For the best experience, open
https://m.punjabitribuneonline.com
on your mobile browser.
Advertisement

ਉਮੀਦਵਾਰ ਚੋਣਾਂ ਲਈ ਧਰਮ ਅਸਥਾਨਾਂ ਦਾ ਲੈ ਰਹੇ ਨੇ ਆਸਰਾ

07:40 AM Apr 18, 2024 IST
ਉਮੀਦਵਾਰ ਚੋਣਾਂ ਲਈ ਧਰਮ ਅਸਥਾਨਾਂ ਦਾ ਲੈ ਰਹੇ ਨੇ ਆਸਰਾ
ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ।
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਅਪਰੈਲ
ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਧਾਰਮਿਕ ਰਹੁ-ਰੀਤਾਂ ਵਿੱਚ ਸ਼ਮੂਲੀਅਤ ਅਤੇ ਧਰਮ ਅਸਥਾਨਾਂ ’ਤੇ ਨਤਮਸਤਕ ਹੋਣ ਦਾ ਰੁਝਾਨ ਜਾਰੀ ਹੈ। ਅੰਮ੍ਰਿਤਸਰ ਲੋਕ ਸਭਾ ਲਈ ਚੋਣਾਂ ਲੜ ਰਹੇ ਲਗਪਗ ਸਾਰੀਆਂ ਹੀ ਪ੍ਰਮੁੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਹੋਰ ਵੀ ਕਈ ਧਰਮ ਅਸਥਾਨਾਂ ’ਤੇ ਜਾ ਕੇ ਨਤਮਸਤਕ ਹੋਏ। ਇਸੇ ਤਰ੍ਹਾਂ ਕਈ ਧਾਰਮਿਕ ਰਹੁ-ਰੀਤਾਂ ਅਤੇ ਹੋਰ ਗਤੀਵਿਧੀਆਂ ਵਿੱਚ ਵੀ ਸ਼ਮੂਲੀਅਤ ਕਰ ਰਹੇ ਹਨ।
ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੱਜ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮਗਰੋਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੁੱਜ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕੁਝ ਸਮਾਂ ਆਪਸੀ ਵਿਚਾਰ ਚਰਚਾ ਵੀ ਕੀਤੀ ਪਰ ਇਸ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਮੁਲਾਕਾਤ ਦੌਰਾਨ ਅੰਮ੍ਰਿਤਸਰ ਦੇ ਵਿਕਾਸ ਸਬੰਧੀ ਆਪਣੀਆਂ ਯੋਜਨਾਵਾਂ ਬਾਰੇ ਜਥੇਦਾਰ ਨੂੰ ਜਾਣਕਾਰੀ ਦਿੱਤੀ ਹੈ। ਬਾਅਦ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੱਜ ਇੱਥੇ ਕੋਈ ਵੀ ਰਾਜਸੀ ਗੱਲ ਨਹੀਂ ਕਰਨਗੇ ਸਗੋਂ ਇੱਥੇ ਸਿਰਫ਼ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ।
ਇਸ ਦੌਰਾਨ ਉਨ੍ਹਾਂ ਮਜੀਠ ਮੰਡੀ ਖੇਤਰ ਵਿੱਚ ਰਾਮਨੌਮੀ ਦੇ ਮੌਕੇ ’ਤੇ ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ , ਜਿੱਥੇ ਉਨ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਕਰਵਾਉਣ ਬਾਰੇ ਭਾਜਪਾ ਦੇ ਸੰਕਲਪ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੀ ਅੱਜ ਆਪਣੀ ਪਤਨੀ ਤੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਗੁਰੂ ਘਰ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਬਾਹਰੀ ਚਿਹਰੇ ’ਤੇ ਦਾਅ ਖੇਡਿਆ ਅਤੇ ‘ਆਪ’ ਨੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×