ਉਮੀਦਵਾਰਾਂ ਨੇ ਆਪੋ-ਆਪਣੇ ਢੰਗ ਨਾਲ ਲਾਹੀ ਥਕਾਵਟ
ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 2 ਜੂਨ
ਲੋਕ ਸਭਾ ਚੋਣਾਂ ਲਈ ਵੋਟਾਂ ਭਾਵੇਂ ਪੈ ਚੁੱਕੀਆਂ ਹਨ, ਪਰ ਉਮੀਦਵਾਰਾਂ ਅਤੇ ਆਮ ਲੋਕਾਂ ਦਾ ਪੂਰਾ ਧਿਆਨ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ’ਤੇ ਟਿਕਿਆ ਹੋਇਆ ਹੈ। ਪਿਛਲੇ ਕਈ ਦਿਨਾਂ ਦੀਆਂ ਚੋਣ ਗਤੀਵਿਧੀਆਂ ਕਾਰਨ ਹੋਈ ਥਕਾਵਟ ਨੂੰ ਅੱਜ ਲੁਧਿਆਣਾ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ-ਆਪਣੇ ਢੰਗ ਨਾਲ ਦੂਰ ਕੀਤਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਚੋਣਾਂ ਦੇ ਰੁਝੇਵੇਂ ਤੋਂ ਬਾਅਦ ਪੂਰਾ ਦਿਨ ਆਪਣੇ ਪਰਿਵਾਰ ਅਤੇ ਹੋਰ ਸਹਿਯੋਗੀਆਂ ਨਾਲ ਬਿਤਾਇਆ। ਉਨ੍ਹਾਂ ਖਾਣੇ ਸਮੇਂ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ ਤੇ ਹਾਸਾ-ਮਜ਼ਾਕ ਵੀ ਕੀਤਾ। ਇਸੇ ਤਰ੍ਹਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੀ ਅੱਜ ਦਾ ਦਿਨ ਆਪਣੇ ਸਾਥੀਆਂ ਅਤੇ ਪਾਰਟੀ ਵਰਕਰਾਂ ਨੂੰ ਮਿਲ ਕੇ ਬਤੀਤ ਕੀਤਾ। ਉਨ੍ਹਾਂ ਕਿਹਾ ਕਿ ਵੋਟਾਂ ਸਮੇਂ ਵੱਖਰਾ ਮਾਹੌਲ ਹੁੰਦਾ ਹੈ, ਪਰ ਵੋਟਾਂ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਹੋ ਜਾਂਦਾ ਹੈ।
ਰਾਜਾ ਵੜਿੰਗ ਮੈਦਾਨ ਵਿੱਚ ਨਜ਼ਰ ਆਏ
ਲੁਧਿਆਣਾ ਤੋਂ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਦਿਨ ਦੀ ਸ਼ੁਰੂਆਤ ਮੈਦਾਨ ਵਿੱਚ ਕ੍ਰਿਕਟ ਖਿਡਾਰੀਆਂ ਨਾਲ ਖੇਡਾਂ ਸਬੰਧੀ ਗੱਲਾਂ ਕਰ ਕੇ ਕੀਤੀ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਜਿੱਥੇ ਸਾਰਾ ਧਿਆਨ ਮੀਟਿੰਗਾਂ ਅਤੇ ਹੋਰ ਗਤੀਵਿਧੀਆਂ ਵਿੱਚ ਲੱਗਿਆ ਰਹਿੰਦਾ ਹੈ, ਉੱਥੇ ਵੋਟਾਂ ਪੈਣ ਤੋਂ ਬਾਅਦ ਆਪਣੇ ਸਾਥੀਆਂ ਨੂੰ ਮਿਲਣ ਦਾ ਸਕੂਨ ਹੀ ਵੱਖਰਾ ਹੁੰਦਾ ਹੈ।
ਅਨੀਤਾ ਸੋਮ ਪ੍ਰਕਾਸ਼ ਨੇ ਘਰ ਵਿੱਚ ਸਮਾਂ ਬਿਤਾਇਆ
ਫਗਵਾੜਾ (ਜਸਬੀਰ ਸਿੰਘ ਚਾਨਾ): ਹੁਸ਼ਿਆਰਪੁਰ ਲੋਕ ਸਭਾ ਤੋਂ ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਨੇ ਚੋਣਾਂ ਦਾ ਕੰਮ ਖ਼ਤਮ ਹੋਣ ਮਗਰੋਂ ਅੱਜ ਦਾ ਦਿਨ ਆਪਣੇ ਘਰ ’ਚ ਬਿਤਾਇਆ। ਇਸ ਦੌਰਾਨ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਵਰਕਰਾਂ ਨੇ ਆਪੋ-ਆਪਣੇ ਵਾਰਡਾਂ ਦੀ ਕਾਰਗੁਜ਼ਾਰੀ ਦੱਸੀ ਤੇ ਆਸ ਪ੍ਰਗਟਾਈ ਕਿ ਨਤੀਜਾ ਉਨ੍ਹਾਂ ਦੇ ਪੱਖ ਵਿੱਚ ਆ ਸਕਦਾ ਹੈ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਖੇਤਰ ’ਚ ਲੋਕਾਂ ਦਾ ਧੰਨਵਾਦ ਕਰਨ ਲਈ ਗਏ। ਅਨੀਤਾ ਸੋਮ ਪ੍ਰਕਾਸ਼ ਨੇ ਪਾਰਟੀ ਵਰਕਰਾਂ ਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਰੁਝੇਵਿਆਂ ਭਰਿਆ ਰਿਹਾ ਗੁਰਮੀਤ ਖੁੱਡੀਆਂ ਦਾ ਦਿਨ
