇ ਪਰ ਉਨ੍ਹਾਂ ਇਕ ਨਾ ਸੁਣੀ। ਇਕ ਹੋਰ ਪ੍ਰੀਖਿਆਰਥੀ ਨੇ ਦੱਸਿਆ ਕਿ ਉਹ ਨਾ ਇਕ ਮਿੰਟ ਲੇਟ ਸੀ ਤੇ ਨਾ ਹੀ ਜਲਦੀ ਸੀ ਬਲਕਿ ਪੂਰੇ ਸਮੇਂ ’ਤੇ ਪੁੱਜਿਆ ਪਰ ਉਸ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ।

Advertisement

ਪ੍ਰੀਖਿਆ ਦੇਣ ਦਾ ਸੀ ਆਖਰੀ ਮੌਕਾ ਪਰ ਲੇਟ ਹੋਣ ਕਾਰਨ ਨਹੀਂ ਮਿਲਿਆ ਦਾਖਲਾ

ਟੀਜੀਟੀ ਦੀ ਪ੍ਰੀਖਿਆ ਦੇਣ ਆਏ ਇਕ ਪ੍ਰੀਖਿਆਰਥੀ ਨੇ ਦੱਸਿਆ ਕਿ ਉਮਰ ਸੀਮਾ ਅਨੁਸਾਰ ਉਹ ਆਖਰੀ ਵਾਰ ਅਧਿਆਪਕ ਭਰਤੀ ਪ੍ਰੀਖਿਆ ਦੇ ਸਕਦਾ ਸੀ। ਉਹ ਪ੍ਰੀਖਿਆ ਕੇਂਦਰ ਵਿਚ ਦਸ ਮਿੰਟ ਲੇਟ ਪੁੱਜਿਆ। ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਉਸ ਦਾ ਭਵਿੱਖ ਤਬਾਹ ਹੋ ਗਿਆ ਹੈ ਤੇ ਉਸ ਦੀ ਕਿਸੇ ਨੇ ਵੀ ਨਾ ਸੁਣੀ। ਇਸ ਤੋਂ ਇਲਾਵਾ ਅੰਬਾਲਾ ਦੇ ਇਕ ਨੌਜਵਾਨ ਦੀ ਪ੍ਰੀਖਿਆ ਕੇਂਦਰ ਵਿਚ ਸੁਪਰਡੈਂਟ ਤੇ ਹੋਰ ਅਮਲੇ ਨਾਲ ਬਹਿਸ ਵੀ ਹੋਈ। ਮਾਮਲਾ ਵਧਦਾ ਦੇਖ ਕੇ ਪੁਲੀਸ ਸੱਦਣੀ ਪਈ ਜਿਸ ਨੇ ਭੀੜ ਨੂੰ ਹਟਾਇਆ।

ਪ੍ਰੀਖਿਆ ਕੇਂਦਰਾਂ ਵਿੱਚ ਦਾਖਲੇ ਬਾਰੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ: ਡਾਇਰੈਕਟਰ

ਡਾਇਰੈਕਟਰ ਸਕੂਲ ਐਜਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਪ੍ਰੀਖਿਆ ਕਰਵਾਉਣ ਬਾਰੇ ਪਹਿਲਾਂ ਹੀ ਸਪਸ਼ਟ ਹਦਾਇਤਾਂ ਸਨ ਕਿ ਲੇਟ ਹੋਣ ਦੀ ਸੂਰਤ ਵਿਚ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਯੂਟੀ ਦੇ ਸਿੱਖਿਆ ਵਿਭਾਗ ਵਲੋਂ ਪੂਰੇ ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਕਰਵਾਈ ਗਈ ਤੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਲੇਟ ਹੋਣ ਦਾ ਕੋਈ ਵੀ ਕਾਰਨ ਹੋਵੇ ਪਰ ਨਿਯਮਾਂ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।

Advertisement
Author Image

Advertisement