ਬਠਿੰਡਾ ਤੋਂ ‘ਆਪ’ ਉਮੀਦਵਾਰ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਚੋਣਾਂ ਤੋਂ ਅਗਲਾ ਦਿਨ ਵੀ ਸਰਗਰਮੀਆਂ ਭਰਿਆ ਰਿਹਾ। ਸਵੇਰੇ ਉਹ ਅੱਜ ਤਰਖਾਣਵਾਲਾ ਵਿੱਚ ਰਿਸ਼ਤੇਦਾਰੀ ਵਿੱਚੋਂ ਸਵਰਗਵਾਸ ਹੋਈ ਇੱਕ ਭੈਣ ਦੇ ਸਸਕਾਰ ਵਿੱਚ ਪੁੱਜੇ। ਬਾਅਦ ਦੁਪਹਿਰ ਪਿੰਡ ਖੁੱਡੀਆਂ ਵਿੱਚ ਸਮਰਥਕਾਂ ਤੋਂ ਪਿੰਡ ਵਾਈਜ਼ ਪੋਲ ਹੋਈਆਂ ਵੋਟਾਂ ਦੀਆਂ ਰਿਪੋਰਟਾਂ ਲਈਆਂ ਤੇ ਚੋਣ ਅੰਕੜਿਆਂ ਦੇ ਜੋੜ-ਘਟਾਅ ਨੂੰ ਵਾਚਿਆ। ਇਸ ਤੋਂ ਇਲਾਵਾ ਉਨ੍ਹਾਂ ਵੀ ਪਿੰਡ ਖੁੱਡੀਆਂ ਵਿੱਚ ਘਰੇ ਰਹਿ ਕੇ ਟੈਲੀਵਿਜ਼ਨ ’ਤੇ ਐਗਜ਼ਿਟ ਪੋਲ ’ਤੇ ਨਜ਼ਰ ਰੱਖੀ ਅਤੇ ਚੋਣ ਅੰਕੜਿਆਂ ਬਾਰੇ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ।
ਹਰਸਿਮਰਤ ਕੌਰ ਨੇ ਬੱਚਿਆਂ ਨਾਲ ਬਿਤਾਇਆ ਸਮਾਂ
ਲੰਬੀ (ਇਕਬਾਲ ਸਿੰਘ ਸ਼ਾਂਤ): ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣਾ ਦਿਨ ਪਰਿਵਾਰ ਨਾਲ ਬਿਤਾਇਆ। ਉਹ ਸਾਰਾ ਦਿਨ ਪਿੰਡ ਬਾਦਲ ’ਚ ਆਪਣੀ ਰਿਹਾਇਸ਼ ’ਤੇ ਰਹੇ। ਉਨ੍ਹਾਂ ਦਾ ਦਿਨ ਆਮ ਦਿਨਾਂ ਵਾਂਗ ਨਿੱਤਨੇਮ ਨਾਲ ਸ਼ੁਰੂ ਹੋਇਆ। ਉਨ੍ਹਾਂ ਥਕਾਵਟ ਲਾਹੁਣ ਲਈ ਸਵੇਰ ਸਮੇਂ ਰਿਹਾਇਸ਼ ’ਤੇ ਸੈਰ ਵੀ ਕੀਤੀ। ਫਸਵੀਂ ਚੋਣ ਟੱਕਰ ’ਚ ਲੰਮੇ ਪ੍ਰਚਾਰ ਮਗਰੋਂ ਚੋਣਾਂ ਤੋਂ ਅਗਲਾ ਦਿਨ ਉਨ੍ਹਾਂ ਬੱਚਿਆਂ ਅਤੇ ਪਤੀ ਸੁਖਬੀਰ ਸਿੰਘ ਬਾਦਲ ਨਾਲ ਬਿਤਾ ਕੇ ਥਕਾਨ ਲਾਹੀ। ਇਸ ਵੱਡੇ ਸਿਆਸੀ ਘਰ ਥਕੇਵੇਂ ਭਰੀਆਂ ਚੋਣ ਸਰਗਰਮੀਆਂ ਮਗਰੋਂ ਅੱਜ ਰਾਹਤ ਦੇਣ ਖਾਤਰ 50 ਫ਼ੀਸਦੀ ਘਰੇਲੂ ਸਟਾਫ਼ ਦੀ ਛੁੱਟੀ ਸੀ। ਬੀਬੀ ਬਾਦਲ ਨੇ ਪਰਿਵਾਰ ਨਾਲੋਂ ਵਕਤ ਕੱਢ ਕੇ ਅਕਾਲੀ ਕਾਡਰ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਵੋਟਿੰਗ ਸਬੰਧੀ ਰਿਪੋਰਟਾਂ ਵੀ ਲਈਆਂ। ਵਰਕਰਾਂ ਮੁਤਾਬਕ ਹਰਸਿਮਰਤ ਬਾਦਲ ਬਠਿੰਡਾ ਲੋਕ ਸਭਾ ਤੋਂ ਸੀਟ ਚੌਥੀ ਵਾਰ ਜਿੱਤ ਲਈ ਕਾਫ਼ੀ ਆਸਵੰਦ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਿਹਾਇਸ਼ ’ਤੇ ਪਾਰਟੀ ਵਰਕਰਾਂ ਨਾਲ ਕਈ ਘੰਟੇ ਤੱਕ ਮੁਲਾਕਾਤਾਂ ਕੀਤੀਆਂ।